ਖ਼ਾਲਸਾ ਕਾਲਜ ’ਚ ਯੂਸੀਸੀ ਬਾਰੇ ਸੈਮੀਨਾਰ
ਪੱਤਰ ਪ੍ਰੇਰਕ
ਅੰਮ੍ਰਿਤਸਰ, 27 ਅਕਤੂਬਰ
ਖਾਲਸਾ ਕਾਲਜ ਆਫ਼ ਲਾਅ ਵਿਖੇ ‘ਯੂਨੀਫਾਰਮ ਸਿਵਲ ਕੋਡ: ਵਨ ਨੇਸ਼ਨ ਵਨ ਲਾਅ’ ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ। ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਸੈਮੀਨਾਰ ’ਚ ਮੁੱਖ ਬੁਲਾਰੇ ਵਜੋਂ ਪ੍ਰੋ. (ਡਾ.) ਵਿਨੇ ਕਪੂਰ ਮਹਿਰਾ, ਸਾਬਕਾ ਵਾਈਸ ਚਾਂਸਲਰ ਡਬਰਾਨਲੂ (ਸੋਨੀਪਤ), ਸਾਬਕਾ ਰਾਜ ਸੂਚਨਾ ਕਮਿਸ਼ਨਰ (ਪੰਜਾਬ) ਅਤੇ ਸਾਬਕਾ ਪ੍ਰੋਫੈਸਰ ਅਤੇ ਮੁਖੀ ਕਾਨੂੰਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸ਼ਮੂਲੀਅਤ ਕੀਤੀ। ਡਾ. ਕਪੂਰ ਮਹਿਰਾ ਨੇ ਭਾਰਤ ’ਚ ਯੂਨੀਫਾਰਮ ਸਿਵਲ ਕੋਡ ਨੂੰ ਲਾਗੂ ਕਰਨ ਦੀ ਲੋੜ ਅਤੇ ਜ਼ਰੂਰਤਾਂ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ‘ਇਕ ਦੇਸ਼ ਇਕ ਕਾਨੂੰਨ’ ਦੀ ਵਿਚਾਰਧਾਰਾ ’ਤੇ ਅਧਾਰਿਤ ਇਹ ਯੂਸੀਸੀ ਭਾਰਤ ਦੇ ਸਮੂਹ ਧਰਮਾਂ ਅਤੇ ਭਾਈਚਾਰਿਆਂ ’ਤੇ ਇਕੋ ਜਿਹਾ ਕਾਨੂੰਨ ਲਾਗੂ ਹੋਣਾ ਹੈ, ਜਿਸ ’ਚ ਜਾਇਦਾਦ ਦੀ ਪ੍ਰਾਪਤੀ, ਸੰਚਾਲਨ, ਵਿਆਹ, ਤਲਾਕ ਅਤੇ ਗੋਦ ਲੈਣ ਆਦਿ ਸਬੰਧੀ ਸਭਨਾਂ ਵਾਸਤੇ ਇਕਸਾਰ ਕਾਨੂੰਨ ਬਣਾਇਆ ਜਾਣਾ ਹੈ। ਡਾ. ਮਹਿਰਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਅਨੁਸਾਰ ਭਾਰਤ ਇਕ ਧਰਮ ਨਿਰਪੱਖ ਦੇਸ਼ ਹੈ, ਜਿਸ ’ਚ ਹਿੰਦੂ, ਮੁਸਲਿਮ, ਸਿੱਖ, ਬੋਧੀ, ਈਸਾਈ ਆਦਿ ਸਾਰੇ ਧਰਮਾਂ ਅਤੇ ਸੰਪਰਦਾਵਾਂ ਦੇ ਲੋਕਾਂ ਨੂੰ ਆਪੋ-ਆਪਣੇ ਧਰਮਾਂ ਨਾਲ ਸਬੰਧਿਤ ਕਾਨੂੰਨ ਬਣਾਉਣ ਦਾ ਅਧਿਕਾਰ ਹੈ। ਇਸ ਮੌਕੇ ਡਾ. ਜਸਪਾਲ ਸਿੰਘ ਨੇ ਡਾ. ਮਹਿਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਗਿਆਨ ਵਿਦਿਆਰਥੀਆਂ ਦੇ ਤਜਰਬੇ ’ਚ ਵਾਧਾ ਕਰੇਗਾ।