ਵਿਜੀਲੈਂਸ ਜਾਗਰੂਕਤਾ ਹਫ਼ਤੇ ਸਬੰਧੀ ਸੈਮੀਨਾਰ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 29 ਅਕਤੂਬਰ
ਵਿਜੀਲੈਂਸ ਬਿਊਰੋ ਵੱਲੋਂ ਅੱਜ ਸਥਾਨਕ ਸਵਾਮੀ ਸਰਵਾਨੰਦ ਗਿਰੀ ਖੇਤਰੀ ਕੇਂਦਰ ਪੰਜਾਬ ਯੂਨੀਵਰਸਿਟੀ ਵਿੱਚ ਵਿਜੀਲੈਂਸ ਜਾਗਰੂਕਤਾ ਹਫ਼ਤੇ ਦੇ ਸਬੰਧ ਵਿੱਚ ‘ਰਾਸ਼ਟਰ ਦੀ ਖੁਸ਼ਹਾਲੀ ਲਈ ਇਮਾਨਦਾਰੀ ਦਾ ਸੱਭਿਆਚਾਰ’ ਵਿਸ਼ੇ ਤਹਿਤ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਐੱਸ.ਐੱਸ.ਪੀ ਵਿਜੀਲੈਂਸ ਰਾਜੇਸ਼ਵਰ ਸਿੰਘ ਸਿੱਧੂ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਿਕਾਸ ਕੁਮਾਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਐੱਸਐੱਸਪੀ ਨੇ ਸਰਕਾਰੀ ਅਧਿਕਾਰੀਆਂ, ਮੁਲਾਜ਼ਮਾਂ ਨੂੰ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਪਹਿਲਕਦਮੀ ਕਰਨ ਲਈ ਕਿਹਾ।
ਡੀ.ਐਸ.ਪੀ ਵਿਜੀਲੈਂਸ ਮਨੀਸ਼ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਅਜਿਹੀ ਕਾਰਵਾਈ ਉਨ੍ਹਾਂ ਦੇ ਧਿਆਨ ਵਿੱਚ ਆਉਂਦੀ ਹੈ ਤਾਂ ਉਹ ਵਿਭਾਗ ਦੇ ਟੋਲ ਫਰੀ ਨੰਬਰ 1800-1000, ਭ੍ਰਿਸ਼ਟਾਚਾਰ ਵਿਰੋਧੀ ਲਾਈਨ ਨੰਬਰ 95012-00200 ਜਾਂ ਵੈਬਸਾਈਟ ’ਤੇ ਸੰਪਰਕ ਕਰ ਸਕਦੇ ਹਨ।
ਫਗਵਾੜਾ (ਪੱਤਰ ਪ੍ਰੇਰਕ):
ਵਿਜੀਲੈਂਸ ਬਿਊਰੋ ਕਪੂਰਥਲਾ ਵੱਲੋਂ 28 ਤੋਂ 3 ਨਵੰਬਰ ਤੱਕ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਵਿਜੀਲੈਂਸ ਬਿਊਰੋ ਵੱਲੋਂ ਬਿਜ਼ਨੈੱਸ ਬਲਾਕ ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ ਵਿੱਚ ਜ਼ਿਲ੍ਹਾ ਪੱਧਰ ’ਤੇ ਭ੍ਰਿਸ਼ਟਾਚਾਰ ਨੂੰ ਰੋਕਣ ਸਬੰਧੀ ਵਿਜੀਲੈਂਸ ਜਾਗਰੂਕਤਾ ਹਫਤਾ ਬਾਬਤ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ’ਚ ਰਾਜੇਸ਼ਵਰ ਸਿੰਘ ਸਿੱਧੂ ਐੱਸ.ਐੱਸ.ਪੀ. ਵਿਜੀਲੈਂਸ ਬਿਊਰੋ, ਰੇਂਜ ਜਲੰਧਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।