ਸੰਵੇਦਨਾ ਵਾਲਾ ਨੈੱਟ ਕੁਨੈਕਸ਼ਨ
ਸਵਰਨ ਸਿੰਘ ਭੰਗੂ
ਅਮਰੀਕਾ ਵਸਦੇ ਜਸਵੀਰ ਭੈਣ ਜੀ ਅਕਸਰ ਫੋਨ ਕਰ ਲੈਂਦੇ। ਉਹ ਉਨ੍ਹਾਂ ਵਿਚੋਂ ਹਨ ਜਿਹੜੇ ਇਸ ਧਰਤੀ ’ਤੇ ਚੰਗੀ ਸਿਰਜਣਾ ਦੇ ਕਦਰਦਾਨ ਹਨ ਅਤੇ ਕੁਝ ਸਿਰਜਣਾ ਚਾਹੁੰਦੇ ਹਨ। ਉਨ੍ਹਾਂ ਦਾ ਵਿਸ਼ੇਸ਼-ਵਿਅਕਤੀਤਵ ਵਾਲਾ 60 ਸਾਲਾ ਛੋਟਾ ਭਰਾ ਹੈ ਜਿਹੜਾ ਕਦੇ 3 ਸਾਲ ਦੇ ਬੱਚੇ ਜਿਹਾ ਹੁੰਦਾ ਹੈ ਅਤੇ ਕਦੇ ਵੱਡਿਆਂ ਤੋਂ ਵੀ ਵੱਡੀ ਗੱਲ ਕਰ ਜਾਂਦਾ ਹੈ, ਬੇਪ੍ਰਵਾਹ, ਦਾਨਾ। ਸਾਡੇ ਮੁਲਕ ਵਿਚ ਤਾਂ ਅਜਿਹੇ ਵਿਅਕਤੀਤਵ ਵਾਲੇ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਤੇ ਉਹ ਦੂਜਿਆਂ ਦੇ ਰਹਿਮ ’ਤੇ ਜਿਊਂਦਾ ਹੈ। ਜਸਵੀਰ ਚਿਰ ਪਹਿਲਾਂ ਵਿਦੇਸ਼ ਚਲੀ ਗਈ ਸੀ ਅਤੇ 20 ਸਾਲ ਪਹਿਲਾਂ ਉਹਨੇ ਆਪਣੇ ਇਸ ਭਰਾ ਨੂੰ ਵੀ ਕੋਲ ਬੁਲਾ ਲਿਆ ਸੀ। ਉਹ ਨਾਲ ਦੇ ਮੁਲਕ ਕੈਨੇਡਾ ਵਿਚ ਇੱਕ ਗੁਰੂ ਘਰ ਲਈ ਸੱਚੇ ਪਹਿਰੇਦਾਰ ਵਜੋਂ ਸੇਵਾਵਾਂ ਦੇ ਰਿਹਾ ਹੈ ਅਤੇ ਗੁਜ਼ਰ-ਬਸਰ ਕਰਦਾ ਹੈ। ਜਸਵੀਰ ਭੈਣ ਜੀ ਆਪਣੀ ਉਮਰ ਦਾ ਵੱਡਾ ਹਿੱਸਾ ਨਰਸਿੰਗ ਸੇਵਾਵਾਂ ਦੇ ਸੰਵੇਦਨਸ਼ੀਲ ਕਿੱਤੇ ਨਾਲ ਜੁੜੇ ਰਹੇ ਹਨ, ਉਹ ਆਪਣੇ ਇਸ ਵਿਸ਼ੇਸ਼ ਰਿਸ਼ਤੇ ਨਾਲ ਅੱਖ ਜਾਂ ਮਨ ਤੋਂ ਕਦੇ ਵੀ ਦੂਰ ਨਾ ਕਰਨ ਵਾਲੀ ਜਜ਼ਬਾਤੀ ਸਾਂਝ ਰੱਖਦੇ ਹਨ। ਉਹ ਉਹਦੀ ਸਿਹਤ ਦੀ ਪਹਿਰੇਦਾਰ ਤਾਂ ਹੈ ਹੀ, ਨਾਲੋ-ਨਾਲ ਉਹਨੂੰ ਅੱਖਰਾਂ ਨਾਲ ਜੋੜਦੀ ਰਹਿਣ ਵਾਲੀ, ਉਸ ਦੀ ਧੀਰਜਵਾਨ ਤੇ ਅਣਥੱਕ ਅਧਿਆਪਕਾ ਵੀ ਹੈ। ਉਹ ਜੋ ਵੀ ਆਪਣੇ ਭਰਾ ਲਈ ਕਰਦੀ ਹੈ, ਆਪਣੇ-ਆਪ ਨੂੰ ਭੋਰਾ ਭਰ ਵੀ ਸਿਲਾ ਨਹੀਂ ਦਿੰਦੀ ਸਗੋਂ ਕਹਿੰਦੀ ਹੈ- “ਮੇਰੇ ਇਸ ਭਰਾ ਨੇ ਮੇਰੇ ’ਤੇ ਵੱਡਾ ਅਹਿਸਾਨ ਕੀਤਾ ਹੈ; ਇਹਨੇ ਮੈਨੂੰ ਹਾਸ਼ੀਏ ਤੋਂ ਪਾਰ ਦੇਖਣਾ ਸਿਖਾਇਆ, ਮੇਰਾ ਮਾਨਵੀ ਦ੍ਰਿਸ਼ਟੀਕੋਣ ਬਣਾਇਆ।” ਉਹ ਦੱਸਦੀ ਹੈ ਕਿ ਇਸ ਧਰਤੀ ’ਤੇ ਬਹੁਤ ਸਾਰੇ ਬੱਚੇ ਮੇਰੇ ਭਰਾ ਵਾਂਗ ਵਿਕਸਤ ਹੁੰਦੇ ਹਨ। ਇਨ੍ਹਾਂ ਦੀ ਸੰਭਾਲ ਭਾਵੇਂ ਸਥਾਨਕ ਵਿਵਸਥਾਵਾਂ ਦਾ ਵਿਸ਼ਾ ਹੈ ਪਰ ਸਾਡੇ ਮੁਲਕ ਵਿਚ ਅਜਿਹੀ ਜਨ-ਹਿਤੂ ਵਿਵਸਥਾ ਨੂੰ ਕੌਣ ਉਡੀਕੇ? ਉਹਨੇ ਮਿਥ ਲਿਆ ਹੋਇਆ ਹੈ ਕਿ ਉਹ ਪੰਜਾਬ ਦੀ ਧਰਤੀ ’ਤੇ ਭਰਾ ਨੂੰ ਸਮਰਪਿਤ ਅਜਿਹੇ ਵਿਸ਼ੇਸ਼-ਵਿਅਕਤੀਤਵ ਵਾਲਿਆਂ ਲਈ ਕੇਂਦਰ ਖੋਲ੍ਹੇਗੀ।
ਅਜਿਹੀਆਂ ਗੱਲਾਂ ਕਰਦਿਆਂ ਉਹ ਦੱਸਦੀ ਹੈ ਕਿ ਮਨੁੱਖ ਲਈ ਕੁਝ ਵੀ ਕਰਨਾ ਹਰ ਇੱਕ ਦੇ ਵਸ ਵਿਚ ਨਹੀਂ ਹੁੰਦਾ। ਅਜਿਹਾ ਕਰਨ ਲਈ ਮਨੁੱਖੀ ਸਿਰ ਵਿਚ ਪੂਰੀ ਰੇਂਜ ਵਾਲਾ ਨੈੱਟ ਕੁਨੈਕਸ਼ਨ ਹੋਣਾ ਜ਼ਰੂਰੀ ਹੁੰਦਾ। ਇਸ ਨੂੰ ਅਜਿਹਾ ਐਂਟੀਨਾ ਵੀ ਕਹਿ ਸਕਦੇ ਹਾਂ ਜਿਸ ਨਾਲ ਮਨੁੱਖੀ ਮਨ ’ਤੇ ਮਾਨਵੀ ਦਰਦ ਦੀਆਂ ਤਸਵੀਰਾਂ ਬਣਦੀਆਂ ਹਨ। ਭੈਣ ਜੀ ਨੇ ਮਾਨਵੀ ਦ੍ਰਿਸ਼ਟੀਕੋਣ ਦੀ ਸਰਲ ਵਿਆਖਿਆ ਕਰ ਦਿੱਤੀ ਸੀ। ਇਹ ਗੱਲ ਹੋਣ ਮਗਰੋਂ ਮੇਰੇ ਜਿ਼ਹਨ ਵਿਚ ਆਪਣੀ ਹਾਲੀਆ ਕੈਨੇਡਾ ਫੇਰੀ ਦੀਆਂ ਯਾਦਾਂ ਨਾਲ ਰਿਹਾ ਮਾਖਤਾ ਚੂਰ ਹੋ ਜਾਂਦਾ ਹੈ। ਸਬਬੀਂ ਮੈਂ ਜਿਸ ਵਿਆਹ ਸਮਾਗਮ ਵਿਚ ਸ਼ਾਮਲ ਹੋਇਆ ਸੀ, ਘਰ ਦੇ ਮੁਖੀ ਨੂੰ ਘਰ ਅਤੇ ਪਲਾਟ ਦੀ ਕੀਮਤ ਪੁੱਛ ਬੈਠਾ। ਉਹਨੇ ਸਹਿਜ ਨਾਲ ਦੱਸਿਆ ਕਿ ਲੱਗਭੱਗ 40 ਕਰੋੜ (ਰੁਪਇਆਂ ਵਿਚ) ਹੋਵੇਗੀ। ਦੂਜੇ ਦਨਿ ਜਦੋਂ ਇੱਕ ਹੋਰ ਰਿਸ਼ਤੇਦਾਰ ਕੋਲ ਇਸ ਕੀਮਤ ਦੀ ਵਾਹ ਵਾਹੀ ਕਰ ਰਿਹਾ ਸਾਂ ਤਾਂ ਉਸ ਦੱਸਿਆ ਕਿ ਅਹੁ ਜਿਹੜਾ ਸਾਰੇ ਵਿਆਹ ਵਿਚ ਊਰੀ ਵਾਂਗ ਘੁੰਮ ਰਿਹਾ ਹੈ, ਇਸ ਦੀ ਮਹਿਲ ਨੁਮਾ ਰਿਹਾਇਸ਼ ਡੇਢ ਏਕੜ ਵਿਚ ਹੈ, 80 ਕਰੋੜ ਦੀ ਹੋਊ। ਇਸੇ ਠਾਹਰ ਦੌਰਾਨ ਮਿਲਦੇ ਲੋਕਾਂ, ਹਮਦਰਦਾਂ, ਸ਼ੁਭਚਿੰਤਕਾਂ ਅਤੇ ਮਿੱਤਰ ਬੇਲੀਆਂ ਵਿਚੋਂ, ਇੱਕ ਹੋਰ ਦਾ ਅਰਬਾਂ ਰੁਪਏ ਦਾ ਮਹਿਲ, 100 ਵੱਡੇ ਟਰੱਕਾਂ ਦੀ ਟਰਾਂਸਪੋਰਟ, ਕੁੱਲ ਮਿਲਾ ਕੇ ਉਹ 250 ਲੋਕਾਂ ਦਾ ਰੁਜ਼ਗਾਰਦਾਤਾ ਸੀ। ਉਸ ਤੋਂ ਅਗਲੇ ਦੇ ਫਾਰਮ ਹਾਊਸ, ਮਹਿਲ ਅਤੇ ਖੇਤੀ ਸੰਦਾਂ ਵਾਲੀ ਜਾਇਦਾਦ ਵੀ ਅਰਬਾਂ ਤੋਂ ਘੱਟ ਨਹੀਂ ਸੀ। ਇਸ ਤੋਂ ਅਗਲਾ, ਸਿਟੀ ਹਰਟ ਦੇ ਤੌਰ ’ਤੇ ਜਾਣੀ ਜਾਂਦੀ 4 ਏਕੜ ਜ਼ਮੀਨ ਦੇ ਆਲੀਸ਼ਾਨ ਬੰਗਲੇ ਵਿਚ ਰਹਿ ਰਿਹਾ ਸੀ। ਅਗਲਾ ਕਾਰੋਬਾਰੀ ਆਪਣੀ ਨਵੀਂ ਨਕੋਰ, ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਦਾ ਪ੍ਰਦਰਸ਼ਨ ਕਰ ਰਿਹਾ ਸੀ।
ਬਰੈਂਪਟਨ ਪੁੱਜਾ ਤਾਂ 50 ਵਰ੍ਹੇ ਪਹਿਲਾਂ ਵਾਲਾ ਸਾਈਕਲ-ਯਾਰ ਅਮਰੀਕਾ ਤੋਂ ਮਿਲਣ ਪਹੁੰਚਦਾ ਹੈ। ਉਹ ਨਿਆਗਰਾ ਫਾਲਜ਼ ਤੋਂ ਪਹਿਲਾਂ ਜਿਸ ਰਿਹਾਇਸ਼ ’ਤੇ ਲੈ ਜਾਂਦਾ ਹੈ ਤਾਂ ਪਤਾ ਲੱਗਦਾ- 96 ਕਮਰਿਆਂ ਦਾ 4 ਮੰਜ਼ਿਲਾ ਰਿਟਾਇਰਮੈਂਟ-ਰੈਜੀਡੈਂਸ, ਦੁਆਲੇ ਸਟਾਫ ਦੇ ਬਸੇਰੇ ਤੇ ਵੱਡੀ ਪਾਰਕਿੰਗ ਉਸੇ ਦੀ ਹੈ। ਇੱਕ ਹੋਰ ਦਨਿ ਉਹ ਦੁਬਾਰਾ ਆਉਂਦਾ ਹੈ ਤਾਂ ਦੁਆਲੇ ਦੇ ਆਪਣੇ 4-5 ਮਕਾਨਾਂ ਵਾਲੇ 100 ਏਕੜ ਫਾਰਮ ਦਾ ਦੌਰਾ ਕਰਵਾਉਂਦਿਆਂ ਦੱਸਦਾ ਕਿ ਉਹ ਨੇੜੇ ਹੀ ਸਰਹੱਦ ਨਾਲ ਲੱਗਦੇ ਸ਼ਹਿਰ ਬੱਫਲੋ ਦਾ ਵਾਸੀ ਹੈ। ਉਸ ਅਨੁਸਾਰ ਅਮਰੀਕਾ ’ਚ ਉਸ ਦੇ 2 ਹੋਟਲ, ਰਿਫਾਇਨਰੀ ਤੇ ਹੋਰ ਜਾਇਦਾਦ ਹੈ। ਮੈਂ 50 ਸਾਲ ਬਾਅਦ ਸਾਈਕਲਾਂ ਵਾਲੇ ਯਾਰਾਨੇ ਤੋਂ ਪਿੱਛੋਂ ਭਗਵਾਨ ਕ੍ਰਿਸ਼ਨ ਤੇ ਸੁਦਾਮੇ ਵਿਚਲੀ ਗੂੜ੍ਹੀ ਲਕੀਰ ਦੇਖਦਾ ਹਾਂ; ਉਹਨੂੰ ਰਸ਼ਕ ਨਾਲ ਬਾਬਾ ਬੁੱਲੇ ਸ਼ਾਹ ਦਾ ਦੋਹਾ ਵੀ ਸੁਣਾ ਦਿੰਦਾ ਹਾਂ: ‘ਬੁੱਲਿਆ ਵਾਰੇ ਜਾਈਏ ਉਨ੍ਹਾਂ ਦੇ, ਜਿਹੜੇ ਗੱਲੀਂ ਦੇਣ ਪਰਚਾ। ਸੂਈ ਸਲ਼ਾਈ ਦਾਨ ਕਰਨ ਤੇ ਅਹਿਰਨ ਲੈਣ ਛੁਪਾ।’
ਇਸ ਤੋਂ ਬਾਅਦ ਉਹ ਮੈਨੂੰ ਆਪਣੇ ਇੱਕ ਹੋਰ ਦੋਸਤ ਦੇ ਫਾਰਮ ਹਾਊਸ ’ਤੇ ਲੈ ਜਾਂਦਾ ਹੈ। ਸੜਕ ਤੋਂ 2 ਏਕੜ ਦੀ ਵਿੱਥ ’ਤੇ ਮਹਿਲ ਨੁਮਾ ਰਿਹਾਇਸ਼ ਦਾ ਦਰਵਾਜ਼ਾ ਰਿਮੋਟ ਨਾਲ ਖੁੱਲ੍ਹਦਾ ਹੈ। ਖੁੱਲ੍ਹੇ ਫਾਰਮ ਹਾਊਸ ਵਿਚ ਕੁਝ ਵਾਹਨ ਖੜ੍ਹੇ ਹਨ। ਇੱਕ ਟਰਾਲੇ ’ਤੇ ਵੱਡੀ ਮੋਟਰ-ਬੋਟ ਲੱਦੀ ਹੈ। ਅਸੀਂ ਨਾਲ ਹੀ ਬਣੇ ਲੰਮੇ, ਚੌੜੇ ਅਤੇ ਉੱਚੇ ਸ਼ਾਨਦਾਰ ਹਾਲ ਕਮਰੇ ਵਿਚ ਦਾਖਲ ਹੁੰਦੇ ਹਾਂ। ਅੰਦਰ ਵੱਡੀ ਬਾਰ (ਦਾਰੂ ਪੀਣ ਦਾ ਸਥਾਨ) ਹੈ। ਵੱਖ ਵੱਖ ਤਰ੍ਹਾਂ ਦੀਆਂ 5-6 ਕਾਰਾਂ ਵਿਚ ਇੱਕ ਨਵੀਂ ਨਕੋਰ ਬੈਟਲੇ ਕਾਰ ਖੜ੍ਹੀ ਹੈ; 4-5 ਨਵੇਂ ਨਕੋਰ ਮੋਟਰ ਸਾਈਕਲ ਹਨ; ਥਾਰ ਜੀਪ ਹੈ; ਬਲਦਾਂ ਵਾਲੀ ਤਾਂਗੀ, ਹਲ, ਪੰਜਾਲੀ, ਮੰਜੇ, ਪੀੜ੍ਹੀਆਂ, ਮਧਾਣੀ, ਚਾਟੀ ਆਦਿ ਘਰੇਲੂ ਸਮਾਨ ਤੋਂ ਇਲਾਵਾ ਦੂਸਰੇ ਸੰਸਾਰ ਯੁੱਧ ਵਿਚ ਵਰਤੀਆਂ ਤੋਪਾਂ ਦਾ ਮਾਡਲ, ਲਿਸ਼ਕਦੀ ਤੋਪ ਖੜ੍ਹੀ ਹੈ। ਮੇਰਾ ਦੋਸਤ ਅਤੇ ਘਰ ਦਾ ਮੁਖੀ ਦੱਸਦੇ ਹਨ ਕਿ ਇਹ ਉਨ੍ਹਾਂ ਦਾ ਘਰੇਲੂ ਅਜਾਇਬਘਰ ਹੈ।
ਮੇਰੇ ਲਈ ਤਾਂ ਹੁਣ ਇਸ ਪਰਿਵਾਰ ਦੀ ਚੱਲ/ਅਚੱਲ ਪੂੰਜੀ ਦਾ ਪਤਾ ਲਾਉਣਾ ਵੀ ਔਖਾ ਸੀ।
ਅਗਲੇ ਹੀ ਦਨਿ ਮੈਂ ਵਾਪਸ ਪਰਤਣਾ ਸੀ; ਨਹੀਂ ਤਾਂ ਹੋ ਸਕਦਾ ਹੈ, ਮੇਰੀ ਆਖ਼ਰੀ ਹੈਰਾਨੀ ਨੂੰ ਕੋਈ ਹੋਰ ਢਕ ਲੈਂਦਾ। ਇਸ ਬ੍ਰਹਿਮੰਡੀ ਪਸਾਰੇ ਵਿਚ ਸੂਰਜ ਵੀ ਭਾਵੇਂ ਘੈਂਟ ਨਹੀਂ ਲੱਗਦਾ ਪਰ ਧਰਤੀ ਦੇ ਧਨੀਆਂ ਦੀ ਲੜੀ ਤਾਂ ਦੁਨੀਆ ਭਰ ਦੇ ਕਾਰਪੋਰੇਟਾਂ ਤੋਂ ਲੈ ਕੇ ਐਲਨ ਮਸਕ ਤੱਕ ਜਾਂਦੀ ਹੈ। ਮੇਰੇ ਮਨ ਵਿਚ ਧਨੀਆਂ ਪ੍ਰਤੀ ਅਕਸਰ ਸ਼ਿਕਵਾ ਉੱਭਰਦਾ ਰਿਹਾ ਸੀ ਕਿ ਇਹ ਲੋਕ ਲੋੜਵੰਦਾਂ ਲਈ ਵੱਧ ਤੋਂ ਵੱਧ ਉਪਕਾਰ ਕਿਉਂ ਨਹੀਂ ਕਰ ਦਿੰਦੇ?... ਪਰ ਹੁਣ ਜਿੱਥੋਂ ਇਹ ਲੇਖ ਸ਼ੁਰੂ ਹੋਇਆ ਸੀ, ਸਹਿਜੇ ਹੀ ਆਪਣਾ ਸ਼ਿਕਵਾ ਸਮੇਟਦਾ ਬੰਦ ਕਰਦਾ ਹਾਂ ਕਿ ਉਨ੍ਹਾਂ ਪੂੰਜੀ ਪਸਰਾਵਿਆਂ ਕੋਲ, ਮਾਨਵੀ ਸੰਵੇਦਨਾ ਨੂੰ ਰੂਪਮਾਨ ਕਰਨ ਵਾਲਾ ਨੈੱਟ ਪੈਕੇਜ ਹੀ ਨਹੀਂ ਅਤੇ ਨਾ ਹੀ ਉਹ ਐਂਟੀਨਾ ਜਿਸ ਨਾਲ ਉਨ੍ਹਾਂ ਦੇ ਜਿ਼ਹਨ ਵਿਚ ਕੋਈ ਮਾਨਵੀ ਪੀੜ ਦਾ ਖਾਕਾ ਉੱਭਰਦਾ ਹੋਵੇ।
\ਸੰਪਰਕ: 94174-69290