‘ਮੁੱਖ ਅਧਿਆਪਕਾਂ ਨੂੰ ਸਿਖਲਾਈ ਲਈ ਅਹਿਮਦਾਬਾਦ ਭੇਜਣਾ ਸਰਕਾਰ ਦੀ ਵਿਵੇਕਹੀਣਤਾ ਕਰਾਰ’
ਪੱਤਰ ਪ੍ਰੇਰਕ
ਅੰਮ੍ਰਿਤਸਰ, 13 ਅਗਸਤ
ਪੰਜਾਬ ਸਰਕਾਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ ਅਤੇ ਹਾਈ ਸਕੂਲਾਂ ਦੇ ਮੁੱਖ ਅਧਿਆਪਕਾਂ ਦੀ ਕਿੱਤਾਮੁਖੀ ਪ੍ਰਤਿਭਾ ਨਿਖਾਰਨ ਅਤੇ ਉਨ੍ਹਾਂ ਦੇ ਨੇਤਾ-ਮੁਖੀ ਗੁਣਾਂ ਵਿੱਚ ਸੁਧਾਰ ਲਿਆਉਣ ਲਈ ਨਵੀਨਤਮ ਸਿਖਲਾਈ ਕੋਰਸਾਂ ਲਈ ਆਈਆਈਐੱਮ ਅੰਮ੍ਰਿਤਸਰ ਛੱਡ ਕੇ ਆਈਆਈਐੱਮ ਅਹਿਮਦਾਬਾਦ ਭੇਜਣਾ ਸਰਕਾਰ ਦੀ ਵਿਵੇਕਹੀਣਤਾ ਹੈ। ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਕੁਲਵੰਤ ਸਿੰਘ ਅਣਖੀ ਅਤੇ ਮਨਮੋਹਣ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਵਿੱਚ ਅੰਮ੍ਰਿਤਸਰ ਵਿੱਚ ਸਥਿਤ ਕੌਮੀ ਪੱਧਰ ਦੇ ਆਈਆਈਐੱਮ ਨੂੰ ਨਜ਼ਰ-ਅੰਦਾਜ਼ ਕਰ ਕੇ ਮੁੱਖ ਅਧਿਆਪਕਾਂ ਨੂੰ ਦੂਰ-ਦੁਰਾਡੇ ਅਹਿਮਦਾਬਾਦ ਭੇਜਣਾ ਪੰਜਾਬ ਦੇ ਵਿੱਤੀ ਸਰੋਤਾਂ ਦੀ ਅਣਚਾਹੀ ਦੁਰਵਰਤੋਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਕਾਰਵਾਈ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਅੰਮ੍ਰਿਤਸਰ ਜ਼ਿਲ੍ਹਾ ਪੰਜਾਬ ਸਰਕਾਰ ਦੀ ਕਿਸੇ ਵੀ ਪਹਿਲੀ-ਸੂਚੀ ਵਿੱਚ ਸ਼ਾਮਲ ਨਹੀਂ ਹੈ। ਜ਼ਿਕਰਯੋਗ ਹੈ ਕਿ ਆਈਆਈਐਮ ਅੰਮ੍ਰਿਤਸਰ ਵਿੱਚ ਪੰਜਾਬ, ਉੱਤਰਾਖੰਡ, ਬਿਹਾਰ, ਰਾਜਸਥਾਨ ਅਤੇ ਮਹਾਰਾਸ਼ਟਰ ਸੂਬਿਆਂ ਦੇ ਸੀਬੀਐਸਈ ਸਕੂਲਾਂ ਦੇ ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲਾਂ ਦਾ ਕਿੱਤਾ-ਕੁਸ਼ਲਤਾ ਸੈਮੀਨਾਰ ਬੜੀ ਸਫ਼ਲਤਾ ਸਮੇਤ ਸੰਪੰਨ ਹੋ ਚੁੱਕਾ ਹੈ।