ਸੈਨੇਟ ਚੋਣਾਂ: ਵਾਈਸ ਚਾਂਸਲਰ ਅਤੇ ਮੁੱਖ ਸੁਰੱਖਿਆ ਅਫ਼ਸਰ ਦੇ ਪੁਤਲੇ ਫੂਕੇ
ਪੱਤਰ ਪ੍ਰੇਰਕ
ਚੰਡੀਗੜ੍ਹ, 22 ਨਵੰਬਰ
‘ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ’ ਵੱਲੋਂ ਅੱਜ ਸਟੂਡੈਂਟਸ ਸੈਂਟਰ ’ਤੇ ਪੁਲੀਸ ਦੀ ਘੇਰਾਬੰਦੀ ਦੇ ਬਾਵਜੂਦ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਅਤੇ ਮੁੱਖ ਸੁਰੱਖਿਆ ਅਫ਼ਸਰ ਵਿਕਰਮ ਸਿੰਘ ਦੇ ਪੁਤਲੇ ਫੂਕੇ ਗਏ। ਵਿਦਿਆਰਥੀਆਂ ਨੇ ਅਥਾਰਿਟੀ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪਿਛਲੇ ਪੈਦਲ ਰੋਸ ਮਾਰਚ ਦੌਰਾਨ ਵਿਦਿਆਰਥੀ ਆਗੂਆਂ ’ਤੇ ਦਰਜ ਕੀਤਾ ਪੁਲੀਸ ਕੇਸ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਤੇ ਸੈਨੇਟ ਚੋਣਾਂ ਦੀ ਬਹਾਲੀ ਮੰਗੀ।
ਵਾਈਸ ਚਾਂਸਲਰ ਦਫ਼ਤਰ ਅੱਗੇ ਲਗਪਗ ਮਹੀਨੇ ਤੋਂ ਧਰਨਾ ਲਾਈ ਬੈਠੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਜਿਉਂ ਹੀ ਸਟੂਡੈਂਟਸ ਸੈਂਟਰ ’ਤੇ ਇਕੱਠ ਕੀਤਾ ਗਿਆ ਤਾਂ ਉੱਥੇ ਪਹਿਲਾਂ ਤੋਂ ਹੀ ਵੱਡੀ ਗਿਣਤੀ ਵਿੱਚ ਤਾਇਨਾਤ ਪੁਲੀਸ ਫੋਰਸ ਨੇ ਉਨ੍ਹਾਂ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਵਿਦਿਆਰਥੀਆਂ ਨੇ ਜਿਉਂ ਹੀ ਪ੍ਰੋ. ਰੇਣੂ ਵਿੱਗ ਅਤੇ ਵਿਕਰਮ ਸਿੰਘ ਦੀ ਫੋਟੋ ਵਾਲੇ ਪੁਤਲੇ ਲਿਆਂਦੇ ਤਾਂ ਡੀਐੱਸਡਬਲਿਯੂ (ਵਿਮੈਨ) ਸਿਮਰਤ ਕਾਹਲੋਂ ਪਹੁੰਚ ਗਏ। ਉਨ੍ਹਾਂ ਨੇ ਪੁਤਲੇ ਤੋਂ ਵਾਈਸ ਚਾਂਸਲਰ ਦੀ ਫੋਟੋ ਹਟਾ ਕੇ ਫੂਕਣ ਲਈ ਕਿਹਾ।
ਇਸ ਦੌਰਾਨ ਸੰਬੋਧਨ ਕਰਦਿਆਂ ਵਿਦਿਆਰਥੀ ਆਗੂਆਂ ਵਿੱਚ ‘ਸੱਥ’ ਤੋਂ ਦਰਸ਼ਪ੍ਰੀਤ ਸਿੰਘ, ਪੀਐੱਸਯੂ ਲਲਕਾਰ ਤੋਂ ਜੋਬਨ, ਮਨਿਕਾ, ਐੱਸਐੱਫਐੱਸ ਤੋਂ ਗਗਨ ਆਦਿ ਨੇ ਕਿਹਾ ਕਿ ਅਥਾਰਿਟੀ ਨੂੰ ਸਿਰਫ਼ ਵਾਈਸ ਚਾਂਸਲਰ ਦੀ ਫੋਟੋ ਦੀ ਫ਼ਿਕਰ ਹੈ ਜਦਕਿ ਵਿਦਿਆਰਥੀ ਉਸ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ ਠੰਢੀਆਂ ਰਾਤਾਂ ਵਿੱਚ ਸੜਕ ’ਤੇ ਸੌਣ ਲਈ ਮਜਬੂਰ ਹਨ, ਜਿਹੜੀ ਯੂਨੀਵਰਸਿਟੀ ਦੇ ਉਹ ਵਾਈਸ ਚਾਂਸਲਰ ਹਨ। ’ਵਰਸਿਟੀ ਨੂੰ ਬਚਾਉਣ ਲਈ ਸੰਘਰਸ਼ ਕਰਨ ਵਾਲੇ ਵਿਦਿਆਰਥੀਆਂ ਉੱਤੇ ਅਥਾਰਿਟੀ ਵੱਲੋਂ ਮੁੱਖ ਸੁਰੱਖਿਆ ਅਫ਼ਸਰ ਰਾਹੀਂ ਕੇਸ ਦਰਜ ਕਰਵਾਇਆ ਗਿਆ ਹੈ।
ਡੀਐੱਸਡਬਲਿਯੂ ਦੇ ਕਹਿਣ ’ਤੇ ਵਿਦਿਆਰਥੀਆਂ ਨੇ ਪੁਲੀਸ ਕੇਸ ਰੱਦ ਕਰਵਾਉਣ ਲਈ ਅੱਧੇ ਘੰਟੇ ਵਿੱਚ ਲਿਖਤੀ ਭਰੋਸਾ ਮੰਗਿਆ ਪਰ ਜਦੋਂ ਅੱਧੇ ਘੰਟੇ ਦੇ ਵਿੱਚ ਕੋਈ ਵੀ ਅਧਿਕਾਰੀ ਲਿਖਤੀ ਕਾਰਵਾਈ ਲੈ ਕੇ ਨਾ ਪੁੱਜਿਆ, ਤਾਂ ਫਿਰ ਉਨ੍ਹਾਂ ਨੇ ਦੋਵੇਂ ਪੁਤਲਿਆਂ ਨੂੰ ਅੱਗ ਲਗਾ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਵਿੱਚ ਐੱਸਐੱਫਐੱਸ ਤੋਂ ਸੰਦੀਪ, ਪੀਐੱਸਯੂ ਲਲਕਾਰ ਤੋਂ ਸਾਰਾਹ ਵੀ ਹਾਜ਼ਰ ਸਨ।
26 ਨੂੰ ਗੇਟ ਬੰਦ ਕਰਨ ਦਾ ਐਲਾਨ
ਵਿਦਿਆਰਥੀ ਆਗੂਆਂ ਨੇ ਕਿਹਾ ਕਿ ਪੰਜਾਬ ਯੂਨੀਵਰਸਟੀ ਦਾ ਕਿਸੇ ਵੀ ਹਾਲਤ ’ਚ ਕੇਂਦਰੀਕਰਨ ਨਹੀਂ ਹੋਣ ਦਿੱਤਾ ਜਾਵੇਗਾ। ਪੰਜਾਬ ਦੀ ਜ਼ਮੀਨ ’ਤੇ ਬਣੀ ਇਸ ਯੂਨੀਵਰਸਟੀ ’ਤੇ ਪੰਜਾਬ ਦਾ ਦਾਅਵਾ ਪਹਿਲਾਂ ਵੀ ਸੀ ਅਤੇ ਭਵਿੱਖ ਵਿੱਚ ਹੀ ਰਹੇਗਾ। ਉਨ੍ਹਾਂ ਐਲਾਨ ਕੀਤਾ ਕਿ ਸੰਘਰਸ਼ ਦੀ ਅਗਲੀ ਕੜੀ ਵਜੋਂ 26 ਨਵੰਬਰ ਨੂੰ ਯੂਨੀਵਰਸਟੀ ਦਾ ਗੇਟ ਨੰਬਰ-2 ਰੋਕਿਆ ਜਾਵੇਗਾ।