ਸੈਪਟੀਮਿਅਸ ਐਵਾਰਡ: ਜ਼ੀਸ਼ਾਨ ਅਯੂਬ ਨੂੰ ਸਰਵੋਤਮ ਏਸ਼ੀਅਨ ਅਦਾਕਾਰ ਦਾ ਖਿਤਾਬ
ਨਵੀਂ ਦਿੱਲੀ:
ਨੈਦਰਲੈਂਡਜ਼ ਵਿੱਚ ਕਰਵਾਏ ਗਏ ਸੈਪਟੀਮਿਅਸ ਐਵਾਰਡਜ਼ 2024 ਵਿੱਚ ਕਰਾਈਮ ਡਰਾਮਾ ਸੀਰੀਜ਼ ‘ਸਕੂਪ’ ਦੇ ਅਦਾਕਾਰ ਮੁਹੰਮਦ ਜ਼ੀਸ਼ਾਨ ਅਯੂਬ ਨੂੰ ਏਸ਼ੀਆ ਦਾ ਬਿਹਤਰੀਨ ਅਦਾਕਾਰ ਤੇ ਅਜੇ ਦੇਵਗਨ ਦੀ ਫ਼ਿਲਮ ‘ਮੈਦਾਨ’ ਨੂੰ ਸਰਵੋਤਮ ਏਸ਼ੀਅਨ ਫ਼ਿਲਮ ਦਾ ਐਵਾਰਡ ਦਿੱਤਾ ਗਿਆ। ਇਹ ਸਮਾਗਮ 19-20 ਅਗਸਤ ਦੀ ਰਾਤ ਨੂੰ ਕਰਵਾਇਆ ਗਿਆ। ਇਸ ਮੌਕੇ ‘ਸਕੂਪ’ ਵਿੱਚ ਅਖ਼ਬਾਰ ਦੇ ਪ੍ਰਿੰਸੀਪਲ ਐਡੀਟਰ ਇਮਰਾਨ ਸਿੱਦੀਕੀ ਦੇ ਕਿਰਦਾਰ ਲਈ ਜ਼ੀਸ਼ਾਨ ਨੂੰ ਦਰਸ਼ਕਾਂ ਤੋਂ ਖਾਸਾ ਹੁੰਗਾਰਾ ਮਿਲਿਆ। ‘ਸਕੂਪ’ ਦੇ ਨਿਰਦੇਸ਼ਕ ਹੰਸਲ ਮਹਿਤਾ ਨੇ ਇਸ ਮਾਅਰਕੇ ’ਤੇ ਅਦਾਕਾਰ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਪੋਸਟ ਪਾਉਂਦਿਆਂ ਉਸ ਦੀ ਤੁਲਨਾ ਵਧੀਆ ਇਨਸਾਨ ਨਾਲ ਕੀਤੀ ਹੈ। ਉਪਰੰਤ ਜ਼ੀਸ਼ਾਨ ਨੇ ਨਿਰਦੇਸ਼ਕ ਦਾ ਧੰਨਵਾਦ ਕੀਤਾ ਹੈ। ਦੂਜੇ ਪਾਸੇ ਫ਼ਿਲਮ ‘ਮੈਦਾਨ’ ਭਾਰਤੀ ਫੁਟਬਾਲ ਦੇ ਸੁਨਹਿਰੀ ਯੁੱਗ ਦੀ ਦਾਸਤਾਂ ਬਿਆਨਦੀ ਹੈ। ਇਹ ਫ਼ਿਲਮ ਫੁਟਬਾਲਰ ਸਈਦ ਅਬਦੁਲ ਰਹੀਮ ਦੀ ਸੱਚੀ ਕਹਾਣੀ ’ਤੇ ਆਧਾਰਿਤ ਹੈ ਜਿਸ ਵਿਚ ਉਸ ਦਾ ਕਿਰਦਾਰ ਅਜੈ ਦੇਵਗਨ ਨੇ ਨਿਭਾਇਆ ਹੈ ਜਿਸ ਨੇ 1950 ਤੋਂ ਲੈ ਕੇ 1963 ਵਿੱਚ ਆਪਣੀ ਮੌਤ ਤੱਕ ਭਾਰਤੀ ਫੁਟਬਾਲ ਟੀਮ ਦੇ ਕੋਚ ਅਤੇ ਮੈਨੇਜਰ ਵਜੋਂ ਕੰਮ ਕੀਤਾ। ਇਹ ਫ਼ਿਲਮ ਅਪਰੈਲ ਵਿੱਚ ਈਦ ਮੌਕੇ ਰਿਲੀਜ਼ ਹੋਈ ਸੀ। ਫ਼ਿਲਮ ਦੇ ਨਿਰਮਾਤਾ ਬੋਨੀ ਕਪੂਰ ਨੇ ਐਕਸ ’ਤੇ ਆਖਿਆ, ‘ਸਾਡੀ ਮਿਹਨਤੀ ਅਤੇ ਸਮਰਪਿਤ ਅਦਾਕਾਰਾਂ ਦੀ ਟੀਮ ਤੇ ਚਾਲਕ ਦਲ ਨੂੰ ਵਧਾਈਆਂ ਜਿਨ੍ਹਾਂ ਨੇ ਮੈਦਾਨ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਕੰਮ ਕੀਤਾ। -ਪੀਟੀਆਈ