ਭਾਜਪਾ ਦੀ ਸੀਨੀਅਰ ਲੀਡਰਸ਼ਿਪ ਸ਼ਾਹੀਨ ਬਾਗ਼ ਦੇ ਕਾਰਕੁਨਾਂ ਨੂੰ ਪਾਰਟੀ ’ਚ ਸ਼ਾਮਲ ਕਰਨ ਤੋਂ ਨਿਰਾਸ਼
ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਅਗਸਤ
ਸ਼ਾਹੀਨ ਬਾਗ਼ ਅੰਦੋਲਨ ਨਾਲ ਜੁੜੇ ਕਾਰਕੁਨਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਸੀਨੀਅਰ ਭਾਜਪਾ ਆਗੂ ਜੋ ਹਾਈਕਮਾਨ ਵਿੱਚ ਚੰਗਾ ਅਸਰ ਰੱਖਦੇ ਹਨ, ਉਹ ਸ਼ਾਹੀਨ ਬਾਗ਼ ਦੇ ਕਾਰਕੁਨਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਤੜਿੰਗ ਹਨ।
ਸ਼ਾਹੀਨ ਬਾਗ਼ ਵਿੱਚ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਲੰਬਾ ਅੰਦੋਲਨ ਚੱਲਿਆ ਸੀ ਜਿਸ ਮਗਰੋਂ ਫਰਵਰੀ ਦੌਰਾਨ ਉੱਤਰੀ-ਪੂਰਬੀ ਦਿੱਲੀ ਵਿੱਚ ਦੰਗੇ ਭੜਕ ਗਏ ਸਨ। ਇਕ ਸੀਨੀਅਰ ਭਾਜਪਾ ਆਗੂ ਨੇ ਕਿਹਾ ਕਿ ਅਜਿਹੇ ਲੋਕਾਂ ਦੀ ਪਾਰਟੀ ਵਿੱਚ ਸ਼ਮੂਲੀਅਤ ਨਾਲ ਪਾਰਟੀ ਨਿਸ਼ਾਨੇ ‘ਤੇ ਆਈ ਕਿਉਂਕਿ ਸੀਏਏ ਵਿਰੋਧੀ ਪ੍ਰਦਰਸ਼ਨਾਂ ਦਾ ਸਥਾਨ (ਸ਼ਾਹੀਨ ਬਾਗ਼) ਹੋਣ ਦੇ ਨਾਲ-ਨਾਲ ਇਸ ਅੰਦੋਲਨ ਨੂੰ ਫਰਵਰੀ ਦੇ ਦੰਗਿਆਂ ਨਾਲ ਜੋੜਿਆ ਰਿਹਾ ਹੈ। ਹਾਈ ਕਮਾਨ ਦੇ ਆਗੂਆਂ ਨੇ ਦਿੱਲੀ ਦੇ ਆਗੂਆਂ ਨੂੰ ਬੁਲਾ ਕੇ ਝਾੜ ਪਾਈ ਸੀ ਕਿ ਅਜਿਹੀ ਹਰਕਤ ਭਵਿੱਖ ਵਿੱਚ ਨਾ ਕੀਤੀ ਜਾਵੇ। ਉਹ ਇਸ ਗੱਲੋਂ ਤੜਿੰਗ ਹਨ ਕਿ ਇਹ ਨਾਜ਼ੁਕ ਮੁੱਦਾ ਉਪਰ ਉੱਚ ਆਗੂਆਂ ਦੇ ਧਿਆਨ ਵਿੱਚ ਕਿਉਂ ਨਹੀਂ ਲਿਆਂਦਾ ਗਿਆ।
ਦਿੱਲੀ ਭਾਜਪਾ ਆਗੂ ਨਿਗਹਤ ਅੱਬਾਸ ਜਿਸ ਦੇ ਕਾਰਨ ਸ਼ਾਹੀਨ ਬਾਗ਼ ਤੋਂ ਮੁਸਲਿਮ ਭਾਈਚਾਰੇ ਦੇ ਲੋਕ ਸ਼ਾਮਲ ਕਰਨ ਵਿੱਚ ਅਹਿਮ ਭੂਮਿਕਾ ਸੀ ਨੇ ਕਿਹਾ ਕਿ ਉਹ ਕਿਸੇ ਵੀ ਸੂਬਾਈ ਜਾਂ ਕੌਮੀ ਪੱਧਰ ਦੇ ਆਗੂ ਵੱਲੋਂ ਇਸ ਮਾਮਲੇ ਵਿੱਚ ਕਿਸੇ ਸ਼ਿਕਾਇਤ ਤੋਂ ਜਾਣੂ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਨਹੀਂ ਜਾਣਦੀ ਕਿ ਕਿਸੇ ਕੌਮੀ ਆਗੂ ਨੇ ਇਸ ਸ਼ਮੂਲੀਅਤ ‘ਤੇ ਨਾਖੁਸ਼ੀ ਜ਼ਾਹਰ ਕੀਤੀ ਹੋਵੇ, ਜਿਨ੍ਹਾਂ ਨੇ ਸੰਪਰਕ ਕੀਤਾ ਉਨ੍ਹਾਂ ਸਿਰਫ਼ ਮੁਬਾਰਕਬਾਦ ਹੀ ਦਿੱਤੀ। ‘ਆਪ’ ਨੇ ਸਿੱਧੇ ਹੀ ਭਾਜਪਾ ਨੂੰ ਸ਼ਾਹੀਨ ਬਾਗ਼ ਧਰਨੇ ਦਾ ਆਯੋਜਕ ਕਰਾਰ ਦੇ ਦਿੱਤਾ ਸੀ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸ਼ਾਹੀਨ ਬਾਗ ਤੋਂ ਕਈ ਕਾਰਕੁਨ ਭਾਜਪਾ ਵਿੱਚ ਸ਼ਾਮਲ ਹੋਏ ਸਨ।