ਕਹਾਣੀਕਾਰ ਜਸਵਿੰਦਰ ਸਿੰਘ ਛਿੰਦਾ ਦੀਆਂ ਰਚਨਾਵਾਂ ਸਬੰਧੀ ਸੈਮੀਨਾਰ
ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 4 ਫਰਵਰੀ
ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ‘ਕਹਾਣੀਕਾਰ ਜਸਵਿੰਦਰ ਸਿੰਘ ਛਿੰਦਾ ਨੂੰ ਰੂ-ਬ-ਰੂ ਕਰਵਾਉਣਾ’ ਵਿਸ਼ੇ ਉੱਪਰ ਸੈਮੀਨਾਰ ਕੀਤਾ ਗਿਆ। ਸੈਮੀਨਾਰ ਵਿੱਚ ਕਾਲਜ ਦੇ ਪੋਸਟ ਗ੍ਰੈਜੂਏਸ਼ਨ ਅਤੇ ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਕੰਵਲਜੀਤ ਸਿੰਘ ਨੇ ਕਹਾਣੀਕਾਰ ਜਸਵਿੰਦਰ ਸਿੰਘ ਦੀਆਂ ਕਹਾਣੀਆਂ ਵਿਚਲੇ ਅਹਿਸਾਸ ਅਤੇ ਪਾਤਰਾਂ ਦੇ ਮਨੋਵਿਗਿਆਨਕ ਪੱਖਾਂ ਉੱਪਰ ਝਾਤ ਪਾਈ। ਇਸੇ ਨਿਰੰਤਰਤਾ ਵਿੱਚ ਪੰਜਾਬੀ ਵਿਭਾਗ ਦੇ ਪ੍ਰੋ. ਮੇਜਰ ਸਿੰਘ ਅਤੇ ਕਾਲਜ ਪ੍ਰਿੰਸੀਪਲ ਡਾ. ਬਲਵੰਤ ਸਿੰਘ ਸੰਧੂ ਨੇ ਜਸਵਿੰਦਰ ਸਿੰਘ ਛਿੰਦਾ ਵੱਲੋਂ ਰਚਿਤ ਕਹਾਣੀ ਸੰਗ੍ਰਿਹ ‘ਜੋ ਬ੍ਰਹਿਮੰਡੇ ਸੋਈ ਪਿੰਡੇ’ ਦੇ ਸਮਾਜਿਕ ਸਰੋਕਾਰਾਂ ਨੂੰ ਬਿਆਨ ਕੀਤਾ। ਉਨ੍ਹਾਂ ਨੇ ਆਪਣੇ ਲੈਕਚਰ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਹਾਣੀਕਾਰ ਦੇ ਅਵਚੇਤਨ ਮਨ ’ਚ ਸਮਾਜ ਦੇ ਦੁੱਖ ਦਰਦ ਦੀ ਪੀੜਾ ਅਤੇ ਸੰਤਾਪ ਦਾ ਘੇਰਾ ਬੜਾ ਵਸੀਹ ਹੈ। ਇਸ ਪ੍ਰੋਗਰਾਮ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਪ੍ਰੋ. ਮਨਪ੍ਰੀਤ ਕੌਰ ਨੇ ਨਿਭਾਈ। ਇਸ ਮੌਕੇ ਡਾ. ਰਮਨਦੀਪ ਕੌਰ, ਡਾ. ਸੁਖਬੀਰ ਕੌਰ, ਡਾ. ਜਤਿੰਦਰ ਕੌਰ, ਡਾ. ਜਗਜੀਤ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।