ਕੰਪਿਊਟਰ ਅਧਿਆਪਕਾਂ ਦੀ ਲੜੀਵਾਰ ਭੁੱਖ ਹੜਤਾਲ ਜਾਰੀ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 24 ਅਕਤੂਬਰ
ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਇੱਥੇ ਡੀਸੀ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਲੜੀਵਾਰ ਭੁੱਖ ਹੜਤਾਲ 54ਵੇਂ ਦਿਨ ਵੀ ਜਾਰੀ ਰਹੀ ਅਤੇ ਪੰਜਾਬ ਸਰਕਾਰ ਦੇ ਨਾਂਹ-ਪੱਖੀ ਰਵੱਈਏ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕੰਪਿਊਟਰ ਅਧਿਆਪਕਾਂ ਵੱਲੋਂ ਭਲਕੇ 25 ਅਕਤੂਬਰ ਨੂੰ ਚੱਬੋਵਾਲ ਜ਼ਿਮਨੀ ਚੋਣ ਵਿਚ ਪੰਜਾਬ ਸਰਕਾਰ ਖ਼ਿਲਾਫ਼ ਮਸ਼ਾਲ ਮਾਰਚ ਕੱਢਣ ਦਾ ਐਲਾਨ ਕੀਤਾ ਹੈ ਅਤੇ ਸੂਬਾ ਕਮੇਟੀ ਵੱਲੋਂ ਕੰਪਿਊਟਰ ਅਧਿਆਪਕਾਂ ਨੂੰ ਨਿਸ਼ਚਿਤ ਪ੍ਰੋਗਰਾਮ ਅਨੁਸਾਰ ਮਸ਼ਾਲ ਮਾਰਚ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਅੱਜ ਫਾਜ਼ਿਲਕਾ ਤੋਂ ਕੰਪਿਊਟਰ ਅਧਿਆਪਕ ਗੁਰਪ੍ਰੀਤ ਸਿੰਘ ਸਿੱਧੂ, ਉਨ੍ਹਾਂ ਦੀ ਪਤਨੀ ਰਮਨਪ੍ਰੀਤ ਕੌਰ ਸਿੱਧੂ ਅਤੇ ਰਾਜਿੰਦਰ ਸਿੰਘ ਲੜੀਵਾਰ ਭੁੱਖ ਹੜਤਾਲ ’ਤੇ ਬੈਠੇ। ਇਸ ਮੌਕੇ ਸੂਬਾਈ ਆਗੂ ਜ਼ੋਨੀ ਸਿੰਗਲਾ ਬਠਿੰਡਾ, ਫਾਜ਼ਿਲਕਾ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਸੱਤਿਆ ਸਵਰੂਮ ਅਤੇ ਸੰਗਰੂਰ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਨਰਦੀਪ ਸ਼ਰਮਾ ਨੇ ਕਿਹਾ ਕਿ ਪਿਛਲੇ 54 ਦਿਨਾਂ ਤੋਂ ਕੰਪਿਊਟਰ ਅਧਿਆਪਕਾਂ ਦੀ ਲੜੀਵਾਰ ਭੁੱਖ ਹੜਤਾਲ ਜਾਰੀ ਹੈ। ਉਨ੍ਹਾਂ ਮੰਗ ਕੀਤੀ ਕਿ ਰੈਗੂਲਰ ਆਰਡਰਾਂ ਦੇ ਆਧਾਰ ’ਤੇ ਕੰਪਿਊਟਰ ਅਧਿਆਪਕਾਂ ਨੂੰ ਬਣਦੇ ਸਾਰੇ ਹੱਕ ਤੇ ਲਾਭ ਦਿੱਤੇ ਜਾਣ, ਛੇਵਾਂ ਪੇਅ ਕਮਿਸ਼ਨ ਲਾਗੂ ਕਰਕੇ ਸਿੱਖਿਆ ਵਿਭਾਗ ਵਿਚ ਮਰਜ਼ ਕੀਤਾ ਜਾਵੇ, ਫੌਤ ਹੋ ਚੁੱਕੇ ਕੰਪਿਊਟਰ ਅਧਿਆਪਕਾਂ ਦੇ ਵਾਰਸਾਂ ਨੂੰ ਵਿੱਤੀ ਸਹਾਇਤਾ ਅਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਮੌਕੇ ਜ਼ਿਲ੍ਹਾ ਫਾਜ਼ਿਲਕਾ ਤੋਂ ਸਾਥੀ ਬਲਵਿੰਦਰ ਯਾਦਵ, ਦੀਪਕ ਨਾਰੰਗ, ਰਾਜਨ ਕੰਬੋਜ, ਸੁਧੀਰ ਕੁਮਾਰ, ਨੀਰਜ ਕੁਮਾਰ, ਪਰਵਿੰਦਰ ਕੰਬੋਜ, ਅਮਿਤ ਸੁਧਾਕਰ, ਸੁਨੀਲ ਕੁਮਾਰ, ਰਾਧੇ ਸ਼ਾਮ ਸ਼ਰਮਾ, ਰਵੀ ਛਾਬੜਾ ਮੌਜੂਦ ਸਨ।