ਰੈਣਾ ਜੋੜੀ ਦਾ ਵਿਛੋੜਾ
ਡਾ. ਚਰਨਜੀਤ ਸਿੰਘ ਗੁਮਟਾਲਾ
ਪ੍ਰੇਮ ਅਵਤਾਰ ਰੈਣਾ ਜੋ ਇਸ ਫ਼ਾਨੀ ਸੰਸਾਰ ਤੋਂ 22 ਨਵੰਬਰ 2023 ਤੋਂ ਕੂਚ ਕਰ ਗਏ, ਅੰਮ੍ਰਿਤਸਰ ਦੀਆਂ ਹਰਮਨ ਪਿਆਰੀਆਂ ਸ਼ਖ਼ਸੀਅਤਾਂ ਵਿਚੋਂ ਇਕ ਸਨ। ਉਨ੍ਹਾਂ ਨੇ ਕੁਝ ਸਮਾਂ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਅੰਗਰੇਜ਼ੀ ਵਿਭਾਗ ਵਿਚ ਬਤੌਰ ਲੈਕਚਰਾਰ ਨੌਕਰੀ ਕੀਤੀ ਪਰ ਕੁਝ ਸਮੇਂ ਬਾਅਦ ਇਹ ਨੌਕਰੀ ਛੱਡ ਦਿੱਤੀ। ਅੰਮ੍ਰਿਤਸਰ ਦੇ ਪੁਤਲੀਘਰ ਚੌਕ ਵਿਚ ਉਨ੍ਹਾਂ ਦਾ ਘਰ ਸੀ ਜਿੱਥੇ ਗੁਰੂ ਨਾਨਕ ਯੂਨੀਵਰਸਿਟੀ ਦੇ ਵਿਦਿਆਰਥੀ ਅਕਸਰ ਆਉਂਦੇ ਜਾਂਦੇ ਰਹਿੰਦੇ ਸਨ। ਇਨ੍ਹਾਂ ਸਭ ਦੀ ਟਹਿਲ ਸੇਵਾ ਉਨ੍ਹਾਂ ਦੀ ਪਤਨੀ ਕੰਵਲਜੀਤ ਕੌਰ ਜੋ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ, ਅੰਮ੍ਰਿਤਸਰ ਵਿਚ ਰਸਾਇਣ ਵਿਗਿਆਨ ਦੀ ਲੈਕਚਰਾਰ ਸੀ, ਕਰਦੇ ਸਨ। ਬਾਅਦ ਵਿਚ ਤਰੱਕੀ ਹੋਣ ’ਤੇ ਉਨ੍ਹਾਂ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ, ਭਕਨਾ ਖ਼ੁਰਦ ਜਿ਼ਲ੍ਹਾ ਅੰਮ੍ਰਿਤਸਰ ਵਿਚ ਬਤੌਰ ਪ੍ਰਿੰਸੀਪਲ ਸੇਵਾ ਕੀਤੀ ਤੇ ਉੱਥੋਂ 31 ਜਨਵਰੀ 2005 ਨੂੰ ਸੇਵਾ ਮੁਕਤ ਹੋਏ।
ਪ੍ਰੇਮ ਅਵਤਾਰ ਰੈਣਾ ਗੁਰੂ ਨਾਨਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿਚ ‘ਚਾਚਾ ਜੀ’ ਦੇ ਨਾਂ ਨਾਲ ਜਾਣੇ ਜਾਂਦੇ ਸਨ। ਉਹ ਲੋੜਵੰਦ ਵਿਦਿਆਰਥੀਆਂ ਦੀ ਮਾਇਕ ਸਹਾਇਤਾ ਵੀ ਕਰਦੇ ਸਨ। ਵਿਦਿਆਰਥੀਆਂ ਨੇ ਵਿਭਾਗ ਦੀ ਕੋਈ ਫੀਸ ਭਰਨੀ ਹੋਵੇ, ਮੈੱਸ ਦਾ ਬਕਾਇਆ ਦੇਣਾ ਹੋਵੇ ਜਾਂ ਕੋਈ ਆਰਟ ਮੂਵੀ ਦੇਖਣੀ ਹੋਵੇ ਤਾਂ ਉਹ ਉਨ੍ਹਾਂ ਨੂੰ ਘੇਰ ਲੈਂਦੇ। ਉਨ੍ਹਾਂ ਇਸ ਸ਼ਰਤ ’ਤੇ ਪੈਸੇ ਦੇਣੇ ਕਿ ਇਨ੍ਹਾਂ ਪੈਸਿਆਂ ਦੀ ਦਾਰੂ ਨਹੀਂ ਪੀਣੀ।
ਉਹ ਬਹੁਤ ਉੱਚ ਪਾਏ ਦੇ ਅਨਵਾਦਕ ਸਨ । ਉਨ੍ਹਾਂ ਬਹੁਤ ਸਾਰੀਆਂ ਪੁਸਤਕਾਂ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਜਿਨ੍ਹਾਂ ਵਿਚ ‘ਅੱਧੀ ਰਾਤ ਵੇਲੇ’ (ਪਰਲ ਬੱਕ), ‘ਆਧੁਨਿਕ ਸੌਂਦਰਯ-ਬੋਧ ਦੀਆਂ ਸਮੱਸਿਆਵਾਂ’ (ਅਨਾਤੋਲੀ ਦਰੇਮੋਵ), ‘ਚੜ੍ਹਦੇ ਸੂਰਜ ਨੂੰ ਸਲਾਮ’ (ਅੰਤੋਨ ਚੈਖਵ), ‘ਹਵੇਲੀ ਵਾਲੀ ਰਾਣੀ ਸਾਹਿਬਾ’ (ਅੰਤੋਨ ਚੈਖਵ), ‘ਬਾਬਰ’ (ਪਿਰਿਮਕੁਲ ਕਾਦਿਰੋਵ), ‘ਮੇਰੀ ਕਹਾਣੀ’ (ਫਲੇਵੀਆ), ‘ਮੰਟੋ ਦੇ ਖ਼ਤ: ਅੰਕਲ ਸੈਮ ਦੇ ਨਾਂ’ (ਸਆਦਤ ਹਸਨ ਮੰਟੋ), ‘ਮਹਾਰਾਜਾ ਰਣਜੀਤ ਸਿੰਘ: ਰਾਜ ਵਿਵਸਥਾ, ਅਰਥਚਾਰਾ ਅਤੇ ਸਮਾਜ’ (ਡਾ. ਜੇਐੱਸ ਗਰੇਵਾਲ) ਆਦਿ ਸ਼ਾਮਿਲ ਹਨ। ਉਨ੍ਹਾਂ ਰੂਸੀ ਲੋਕ ਕਹਾਣੀਆਂ ਤੇ ਹੋਰ ਅੱਧੀ ਦਰਜਨ ਬਾਲ ਪੁਸਤਕਾਂ ਪੰਜਾਬੀ ਵਿਚ ਉਲਥਾਈਆਂ। ਉਨ੍ਹਾਂ ਨੇ ਪਰਵੀਨ ਸ਼ਾਕਿਰ ਦੀ ਚੋਣਵੀਂ ਕਵਿਤਾ ਦਾ ਵੀ ਬਾਕਮਾਲ ਲਿੱਪੀਅੰਤਰ ਕੀਤਾ। ‘ਆਧੁਨਿਕ ਸੌਂਦਰਯ-ਬੋਧ ਦੀਆਂ ਸਮਸਿਆਵਾਂ’ ਕਿਤਾਬ ਤਾਂ ਤਤਕਾਲੀ ਖੋਜਾਰਥੀਆਂ ਨੇ ਪੜ੍ਹ ਪੜ੍ਹ ਕੇ ਘਸਾ ਦਿੱਤੀ ਸੀ। ‘ਬਾਬਰ’ ਨਾਵਲ ਅਕਾਦਮਿਕ ਹਲਕਿਆਂ ਵਿਚ ਬਹੁਤ ਮਕਬੂਲ ਰਿਹਾ ਹੈ। ਰੂਸੀ ਲਿਖਤਾਂ ਨੂੰ ਰੈਣਾ ਜੀ ਨੇ ਰੀਝ ਨਾਲ ਉਲਥਾਇਆ।
ਅੰਮ੍ਰਿਤਸਰ ਵਿਚ ਨਿਵਾਸ ਕਰਨ ਵਾਲੀ ਇਹ ਜੋੜੀ ਅੱਜ ਕੱਲ੍ਹ ਆਪਣੇ ਪੁੱਤਰ ਡਾ. ਨਵਪ੍ਰੇਮ ਸਿੰਘ ਰੈਣਾ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਫ਼ਲ ਵਿਭਾਗ ਵਿਚ ਪ੍ਰੋਫੈਸਰ ਹਨ, ਪਾਸ ਲੁਧਿਆਣਾ ਰਹਿ ਰਹੀ ਸੀ। ਰੈਣਾ ਜੀ ਦੇ ਅਕਾਲ ਚਲਾਣੇ ਤੋਂ ਕੁਝ ਦਿਨ ਬਾਅਦ 26 ਨਵੰਬਰ 2023 ਨੂੰ ਕੰਵਲਜੀਤ ਕੌਰ ਰੈਣਾ ਵੀ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਪਰਿਵਾਰ ਵਿਚ ਪੁੱਤਰ ਡਾ. ਨਵਪ੍ਰੇਮ ਸਿੰਘ ਰੈਣਾ, ਨੂੰਹ ਡਾ. ਮਨਪ੍ਰੀਤ ਕੌਰ (ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਰਸਾਇਣ ਵਿਭਾਗ ਵਿਚ ਪ੍ਰੋਫੈਸਰ ਹਨ), ਪੁੱਤਰੀ ਪ੍ਰੇਮ ਅਰਚਨਾ ਤੇ ਜਵਾਈ ਹਰਵਿੰਦਰ ਸਿੰਘ (ਜੋ ਸਿਡਨੀ - ਅਸਟਰੇਲੀਆ ਰਹਿੰਦੇ ਹਨ) ਹਨ।
ਇਹ ਜੋੜੀ ਅੱਜ ਭਾਵੇਂ ਸਾਡੇ ਵਿਚਕਾਰ ਨਹੀਂ ਰਹੀ ਪਰ ਪ੍ਰੇਮ ਅਵਤਾਰ ਸਿੰਘ ਰੈਣਾ ਨੂੰ ਸਾਹਿਤਕ ਕਾਰਜਾਂ ਕਰ ਕੇ ਅਤੇ ਕੰਵਲਜੀਤ ਕੌਰ ਨੂੰ ਵਿਦਿਅਕ ਖੇਤਰ ਵਿਚ ਪਾਏ ਯੋਗਦਾਨ ਲਈ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਅਤੇ ਅੰਤਿਮ ਅਰਦਾਸ ਪਹਿਲੀ ਦਸੰਬਰ 2023 ਨੂੰ ਦੁਪਹਿਰ ਦੁਪਹਿਰ 12.30 ਤੋਂ 1.30 ਤੱਕ ਗੁਰਦੁਆਰਾ ਮਾਈ ਬਿਸ਼ਨ ਕੌਰ, ਪ੍ਰੋਫੈਸਰ ਕਲੋਨੀ, ਬਾੜੇਵਾਲ ਰੋਡ, ਲੁਧਿਆਣਾ ਵਿਖੇ ਹੋਵੇਗੀ।
ਸੰਪਰਕ: +1-937-573-9812