ਸੀਨੀਅਰ ਸਟੇਟ ਨੈੱਟਬਾਲ ਚੈਂਪੀਅਨਸ਼ਿਪ ਦਾ ਆਗਾਜ਼
ਪੱਤਰ ਪ੍ਰੇਰਕ
ਬਰਨਾਲਾ, 23 ਸਤੰਬਰ
15ਵੀਂ ਸੀਨੀਅਰ ਸਟੇਟ ਨੈੱਟਬਾਲ ਚੈਂਪੀਅਨਸ਼ਿਪ (ਪੁਰਸ਼/ਔਰਤਾਂ) ਸਥਾਨਕ ਐੱਸਡੀ ਕਾਲਜ ’ਚ ਆਰੰਭ ਹੋ ਗਈ ਹੈ। ਪੰਜਾਬ ਨੈੱਟਬਾਲ ਐਸੋਸੀਏਸ਼ਨ ਵੱਲੋਂ ਕਰਵਾਏ ਦੋ ਰੋਜ਼ਾ ਮੁਕਾਬਲਿਆਂ ਦਾ ਸ਼ੁਭ ਆਰੰਭ ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ ਨੇ ਕੀਤਾ। ਇਸ ਮੌਕੇ ਪੰਜਾਬ ਨੈੱਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਦਿਲਬਾਗ ਸਿੰਘ ਨੇ ਕਿਹਾ ਕਿ ਇਸੇ ਗਰਾਊਂਡ ਤੋਂ ਟ੍ਰੇਨਿੰਗ ਲੈ ਕੇ ਕਈ ਵਿਦਿਆਰਥੀ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ’ਤੇ ਨਾਮਣਾ ਖੱਟ ਚੁੱਕੇ ਹਨ। ਪ੍ਰਬੰਧਕੀ ਸਕੱਤਰ ਪ੍ਰੋ. ਬਲਵਿੰਦਰ ਕੁਮਾਰ ਸ਼ਰਮਾ ਨੇ ਧੰਨਵਾਦੀ ਸ਼ਬਦ ਕਹਿੰਦਿਆਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਮਰਦਾਂ ਅਤੇ ਔਰਤਾਂ ਦੇ ਵਰਗ ਵਿਚ 16 ਜ਼ਿਲ੍ਹਿਆਂ ਦੀਆਂ 13-13 ਟੀਮਾਂ ਹਿੱਸਾ ਲੈ ਰਹੀਆਂ ਹਨ। ਪਹਿਲੇ ਦਿਨ ਮਰਦਾਂ ਦੇ ਮੁਕਾਬਲਿਆਂ ਵਿਚ ਬਠਿੰਡਾ ਨੇ ਸੰਗਰੂਰ ਨੂੰ ਅਤੇ ਲੁਧਿਆਣਾ ਨੇ ਫਰੀਦਕੋਟ ਦੀ ਟੀਮ ਨੂੰ ਮਾਤ ਦਿੱਤੀ। ਔਰਤਾਂ ਦੇ ਵਰਗ ਵਿਚ ਫਾਜ਼ਿਲਕਾ ਨੇ ਮਾਨਸਾ ਅਤੇ ਬਰਨਾਲਾ ਨੇ ਤਰਨਤਾਰਨ ਦੀ ਟੀਮ ਨੂੰ ਹਰਾਇਆ। ਇਸ ਮੌਕੇ ਪੰਜਾਬ ਨੈੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਕੁਮਾਰ ਮਿੱਤਲ, ਸਰਪ੍ਰਸਤ ਜਤਿੰਦਰ ਨਾਥ ਸ਼ਰਮਾ, ਖਜ਼ਾਨਚੀ ਡਾ. ਮੁਕੰਦ ਲਾਲ ਬਾਂਸਲ, ਐੱਸਡੀ ਕਾਲਜ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਮੈਂਬਰ ਰਾਹੁਲ ਅੱਤਰੀ, ਪ੍ਰਿੰਸੀਪਲ ਡਾ. ਰਮਾ ਸ਼ਰਮਾ, ਪ੍ਰਿੰਸੀਪਲ ਡਾ. ਤਪਨ ਸਾਹੂ, ਪ੍ਰਿੰਸੀਪਲ ਕਸ਼ਮੀਰ ਸਿੰਘ, ਪ੍ਰਿੰਸੀਪਲ ਰਾਕੇਸ਼ ਗਰਗ, ਖੇਡ ਵਿਭਾਗ ਤੋਂ ਜਸਪ੍ਰੀਤ ਸਿੰਘ ਜੱਸੂ ਤੇ ਜਸਵੀਰ ਸਿੰਘ ਆਦਿ ਹਾਜ਼ਰ ਸਨ।
ਬਠਿੰਡਾ (ਪੱਤਰ ਪ੍ਰੇਰਕ): ਬਠਿੰਡਾ ਵਿਚ 76ਵਾਂ ਜ਼ਿਲ੍ਹਾ ਬਾਸਕਟਬਾਲ ਟੂਰਨਾਮੈਂਟ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ’ਚ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਾਬਕਾ ਸੰਸਦ ਮੈਂਬਰ ਫ਼ਰੀਦਕੋਟ ਬੀਬੀ ਪਰਮਜੀਤ ਕੌਰ ਗੁਲਸ਼ਨ ਅਤੇ ਜਸਟਿਸ ਨਿਰਮਲ ਸਿੰਘ ਪੁੱਜੇ। ਟੂਰਨਾਮੈਂਟ ਦੌਰਾਨ ਬਠਿੰਡਾ-1 ਨੇ ਬਠਿੰਡਾ-2 ਨੂੰ ਹਰਾ ਕਿ ਟਰਾਫ਼ੀ ’ਤੇ ਕਬਜ਼ਾ ਕੀਤਾ ਅਤੇ ਤੀਜਾ ਸਥਾਨ ਗੋਨਿਆਣਾ ਨੇ ਹਾਸਲ ਕੀਤਾ। ਸਕੂਲ ਦੇ ਪ੍ਰਿੰਸੀਪਲ ਜਗਤਾਰ ਸਿੰਘ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਕੁਲਤਾਰ ਸੰਧਵਾਂ ਨੇ ਹਾਕੀ ਕਲੱਬ ਨੂੰ 5 ਲੱਖ ਦਾ ਚੈੱਕ ਸੌਂਪਿਆ
ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇੱਥੇ ਬਾਬਾ ਫ਼ਰੀਦ ਹਾਕੀ ਕਲੱਬ ਨੂੰ ਪੰਜ ਲੱਖ ਰੁਪਏ ਦਾ ਚੈੱਕ ਸੌਂਪਦਿਆਂ ਕਿਹਾ ਕਿ ਫ਼ਰੀਦਕੋਟ ਦੀ ਐਸਟੋਟਰਫ਼ ਹਾਕੀ ਗਰਾਊਂਡ ਨੂੰ ਲੋੜੀਂਦੀਆਂ ਸਹੂਲਤਾਂ ਤੁਰੰਤ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ। ਹਾਕੀ ਕਲੱਬ ਇੱਥੇ 31ਵਾਂ ਆਲ ਇੰਡੀਆ ਬਾਬਾ ਫ਼ਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ ਕਰਵਾ ਰਿਹਾ ਹੈ। ਇਸ ਮੌਕੇ ਸਪੀਕਰ ਨੇ ਇਸ ਟੂਰਨਾਮੈਂਟ ’ਚ ਖੇਡਣ ਆਈਆਂ ਟੀਮਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਹਾਕੀ ਕਲੱਬ ਦੇ ਪ੍ਰਧਾਨ ਤੇਜਿੰਦਰ ਸਿੰਘ ਮੌੜ ਅਤੇ ਹਰਦੇਵ ਸਿੰਘ ਨੇ ਕਿਹਾ ਕਿ ਟੂਰਨਾਮੈਂਟ ਵਿਚ ਹਾਕੀ ਦੀਆਂ 12 ਟੀਮਾਂ ਨੇ ਭਾਗ ਲਿਆ ਸੀ। ਹਰਦੇਵ ਸਿੰਘ ਨੇ ਦੱਸਿਆ ਕਿ ਫਾਈਨਲ ਮੁਕਾਬਲੇ ’ਚ ਈਐੱਮਈ ਜਲੰਧਰ ਨੇ ਬੀ.ਐੱਸ.ਐੱਫ਼. ਨੂੰ 5-3 ਦੇ ਫਰਕ ਨਾਲ ਹਰਾ ਕੇ ਟਰਾਫੀ ਜਿੱਤ ਲਈ ਹੈ। ਕਲੱਬ ਨੇ ਜੇਤੂ ਟੀਮ ਨੂੰ 51000 ਰੁਪਏ ਨਗਦ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ। ਜਦੋਂ ਕਿ ਰਨਰ ਟੀਮ ਨੂੰ 31000 ਰੁਪਏ ਨਗਦ ਅਤੇ ਟਰਾਈ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਬੈਡਮਿੰਟਨ ਦੇ ਵੀ ਖੇਡ ਮੁਕਾਬਲੇ ਹੋਏ। ਵਿਧਾਨ ਸਭਾ ਦੇ ਸਪੀਕਰ ਨੇ ਬੈਡਮਿੰਟਨ ਦੀ ਫਾਈਨਲ ਜੇਤੂ ਟੀਮ ਸੀਗੁਲ ਇਮੀਗਰੇਸ਼ਨ ਸੁਪਰ ਸਪੈਸ਼ਰ ਨੂੰ 15 ਹਜ਼ਾਰ ਰੁਪਏ ਤੇ ਟਰਾਫੀ ਅਤੇ ਰਨਰਅੱਪ ਰਹੀ ਟੀਮ ਬਾਬਾ ਮਿਲਕ ਫਾਈਟਰਸ ਨੂੰ 11 ਹਜ਼ਾਰ ਰੁਪਏ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ।