ਵੀਹ ਫੁੱਟ ਉੱਚੀ ਬਾਰ ਟੱਪਣ ਵਾਲਾ ਸਰਗੀ ਬੁਬਕਾ
ਪ੍ਰਿੰ. ਸਰਵਣ ਸਿੰਘ
ਸਰਗੀ ਬੁਬਕਾ ਨੂੰ ਪੋਲ ਵਾਲਟ ਦਾ ‘ਫਲਾਈਂਗ ਬਰਡ’ ਕਿਹਾ ਜਾਂਦੈ। ਉੱਚੀਆਂ ਉਡਾਰੀਆਂ ਭਰਨ ਵਾਲਾ ‘ਉਡਣਾ ਪੰਛੀ’। ਉਸ ਨੇ 35 ਵਾਰ ਪੋਲ ਵਾਲਟ ਦੇ ਵਿਸ਼ਵ ਰਿਕਾਰਡ ਤੋੜੇ। 17 ਵਾਰ ਆਊਟਡੋਰ ਤੇ 18 ਵਾਰ ਇਨਡੋਰ। ਉਹ ਦੁਨੀਆ ਦਾ ਪਹਿਲਾ ਪੋਲ ਵਾਲਟਰ ਹੈ ਜਿਸ ਨੇ 6 ਮੀਟਰ ਯਾਨੀ 19 ਫੁੱਟ 8 ਇੰਚ ਦੀ ਉਚਾਈ ਪਾਰ ਕੀਤੀ। 6.10 ਮੀਟਰ ਦੀ ਹੱਦ ਵੀ ਉਸ ਨੇ ਹੀ ਸਭ ਤੋਂ ਪਹਿਲਾਂ ਉਲੰਘੀ। ਸਮਝੋ 20 ਫੁੱਟ ਉੱਚੀ ਕੰਧ ਟੱਪੀ! ਉਸ ਦਾ ਇਨਡੋਰ ਰਿਕਾਰਡ 6.15 ਮੀਟਰ ਹੈ ਜੋ ਯੂਕਰੇਨ ਦੇ ਦੋਨੈਤਸਕ ਸ਼ਹਿਰ ਵਿੱਚ 21 ਫਰਵਰੀ 1993 ਨੂੰ ਰੱਖਿਆ ਗਿਆ। ਉਹ ਰਿਕਾਰਡ 21 ਸਾਲਾਂ ਬਾਅਦ ਫਰਾਂਸ ਦਾ ਪੋਲ ਵਾਲਟਰ ਰਨੌਦ ਲਿਵਲੀਨੀ 6.16 ਮੀਟਰ ਉੱਚੀ ਛਾਲ ਲਾ ਕੇ ਮਸੀਂ ਤੋੜ ਸਕਿਆ। ਬੁਬਕਾ ਦਾ ਆਊਟਡੋਰ ਰਿਕਾਰਡ 6.14 ਮੀਟਰ ਹੈ ਜੋ 31 ਜੁਲਾਈ 1991 ਨੂੰ ਰੱਖਿਆ ਗਿਆ। ਉਹ ਰਿਕਾਰਡ 24 ਸਾਲਾਂ ਬਾਅਦ 2015 ਵਿੱਚ ਸਵੀਡਨ ਦੇ ਆਰਮੰਡ ਡੁਪਲਾਂਟਿਸ ਨੇ 6.15 ਮੀਟਰ ਛਾਲ ਨਾਲ ਮਸੀਂ ਤੋੜਿਆ।
ਸਰਗੀ ਬੁਬਕਾ ਨੇ 18 ਸਾਲ ਦੇ ਖੇਡ ਕਰੀਅਰ ਵਿੱਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪਸ ਵਿੱਚੋਂ 6 ਗੋਲਡ ਮੈਡਲ ਜਿੱਤੇ ਜੋ ਆਪਣੇ ਆਪ ’ਚ ਰਿਕਾਰਡ ਹੈ। ਉਸ ਦਾ ਜਨਮ ਸੋਵੀਅਤ ਯੂਨੀਅਨ ਵਿੱਚ ਵੋਰੋਸ਼ਲੋਵਗਰਾਦ ਵਿਖੇ 4 ਦਸੰਬਰ 1963 ਨੂੰ ਹੋਇਆ ਸੀ। ਉਸ ਦਾ ਬਾਪ ਨਜ਼ਰ ਬੁਬਕਾ ਵੀ ਪੋਲ ਵਾਲਟਰ ਸੀ। ਉਹ ਸੋਵੀਅਤ ਫ਼ੌਜ ਦਾ ਸਿਪਾਹੀ ਸੀ ਜੋ ਘਰ ਵਿੱਚ ਵੀ ਫ਼ੌਜੀ ਅਨੁਸ਼ਾਸਨ ਰੱਖਦਾ ਸੀ। ਉਸ ਦੀ ਮਾਂ ਵਲੇਨਟੀਨਾ ਹਸਪਤਾਲ ਵਿੱਚ ਕੰਮ ਕਰਦੀ ਸੀ। ਉਸ ਦਾ ਵੱਡਾ ਭਰਾ ਵਾਸਿਲੀ ਬੁਬਕਾ ਹੈ। ਉਸ ਨੇ ਵੀ ਖੇਡਾਂ ਵਿੱਚ ਚੰਗਾ ਨਾਂ ਚਮਕਾਇਆ।
ਪੋਲ ਵਾਲਟ ਦਾ ਈਵੈਂਟ ਸੋਟੀ ਜਾਂ ਵੰਝ ਦੇ ਸਹਾਰੇ ਕੰਧਾਂ, ਖਾਈਆਂ ਜਾਂ ਹੋਰ ਰੁਕਾਵਟਾਂ ਟੱਪਣ ਤੋਂ ਸ਼ੁਰੂ ਹੋਇਆ ਸੀ। ਪਹਿਲਾਂ ਪਹਿਲ ਜਿਹੜੀ ਰੋਕ ਉਂਜ ਨਹੀਂ ਸੀ ਟੱਪੀ ਜਾਂਦੀ, ਡਾਂਗ ਜਾਂ ਵੰਝ ਦੇ ਸਹਾਰੇ ਨਾਲ ਟੱਪਣੀ ਸ਼ੁਰੂ ਹੋਈ। ਸਮੇਂ ਨਾਲ ਵਿਕਸਤ ਹੁੰਦੀ ਇਹ ਤਕਨੀਕ ਖੇਡ ਮੁਕਾਬਲੇ ਦਾ ਕਰਤੱਬ ਬਣ ਗਈ ਤੇ ਓਲੰਪਿਕ ਖੇਡਾਂ ਤੱਕ ਜਾ ਪੁੱਜੀ। ਮਰਦਾਂ ਲਈ ਇਹ ਕਰਤਬ 1896 ਦੀਆਂ ਪਹਿਲੀਆਂ ਓਲੰਪਿਕ ਖੇਡਾਂ ਵਿੱਚ ਹੀ ਸ਼ਾਮਲ ਕਰ ਲਿਆ ਗਿਆ ਸੀ ਜਦੋਂ ਕਿ ਔਰਤਾਂ ਲਈ 2000 ਵਿੱਚ ਸਿਡਨੀ ਦੀਆਂ ਓਲੰਪਿਕ ਖੇਡਾਂ ਤੋਂ ਸ਼ਾਮਲ ਕੀਤਾ ਗਿਆ। ਪਹਿਲੀਆਂ ਓਲੰਪਿਕ ਖੇਡਾਂ ’ਚ ਅਮਰੀਕਾ ਦਾ ਵਿਲੀਅਮ ਹੋਅਟ ਸਿਰਫ਼ 3.30 ਮੀਟਰ ਉੱਚਾ ਟੱਪ ਕੇ ਓਲੰਪਿਕ ਚੈਂਪੀਅਨ ਬਣ ਗਿਆ ਸੀ ਜਦੋਂ ਕਿ ਟੋਕੀਓ ਵਿਖੇ ਹੋਈਆਂ 2020-21 ਦੀਆਂ ਓਲੰਪਿਕ ਖੇਡਾਂ ’ਚ ਸਵੀਡਨ ਦਾ ਆਰਮੰਡ ਡੁਪਲਾਂਟਿਸ 6.02 ਮੀਟਰ ਪੋਲ ਵਾਲਟ ਕਰ ਕੇ ਗੋਲਡ ਮੈਡਲ ਜਿੱਤ ਸਕਿਆ। ਹੁਣ ਉਸ ਦਾ ਵਿਸ਼ਵ ਰਿਕਾਰਡ 6.23 ਮੀਟਰ ਹੈ। ਬੰਦੇ ਨੇ ਵੰਝ ਦੇ ਸਹਾਰੇ ਨਾਲ ਛਾਲ ਲਾਉਣ ਵਿੱਚ ਐਨੀ ਤਰੱਕੀ ਕਰ ਲਈ ਹੈ। ਪਹਿਲਾਂ ਆਮ ਲੱਕੜੀ, ਫਿਰ ਬਾਂਸ ਦੇ ਵੰਝ ਵਰਤੇ ਜਾਂਦੇ ਸਨ ਜੋ ਸਮੇਂ ਨਾਲ ਗਲਾਸ ਫਾਈਬਰ ਦੇ ਬਣਾ ਲਏ ਗਏ। ਗਲਾਸ ਫਾਈਬਰ ਦੇ ਪੋਲ ਵਧੇਰੇ ਲਚਕ ਸਹਿ ਜਾਂਦੇ ਹਨ ਤੇ ਵਧੇਰੇ ਉੱਚਾ ਹੁਲਾਰਾ ਦਿੰਦੇ ਹਨ। ਇਸੇ ਕਰਕੇ ਰਿਕਾਰਡ ਉੱਚੇ ਤੋਂ ਉੱਚੇ ਹੁੰਦੇ ਜਾਂਦੇ ਹਨ।
ਪੋਲ ਵਾਲਟ ਦਾ ਈਵੈਂਟ ਸਭ ਤੋਂ ਵੱਧ ਕਠਿਨ ਈਵੈਂਟ ਮੰਨਿਆ ਜਾਂਦਾ ਹੈ। ਅਥਲੀਟ ਲੰਮਾ ਪੋਲ ਦੋਹਾਂ ਹੱਥਾਂ ’ਚ ਫੜ ਕੇ ਦੌੜਦਾ ਤੇਜ਼ ਤੋਂ ਤੇਜ਼ ਰਫ਼ਤਾਰ ਫੜਦਾ ਹੈ। ਫਿਰ ਪੋਲ ਨੂੰ ਫਿਕਸ ਕੀਤੇ ਪੱਕੇ ਖਾਨੇ ’ਚ ਲਾ ਕੇ ਉਹਦੇ ਸਹਾਰੇ ਉੱਚੀ ਬਾਰ ਟੱਪਦਾ ਹੈ। ਇਹਦੇ ਲਈ ਸਰੀਰਕ ਅੰਗਾਂ ਦਾ ਕਈ ਪ੍ਰਕਾਰ ਦਾ ਤਾਲਮੇਲ ਕਰਨਾ ਜ਼ਰੂਰੀ ਹੈ, ਨਹੀਂ ਤਾਂ ਵੱਡੀ ਸੱਟ-ਫੇਟ ਵੀ ਲੱਗ ਸਕਦੀ ਹੈ ਪਰ ਸੱਟ ਲੱਗਣ ਦਾ ਖ਼ਤਰਾ ਹੋਣ ਦੇ ਬਾਵਜੂਦ ਹਜ਼ਾਰਾਂ ਪੋਲ ਵਾਲਟਰ ਇਹ ਖ਼ਤਰਨਾਕ ਈਵੈਂਟ ਕਰਦੇ ਆ ਰਹੇ ਹਨ। ਬੁਬਕਾ ਅਜੇ ਨੌਂ ਸਾਲਾ ਦਾ ਸੀ ਕਿ ਉਸ ਦਾ ਦੋਸਤ ਉਸ ਨੂੰ ਪੋਲ ਵਾਲਟਿੰਗ ਕਲੱਬ ਵਿੱਚ ਲੈ ਗਿਆ। ਉੱਥੇ ਬੁਬਕਾ ਵੀ ਦੋਸਤ ਦੀ ਰੀਸ ਨਾਲ ਪੋਲ ਵਾਲਟ ਕਰਨ ਲੱਗਾ। ਉਸ ਦਾ ਪਿਤਾ ਭਾਵੇਂ ਉਸ ਨੂੰ ਸਪਰਿੰਟ ਦੌੜਾਂ ਤੇ ਲੰਮੀ ਛਾਲ ਲਾਉਣ ਲਈ ਪ੍ਰੇਰਦਾ ਸੀ ਪਰ ਪੋਲ ਵਾਲਟ ਦੇ ਕੋਚ ਵਿਟਾਲੀ ਪੈਟਰੋਵ ਨੇ ਉਸ ਅੰਦਰਲੀ ਪ੍ਰਤਿਭਾ ਪਛਾਣ ਕੇ ਉਸ ਨੂੰ ਪੋਲ ਵਾਲਟ ਕਰਾਉਣ ਦੀ ਸਿਖਲਾਈ ਜਾਰੀ ਰੱਖੀ।
ਬੁਬਕਾ ਅਜੇ 15 ਸਾਲਾਂ ਦਾ ਹੋਇਆ ਸੀ ਕਿ ਉਸ ਦੇ ਮਾਪਿਆਂ ਦਾ ਤਲਾਕ ਹੋ ਗਿਆ। ਉਸ ਦੇ ਵੱਡੇ ਭਰਾ ਵਾਸਿਲੀ ਨੂੰ ਦੋਨੈਸਤਕ ਫੈਕਟਰੀ ਵਿੱਚ ਕੰਮ ਮਿਲ ਗਿਆ ਜਿੱਥੇ ਉਹ ਵੀ ਭਰਾ ਨਾਲ ਰਹਿਣ ਲੱਗਾ। ਉੱਥੇ ਉਹ ਉਸੇ ਸਕੂਲ ਵਿੱਚ ਪੜ੍ਹਨ ਲੱਗਾ ਜਿੱਥੇ ਵਿਟਾਲੀ ਪੈਟਰੋਵ ਕੋਚਿੰਗ ਦਿੰਦਾ ਸੀ। ਉਹ ਸਕੂਲੀ ਮੁਕਾਬਲਿਆਂ ’ਚ ਸਪਰਿੰਟ ਦੌੜਾਂ ਤੇ ਲੰਮੀਆਂ ਛਾਲਾਂ ਦੇ ਮੁਕਾਬਲੇ ਜਿੱਤਣ ਲੱਗਾ। ਜੇਕਰ ਉਹ ਪੋਲ ਵਾਲਟ ਵੱਲ ਨਾ ਮੁੜਦਾ ਤਾਂ ਸੰਭਵ ਸੀ ਕਾਰਲ ਲੇਵਿਸ ਵਾਂਗ ਸੌ ਦੋ ਸੌ ਮੀਟਰ ਦੀਆਂ ਦੌੜਾਂ ਤੇ ਲੰਮੀਆਂ ਛਾਲਾਂ ਦਾ ਚੈਂਪੀਅਨ ਬਣਦਾ।
18 ਸਾਲ ਦੀ ਉਮਰੇ ਉਸ ਨੇ 1981 ਦੀ ਯੂਰਪੀਅਨ ਜੂਨੀਅਰ ਚੈਂਪੀਅਨਸ਼ਿਪ ਵਿੱਚ ਭਾਗ ਲੈ ਕੇ ਅੰਤਰਰਾਸ਼ਟਰੀ ਮੁਕਾਬਲਿਆਂ ਦਾ ਦੌਰ ਸ਼ਰੂ ਕੀਤਾ। ਉਹ ਸੱਤਵੇਂ ਸਥਾਨ ’ਤੇ ਆਇਆ ਜਿਸ ਕਰਕੇ ਬਹੁਤਾ ਗੌਲਿਆ ਨਾ ਗਿਆ ਪਰ ਹੈਲਸਿੰਕੀ ਵਿਖੇ ਹੋਈ 1983 ਦੀ ਵਿਸ਼ਵ ਚੈਂਪੀਅਨਸ਼ਿਪ ਉਹਦੇ ਲਈ ਵੱਡਾ ਵਰਦਾਨ ਸਾਬਤ ਹੋਈ। ਉਸ ਨੇ 5.70 ਮੀਟਰ ਯਾਨੀ 18 ਫੁੱਟ 8 ਇੰਚ ਉੱਚੀ ਵੰਝ ਛਾਲ ਲਾ ਕੇ ਗੋਲਡ ਮੈਡਲ ਜਿੱਤਿਆ। ਉੱਥੋਂ ਹੀ ਉਸ ਦਾ ਵਿਸ਼ਵ ਰਿਕਾਰਡ ਰੱਖਣ ਦਾ ਦੌਰ ਸ਼ੁਰੂ ਹੋ ਗਿਆ। ਉਦੋਂ ਤੱਕ ਪੋਲ ਵਾਲਟ ਦਾ ਈਵੈਂਟ ਅਥਲੈਟਿਕਸ ਦਾ ਖ਼ਾਸ ਖਿੱਚ ਵਾਲਾ ਈਵੈਂਟ ਸਮਝਿਆ ਜਾਣ ਲੱਗਾ ਸੀ ਜਿਸ ਕਰਕੇ ਵਧੇਰੇ ਦਰਸ਼ਕ ਉਸ ਵੱਲ ਖਿੱਚੇ ਜਾਣ ਲੱਗੇ ਸਨ।
1984 ਵਿੱਚ ਲੰਡਨ ਵਿਖੇ ਉਸ ਨੇ ਹੈਲਸਿੰਕੀ ਨਾਲੋਂ ਵੀ 8 ਇੰਚ ਉੱਚੀ, 19 ਫੁੱਟ 4 ਇੰਚ ਬਾਰ ਸਰ ਕੀਤੀ ਤਾਂ ਪੋਲੈਂਡ ਦਾ ਓਲੰਪਿਕ ਚੈਂਪੀਅਨ ਪੋਲ ਵਾਲਟਰ ਟਡਿਊਜ਼ ਹੱਕਾ-ਬੱਕਾ ਰਹਿ ਗਿਆ! ਉਹ 1976 ਦੀਆਂ ਓਲੰਪਿਕ ਖੇਡਾਂ ਦਾ ਗੋਲਡ ਮੈਡਲਿਸਟ ਤੇ 1980 ਦੀਆਂ ਖੇਡਾਂ ਦਾ ਸਿਲਵਰ ਮੈਡਲਿਸਟ ਸੀ। ਉਸ ਨੇ ਭਵਿੱਖਬਾਣੀ ਕੀਤੀ ਕਿ ਹੁਣ ਬੁਬਕੇ ਨੂੰ ਕੋਈ ਪੋਲ ਵਾਲਟਰ ਛੇਤੀ ਕੀਤਿਆਂ ਨਹੀਂ ਹਰਾ ਸਕੇਗਾ ਤੇ ਉਹਦੀਆਂ ਜਿੱਤਾਂ ਦਾ ਦੌਰ ਕਈ ਸਾਲ ਚੱਲੇਗਾ। ਉਸ ਦੀ ਭਵਿੱਖਬਾਣੀ ਸੱਚੀ ਸਾਬਤ ਹੋਈ।
ਸਰਗੀ ਬੁਬਕਾ ਨੇ ਉਪਰੋਥਲੀ 6 ਵਿਸ਼ਵ ਚੈਂਪੀਅਨਸ਼ਿਪਾਂ ਜਿੱਤੀਆਂ। 1983 ਤੋਂ 1997 ਤੱਕ ਉਹ ਹਰ ਵਾਰ ਵਿਸ਼ਵ ਚੈਂਪੀਅਨ ਬਣਦਾ। 1983 ਵਿੱਚ ਉਸ ਨੇ 5.70 ਮੀਟਰ ਉਚਾਈ ਪਾਰ ਕੀਤੀ। ਫਿਰ ਕਦੇ ਇੱਕ ਸੈਂਟੀਮੀਟਰ, ਕਦੇ ਦੋ ਸੈਂਟੀਮੀਟਰ ਵਧਾਉਂਦਾ 6.14 ਮੀਟਰ ਤਕ ਪੁੱਜ ਗਿਆ। ਇਸ ਦੌਰਾਨ ਅਨੇਕ ਵਾਰ ਵਿਸ਼ਵ ਰਿਕਾਰਡ ਟੁੱਟੇ। ਸਰਗੀ ਬੁਬਕਾ ਦੀ ਗੁੱਡੀ ਦੋ ਦਹਾਕੇ ਅਕਾਸ਼ ’ਤੇ ਚੜ੍ਹੀ ਰਹੀ। ਕੋਈ ਉਸ ਨੂੰ ਪੋਲ ਵਾਲਟ ਦਾ ਬਾਦਸ਼ਾਹ ਕਹਿੰਦਾ ਤੇ ਕੋਈ ਸ਼ਹਿਨਸ਼ਾਹ ਕਹਿ ਕੇ ਨਿਵਾਜਦਾ। ਉਸ ਨੇ 1991 ਵਿੱਚ 6.10 ਮੀਟਰ ਦੀ ਹੱਦ ਉਲੰਘੀ ਸੀ ਜੋ 2014 ਤੱਕ ਕਿਸੇ ਹੋਰ ਪੋਲ ਵਾਲਟਰ ਪਾਸੋਂ ਉਲੰਘੀ ਨਾ ਜਾ ਸਕੀ। ਪੋਲ ਵਾਲਟ ਦੇ ਈਵੈਂਟ ਵਿੱਚ ਏਨੀ ਦੇਰ ਸਿਖਰ ’ਤੇ ਰਹਿਣਾ ਕਿਸੇ ਕੌਤਕ ਤੋਂ ਘੱਟ ਨਹੀਂ!
ਵਿਸ਼ਵ ਚੈਂਪੀਅਨਸ਼ਿਪਾਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਬੁਬਕਾ ਨੂੰ ਓਲੰਪਿਕ ਖੇਡਾਂ ’ਚੋਂ ਚਾਰ ਗੋਲਡ ਮੈਡਲ ਜਿੱਤਣੇ ਚਾਹੀਦੇ ਸਨ ਪਰ ਬਦਕਿਸਮਤੀ ਨਾਲ ਉਹ ਕੇਵਲ ਇੱਕੋ ਗੋਲਡ ਮੈਡਲ ਜਿੱਤ ਸਕਿਆ। ਉਹਦੇ ਕਈ ਕਾਰਨ ਸਨ। 1984 ਦੀਆਂ ਓਲੰਪਿਕ ਖੇਡਾਂ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿੱਚ ਹੋਈਆਂ ਜਿਸ ਦਾ ਸੋਵੀਅਤ ਰੂਸ ਨੇ ਬਾਈਕਾਟ ਕਰ ਦਿੱਤਾ। ਬਾਈਕਾਟ ਕਾਰਨ ਉਸ ਵਿੱਚ ਬੁਬਕਾ ਭਾਗ ਹੀ ਨਾ ਲੈ ਸਕਿਆ। 1988 ਵਿੱਚ ਸਿਓਲ ਦੀਆਂ ਓਲੰਪਿਕ ਖੇਡਾਂ ’ਚੋਂ ਉਹ ਗੋਲਡ ਮੈਡਲ ਜਿੱਤਿਆ। 1992 ਵਿੱਚ ਬਾਰਸੀਲੋਨਾ ਵਿਖੇ ਆਪਣੀ ਹੀ ਗ਼ਲਤੀ ਨਾਲ ਫਾਈਨਲ ਮੁਕਾਬਲੇ ਲਈ ਕੁਆਲੀਫਾਈ ਨਾ ਕਰ ਸਕਿਆ। ਐਟਲਾਂਟਾ-1996 ਦੀਆਂ ਓਲੰਪਿਕ ਖੇਡਾਂ ਵੇਲੇ ਉਸ ਨੂੰ ਅੱਡੀ ਦੇ ਦਰਦ ਦਾ ਆਪਰੇਸ਼ਨ ਲੈ ਬੈਠਾ ਜਿਸ ਕਰਕੇ ਉਹ ਓਲੰਪਿਕ ਖੇਡਾਂ ਵਿੱਚ ਭਾਗ ਹੀ ਨਾ ਲੈ ਸਕਿਆ। 2000 ਵਿੱਚ ਸਿਡਨੀ ਦੀਆਂ ਓਲੰਪਿਕ ਖੇਡਾਂ ’ਚ ਭਾਗ ਤਾਂ ਲਿਆ ਪਰ ਬਿਨਾਂ ਕੋਈ ਮੈਡਲ ਜਿੱਤੇ ਵਾਪਸ ਪਰਤਣਾ ਪਿਆ। 2001 ਵਿੱਚ ਦੋਨੈਤਸਕ ਵਿਖੇ ਪੋਲ ਵਾਲਟ ਸਟਾਰਜ਼ ਦੀ ਮੀਟ ਪਿੱਛੋਂ ਉਹ ਛਾਲਾਂ ਲਾਉਣ ਤੋਂ ਰਿਟਾਇਰ ਹੋ ਗਿਆ ਤੇ ਯੂਕਰੇਨ ਦੀ ਪਾਰਲੀਮੈਂਟ ਦਾ ਮੈਂਬਰ ਚੁਣਿਆ ਗਿਆ।
ਸਰਗੀ ਬੁਬਕਾ ਦਾ ਵਿਆਹ 21 ਸਾਲ ਦੀ ਉਮਰ ਵਿੱਚ ਲਿਲੀਆ ਤਤੂਨਿਕ ਨਾਲ ਹੋ ਗਿਆ ਸੀ ਜਿਸ ਤੋਂ ਦੋ ਬੱਚੇ ਸਰਗੇਈ ਬੁਬਕਾ ਤੇ ਵਿਟਾਲੀ ਬੁਬਕਾ ਪੈਦਾ ਹੋਏ। 1991 ਤੋਂ ਪਹਿਲਾਂ ਉਹ ਸੋਵੀਅਤ ਯੂਨੀਅਨ ਵੱਲੋਂ ਕੌਮਾਂਤਰੀ ਖੇਡਾਂ ’ਚ ਭਾਗ ਲੈਂਦਾ ਸੀ। ਫਿਰ ਸੋਵੀਅਤ ਯੂਨੀਅਨ ਟੁੱਟ ਜਾਣ ਪਿੱਛੋਂ ਉਹ ਲੁਹਾਂਸਕ ਦਾ ਸ਼ਹਿਰੀ ਬਣ ਕੇ ਯੂਕਰੇਨ ਵੱਲੋਂ ਭਾਗ ਲੈਣ ਲੱਗਾ। 1983 ਤੋਂ 1990 ਤੱਕ ਉਹ ਪੋਲ ਵਾਲਟ ਦਾ ਵਿਸ਼ਵ ਰਿਕਾਰਡ ਨਵਿਆਉਂਦਾ ਸੀ ਤਾਂ ਸੋਵੀਅਤ ਰੂਸ ਵਿੱਚ ਵੱਡੇ ਨਕਦ ਇਨਾਮ ਨਹੀਂ ਸਨ ਮਿਲਦੇ ਪਰ ਜਦੋਂ ਉਹ ਯੂਕਰੇਨ ਵੱਲੋਂ ਨਵੇਂ ਰਿਕਾਰਡ ਰੱਖਣ ਲੱਗਾ ਤਾਂ ਨਾਈਕੀ ਕੰਪਨੀ ਨੇ ਹਰ ਨਵੇਂ ਰਿਕਾਰਡ ਨਾਲ ਉਸ ਨੂੰ 40 ਹਜ਼ਾਰ ਡਾਲਰ ਦਾ ਬੋਨਸ ਦੇਣਾ ਸ਼ੁਰੂ ਕਰ ਦਿੱਤਾ। ਵਧੇਰੇ ਬੋਨਸ ਲੈਣ ਲਈ ਉਹ ਆਮ ਕਰਕੇ ਇੱਕ ਸੈਂਟੀਮੀਟਰ ਦੀ ਉਚਾਈ ਨਾਲ ਹੀ ਰਿਕਾਰਡ ਤੋੜਦਾ ਤਾਂ ਕਿ ਵਧੇਰੇ ਵਾਰ ਬੋਨਸ ਲੈ ਸਕੇ। ਉਸ ਦਾ 35 ਵਾਰ ਵਿਸ਼ਵ ਰਿਕਾਰਡ ਤੋੜਨ ਦਾ ਅਸਲੀ ਰਾਜ਼ ਇਹੋ ਸੀ। ਵੈਸੇ ਉਸ ਨੇ 1984 ਤੋਂ 1994 ਤੱਕ ਪੋਲ ਵਾਲਟ ਦਾ ਵਿਸ਼ਵ ਰਿਕਾਰਡ 21 ਸੈਂਟੀਮੀਟਰ ਯਾਨੀ 8 ਇੰਚ ਹੋਰ ਉੱਚਾ ਕੀਤਾ ਸੀ। ਉਹ 45 ਵਾਰ 6 ਮੀਟਰ ਤੋਂ ਉੱਚਾ ਟੱਪਿਆ। ਉਸ ਦੇ ਰਿਟਾਇਰ ਹੋਣ ਪਿੱਛੋਂ 2015 ਤੱਕ ਵਿਸ਼ਵ ਭਰ ਦੇ ਪੋਲ ਵਾਲਟਰਾਂ ਵੱਲੋਂ ਕੇਵਲ 100 ਵਾਰ ਹੀ 6 ਮੀਟਰ ਤੋਂ ਉੱਚੀ ਛਾਲ ਮਾਰੀ ਗਈ।
ਇੱਕ ਵਾਰ ਉਹਦੇ ਨਾਲ ਮੰਦਭਾਗੀ ਘਟਨਾ ਵੀ ਵਾਪਰੀ। ਮਈ 1996 ਵਿੱਚ ਉਹ ਬ੍ਰਾਜ਼ੀਲ ਵਿੱਚ ਰੀਓ ਡੀ ਜਨੀਰੋ ਦੀ ਮੀਟ ’ਚ ਭਾਗ ਲੈਣ ਗਿਆ। ਬ੍ਰਾਜ਼ੀਲ ਕਸਟਮ ਦੇ ਅਫ਼ਸਰਾਂ ਨੂੰ ਸ਼ੱਕ ਹੋ ਗਿਆ ਕਿ ਉਹਦੇ ਫਾਈਬਰ ਦੇ ਪੋਲ ਵਿੱਚ ਕਿਤੇ ਕੋਈ ਸਮੱਗਲਿੰਗ ਵਾਲੀ ਨਾਜਾਇਜ਼ ਵਸਤੂ ਨਾ ਭਰੀ ਹੋਵੇ। ਉਨ੍ਹਾਂ ਨੇ ਜਾਂਚ ਕਰਦਿਆਂ ਪੋਲ ਭੰਨ ਕੇ ਵੇਖਿਆ ਪਰ ਵਿੱਚੋਂ ਕੁਝ ਵੀ ਇਤਰਾਜ਼ਯੋਗ ਨਾ ਨਿਕਲਿਆ। ਆਪਣੇ ਪੋਲ ਦੀ ਥਾਂ ਉਹ ਕਿਸੇ ਹੋਰ ਪੋਲ ਨਾਲ ਓਨੀ ਉੱਚੀ ਛਾਲ ਨਾ ਲਾ ਸਕਿਆ ਜਿਸ ਕਰਕੇ ਰੀਓ ਦੀ ਮੀਟ ਵਿੱਚ ਹੋਰ ਰਿਕਾਰਡ ਨਾ ਬਣਾ ਸਕਿਆ। ਬੇਸ਼ੱਕ ਕਸਟਮ ਅਫ਼ਸਰਾਂ ਨੇ ਮੁਆਫ਼ੀ ਮੰਗ ਲਈ ਪਰ ਬੁਬਕਾ ਨੂੰ ਭੰਨੇ ਗਏ ਪੋਲ ਦਾ ਦੁੱਖ ਦੇਰ ਤੱਕ ਸਤਾਉਂਦਾ ਰਿਹਾ।
ਬੁਬਕਾ ਦੇ ਵਧੇਰੇ ਵਾਰ ਵਿਸ਼ਵ ਰਿਕਾਰਡ ਤੋੜਨ ਦਾ ਇੱਕ ਰਾਜ਼ ਇਹ ਵੀ ਸੀ ਕਿ ਉਹ ਪੋਲ ਵਾਲਟ ਦੀ ਬਾਰ ਪਹਿਲੇ ਰਿਕਾਰਡ ਨਾਲੋਂ ਕੇਵਲ ਇੱਕ ਸੈਂਟੀਮੀਟਰ ਉੱਚੀ ਕਰਵਾਉਂਦਾ ਸੀ। ਹਰ ਨਵੇਂ ਰਿਕਾਰਡ ਨਾਲ ਉਸ ਨੂੰ 40 ਹਜ਼ਾਰ ਡਾਲਰ ਦਾ ਬੋਨਸ ਜੁ ਮਿਲਦਾ ਸੀ ਤੇ ਮਸ਼ਹੂਰੀ ਵਾਧੂ ਦੀ ਹੁੰਦੀ ਸੀ। ਉਸ ਨੇ ਬੋਨਸਾਂ ਰਾਹੀਂ ਲੱਖਾਂ ਡਾਲਰ ਕਮਾਏ ਜਿਨ੍ਹਾਂ ਦੀ ਬਦੌਲਤ ਆਲੀਸ਼ਾਨ ਅਪਾਰਟਮੈਂਟਾਂ ’ਚ ਰਿਹਾ। ਮਹਿੰਗੀਆਂ ਕਾਰਾਂ ਰੱਖਦਾ। ਮਾਲਦਾਰ ਸਾਮੀ ਹੋਣ ਕਰਕੇ ਫਿਰੌਤੀਆਂ ਲੈਣ ਵਾਲੇ ਉਸ ਨੂੰ ਤੰਗ ਪਰੇਸ਼ਾਨ ਕਰਦੇ ਰਹਿੰਦੇ। ਆਪਣੇ ਬਚਾਅ ਲਈ ਉੁਹ ਬਾਡੀਗਾਰਡਾਂ ਨਾਲ ਹੀ ਕਿਤੇ ਆ ਜਾ ਸਕਦਾ ਸੀ। ਉਨ੍ਹੀਂ ਦਿਨੀਂ ਜਿੰਨੀ ਉਸ ਨੂੰ ਮਸ਼ਹੂਰੀ ਮਿਲੀ, ਓਨਾ ਹੀ ਜਾਨ ਬਚਾਉਣ ਦਾ ਡਰ ਲੱਗਿਆ ਰਿਹਾ। ਸਿਆਣੇ ਸੱਚ ਕਹਿੰਦੇ ਹਨ ਕਿ ਬਹੁਤੀ ਮਾਇਆ ਸੁਖ ਦੇਣ ਨਾਲ ਦੁੱਖ ਵੀ ਦਿੰਦੀ ਹੈ।
ਰਿਟਾਇਰ ਹੋ ਕੇ ਉਸ ਨੇ ਕੁਝ ਸਮਾਂ ਯੂਕਰੇਨ ਦੇ ਪੋਲ-ਵਾਲਟਿੰਗ ਸਕੂਲ ਵਿੱਚ ਕੋਚਿੰਗ ਦਿੱਤੀ ਤੇ ਯੂਕਰੇਨ ਵੱਲੋਂ ਇੰਟਰਨੈਸ਼ਨਲ ਓਲੰਪਿਕ ਕਮੇਟੀ ਦਾ ਨੁਮਾਇੰਦਾ ਬਣਿਆ ਰਿਹਾ। ਉਸ ਨੇ ਯੂਕਰੇਨ ਅਕੈਡਮੀ ਆਫ ਪੈਡਾਜੋਗੀਕਲ ਸਾਇੰਸ, ਕੀਵ ਸਟੇਟ ਇੰਸਟੀਚਿਊਟ ਆਫ ਫਿਜ਼ੀਕਲ ਕਲਚਰ ਤੋਂ ਪੀਐੱਚ ਡੀ ਦੀ ਡਿਗਰੀ ਪ੍ਰਾਪਤ ਕੀਤੀ। ਉਸ ਦਾ ਕੱਦ 1.83 ਮੀਟਰ ਯਾਨੀ 6 ਫੁੱਟ ਹੈ ਤੇ ਸਰੀਰਕ ਵਜ਼ਨ 80 ਕਿਲੋਗ੍ਰਾਮ। ਰੰਗ ਗੋਰਾ ਨਿਸ਼ੋਹ ਹੈ ਤੇ ਜੁੱਸਾ ਦਰਸ਼ਨੀ। ਉਹ 60 ਸਾਲਾਂ ਦਾ ਹੋ ਕੇ ਵੀ ਅਜੇ ਜੁਆਨ ਲੱਗਦਾ ਹੈ।
ਬਤੌਰ ਖਿਡਾਰੀ 1981 ਤੋਂ 1991 ਤੱਕ ਸੋਵੀਅਤ ਯੂਨੀਅਨ ਦੀ ਨੁਮਾਇੰਦਗੀ ਕੀਤੀ ਤੇ 1991 ਤੋਂ 2001 ਤੱਕ ਯੂਕਰੇਨ ਦੀ। ਉਹ ‘ਟ੍ਰੈਕ ਐਂਡ ਫੀਲਡ ਨਿਊਜ਼’ ਵੱਲੋਂ ਦੋ ਵਾਰ ਵਿਸ਼ਵ ਦਾ ‘ਅਥਲੀਟ ਆਫ ਦਿ ਈਯਰ’ ਐਲਾਨਿਆ ਗਿਆ। 2012 ਵਿੱਚ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਅਥਲੈਟਿਕਸ ਫੈਡਰੇਸ਼ਨਜ਼ ਹਾਲ ਆਫ ਫੇਮ ਵਿੱਚ ਉਸ ਦਾ ਨਾਂ ਅੰਕਿਤ ਕੀਤਾ ਗਿਆ। ਉਹ 23 ਜੂਨ 2005 ਤੋਂ 17 ਨਵੰਬਰ 2022 ਤੱਕ ਨੈਸ਼ਨਲ ਓਲੰਪਿਕ ਕਮੇਟੀ ਯੂਕਰੇਨ ਦਾ ਪ੍ਰਧਾਨ ਰਿਹਾ। ਹੁਣ ਉਹ ਇੰਟਰਨੈਸ਼ਨਲ ਓਲੰਪਿਕ ਕਮੇਟੀ ਦਾ ਆਨਰੇਰੀ ਮੈਂਬਰ ਹੈ। ਉਸ ਨੂੰ ਪ੍ਰਿੰਸ ਆਫ ਆਸਟੂਰੀਅਸ ਐਵਾਰਡ ਮਿਲਿਆ ਤੇ ਤਿੰਨ ਸਾਲ ਸੋਵੀਅਤ ਯੂਨੀਅਨ ਦਾ ਬੈਸਟ ਸਪੋਰਟਸਮੈਨ ਐਵਾਰਡ ਜਿੱਤਦਾ ਰਿਹਾ। ਉਸ ਨੂੰ ‘ਹੀਰੋ ਆਫ ਯੂਕਰੇਨ’ ਦਾ ਸਿਵਲੀਅਨ ਐਵਾਰਡ ਵੀ ਮਿਲਿਆ। ਉਹ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਅਥਲੈਟਿਕਸ ਕਮਿਸ਼ਨ ਦਾ ਮੈਂਬਰ ਰਿਹਾ ਅਤੇ ਹੋਰ ਕਈ ਅਹਿਮ ਅਹੁਦਿਆਂ ਉਤੇ ਕੰਮ ਕੀਤਾ। 28 ਮਈ 2013 ਨੂੰ ਉਹ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਪ੍ਰਧਾਨ ਦੀ ਚੋਣ ਲੜਿਆ ਪਰ ਬਿਊਨਿਸ ਏਅਰਜ਼ ਦੇ 125ਵੇਂ ਆਈਓ ਸੈਸ਼ਨ ਵਿੱਚ ਥਾਮਸ ਬੱਕ ਹੱਥੋਂ ਹਾਰ ਗਿਆ। ਉਸ ਦਾ 35 ਵਾਰ ਵਿਸ਼ਵ ਰਿਕਾਰਡ ਨਵਿਆਉਣਾ ਅਨੋਖਾ ਵਿਸ਼ਵ ਰਿਕਾਰਡ ਹੈ!
ਈ-ਮੇਲ: principalsarwansingh@gmail.com