ਸੈਨੇਟ ਚੋਣਾਂ: ਡੀਐੱਸਡਬਲਿਊੂ ਨਾਲ ਵਿਦਿਆਰਥੀਆਂ ਦੀ ਮੀਟਿੰਗ ਬੇਸਿੱਟਾ
ਪੱਤਰ ਪ੍ਰੇਰਕ
ਚੰਡੀਗੜ੍ਹ, 25 ਨਵੰਬਰ
ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਸੰਘਰਸ਼ ਤਹਿਤ ਵਿਦਿਆਰਥੀਆਂ ਅਤੇ ਸੈਨੇਟਰਾਂ ਵੱਲੋਂ ਵਾਰ-ਵਾਰ ਸੈਨੇਟ ਚੋਣਾਂ ਬਹਾਲ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੈਦਲ ਰੋਸ ਮਾਰਚ ਦੌਰਾਨ ਵਿਦਿਆਰਥੀ ਆਗੂਆਂ ਉਤੇ ਦਰਜ ਕੀਤਾ ਪੁਲੀਸ ਕੇਸ ਵੀ ਰੱਦ ਕਰਵਾਉਣ ਦੀ ਮੰਗ ਹੈ। ਇਨ੍ਹਾਂ ਮੁੱਦਿਆਂ ਅੱਜ ਵਿਦਿਆਰਥੀਆਂ ਦੀ ਡੀਐੱਸਡਬਲਿਊੂ ਅਮਿਤ ਚੌਹਾਨ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਹੋਈ ਪਰ ਇਹ ਮੀਟਿੰਗ ਉਦੋਂ ਬੇਸਿੱਟਾ ਸਾਬਿਤ ਹੋਈ ਜਦੋਂ ਨਾ ਤਾਂ ਅਥਾਰਿਟੀ ਨੇ ਸੈਨੇਟ ਚੋਣਾਂ ਬਾਰੇ ਅਤੇ ਨਾ ਹੀ ਪੁਲੀਸ ਕੇਸ ਰੱਦ ਕਰਵਾਉਣ ਬਾਰੇ ਕੋਈ ਹਾਮੀ ਭਰੀ।
‘ਸੱਥ’ ਜਥੇਬੰਦੀ ਤੋਂ ਵਿਦਿਆਰਥੀ ਆਗੂ ਰਿਮਲਜੋਤ ਸਿੰਘ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਉਨ੍ਹਾਂ ਨੂੰ ਭਲਕੇ 26 ਨਵੰਬਰ ਨੂੰ ਕੈਂਪਸ ਦਾ ਗੇਟ ਨੰਬਰ 2 ਬੰਦ ਕਰਨ ਤੋਂ ਰੋਕਣ ਦੀ ਨਸੀਹਤ ਹੀ ਦਿੱਤੀ ਗਈ ਜਦਕਿ ਦੋਵੇਂ ਮੰਗਾਂ ਉਤੇ ਅਧਿਕਾਰੀ ਸਹਿਮਤ ਨਹੀਂ ਹੋਏ।
ਐੱਸਐੱਫਐੱਸ ਤੋਂ ਵਿਦਿਆਰਥੀ ਆਗੂ ਸੰਦੀਪ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਪੰਜਾਬ ਯੂਨੀਵਰਸਿਟੀ ਵਿੱਚ ਲੋਕਤੰਤਰਿਕ ਢਾਂਚੇ ਨੂੰ ਬਚਾਉਣਾ ਹੈ। ਪੀਯੂ ਅਥਾਰਿਟੀ ਜੇ ਚੰਡੀਗੜ੍ਹ ਪੁਲੀਸ ਨੂੰ ਅੱਗੇ ਕਰ ਕੇ ਆਪਣਾ ਚਿਹਰਾ ਲੁਕਾਉਣਾ ਚਾਹੁੰਦੀ ਹੈ, ਤਾਂ ਉਸ ਨੂੰ ਭਲਕੇ ਦੇ ਰੋਸ ਪ੍ਰਦਰਸ਼ਨ ਵਿੱਚ ਬੇਪਰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਲਕੇ ਧਰਨੇ ਵਾਲੀ ਥਾਂ ਤੋਂ ਮੋਰਚੇ ਵੱਲੋਂ ਗੇਟ ਨੰਬਰ 2 ਵੱਲ ਕੂਚ ਕੀਤਾ ਜਾਵੇਗਾ ਤੇ ਗੇਟ ਬੰਦ ਕਰ ਕੇ ਜਨਤਾ ਤਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਬੀਕੇਯੂ ਡਕੌਂਦਾ ਵੀ ਹੋਵੇਗੀ ਪ੍ਰਦਰਸ਼ਨ ’ਚ ਸ਼ਾਮਲ: ਧਨੇਰ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਜਥੇਬੰਦੀ ਵਿਦਿਆਰਥੀਆਂ ਦੇ ਇਸ ਹੱਕੀ ਘੋਲ ਦਾ ਸਮਰਥਨ ਕਰੇਗੀ ਅਤੇ 26 ਨਵੰਬਰ ਦੇ ਪ੍ਰਦਰਸ਼ਨ ਵਿੱਚ ਵੀ ਸ਼ਮੂਲੀਅਤ ਕਰੇਗੀ।