ਸੀਨੀਅਰ ਕੌਮੀ ਬੈਡਮਿੰਟਨ ਚੈਂਪੀਅਨਸ਼ਿਪ: ਵਲੀਸ਼ੈੱਟੀ ਨੇ ਮੌਜੂਦਾ ਚੈਂਪੀਅਨ ਅਨਮੋਲ ਨੂੰ ਹਰਾਇਆ
ਬੰਗਲੂਰੂ: ਮੌਜੂਦਾ ਚੈਂਪੀਅਨ ਅਨਮੋਲ ਖਰਬ ਅਤੇ ਪੰਜ ਹੋਰ ਦਰਜਾ ਪ੍ਰਾਪਤ ਮਹਿਲਾ ਸਿੰਗਲਜ਼ ਖਿਡਾਰਨਾਂ ਅੱਜ ਇੱਥੇ ਪ੍ਰੀ-ਕੁਆਰਟਰ ਫਾਈਨਲ ਵਿੱਚ ਹਾਰ ਕੇ ਸੀਨੀਅਰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ’ਚੋਂ ਬਾਹਰ ਹੋ ਗਈਆਂ। ਅਨਮੋਲ ਹਾਲ ਹੀ ਵਿੱਚ ਗੁਹਾਟੀ ਮਾਸਟਰਜ਼ ਸੁਪਰ 100 ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚੀ ਸੀ। ਉਹ 12ਵਾਂ ਦਰਜਾ ਪ੍ਰਾਪਤ ਸ੍ਰੀਯਾਂਸ਼ੀ ਵਲੀਸ਼ੈੱਟੀ ਤੋਂ 12-21, 15-21 ਨਾਲ ਹਾਰ ਗਈ। ਇੱਕ ਹੋਰ ਮੈਚ ਵਿੱਚ 16ਵਾਂ ਦਰਜਾ ਪ੍ਰਾਪਤ ਤਸਨੀਮ ਮੀਰ ਨੇ ਸਿਖਰਲਾ ਦਰਜਾ ਪ੍ਰਾਪਤ ਆਕਰਸ਼ੀ ਕਸ਼ਯਪ ਨੂੰ 21-19, 21-17 ਨਾਲ ਹਰਾ ਦਿੱਤਾ। ਇਸੇ ਤਰ੍ਹਾਂ 15ਵਾਂ ਦਰਜਾ ਪ੍ਰਾਪਤ ਸ਼੍ਰੇਆ ਲੇਲੇ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇੱਕ ਗੇਮ ਨਾਲ ਪਛੜਨ ਤੋਂ ਬਾਅਦ ਸਾਬਕਾ ਚੈਂਪੀਅਨ ਅਤੇ ਦੂਜਾ ਦਰਜਾ ਪ੍ਰਾਪਤ ਅਨੁਪਮਾ ਉਪਾਧਿਆਏ ਨੂੰ ਰੋਮਾਂਚਕ ਮੁਕਾਬਲੇ ਵਿਚ 13-21, 21-18, 21-14 ਨਾਲ ਹਰਾਇਆ। ਦੇਵਿਕਾ ਸਿਹਾਗ (13ਵਾਂ ਦਰਜਾ ਪ੍ਰਾਪਤ) ਨੇ ਚੌਥਾ ਦਰਜਾ ਪ੍ਰਾਪਤ ਅਤੇ ਪਿਛਲੇ ਸੀਜ਼ਨ ਦੀ ਉਪ ਜੇਤੂ ਤਨਵੀ ਸ਼ਰਮਾ ਨੂੰ 21-19, 21-18 ਨਾਲ ਹਰਾਇਆ, ਜਦਕਿ ਰਜੂਲਾ ਰਾਮੂ ਨੇ ਪੰਜਵਾਂ ਦਰਜਾ ਪ੍ਰਾਪਤ ਮਾਨਸੀ ਸਿੰਘ ਨੂੰ 21-19, 20-22, 21-13 ਨਾਲ ਮਾਤ ਦਿੱਤੀ। ਸਾਕਸ਼ੀ ਫੋਗਾਟ (14ਵਾਂ ਦਰਜਾ) ਨੇ ਛੇਵਾਂ ਦਰਜਾ ਪ੍ਰਾਪਤ ਅਦਿਤੀ ਰਾਓ ਦੀ ਮੁਹਿੰਮ 21-18, 21-19 ਨਾਲ ਹਰਾ ਕੇ ਖਤਮ ਕਰ ਦਿੱਤੀ। -ਪੀਟੀਆਈ