ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਦੇ ਜਨਮ ਦਿਨ ਮੌਕੇ ਸੈਮੀਨਾਰ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 16 ਸਤੰਬਰ
ਭਾਅ ਜੀ ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ ਅਤੇ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਲੋਕ ਪੱਖੀ ਇਨਕਲਾਬੀ ਨਾਟਕਕਾਰ ਅਤੇ ਸਮਾਜਿਕ ਚਿੰਤਕ ਭਾਅ ਜੀ ਗੁਰਸ਼ਰਨ ਸਿੰਘ ਦੇ 95ਵੇਂ ਜਨਮ ਦਿਨ ਮੌਕੇ ਸਥਾਨਕ ਵਿਰਸਾ ਵਿਹਾਰ ਵਿੱਚ ‘ਲੋਕ ਪੱਖੀ ਰੰਗਮੰਚ ਦੀ ਵਿਰਾਸਤ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਲੋਕ ਪੱਖੀ ਨਾਟਕਕਾਰ ਅਤੇ ਬੁੱਧੀਜੀਵੀ ਡਾ. ਸਵਰਾਜਬੀਰ ਨੇ ਗੁਰਸ਼ਰਨ ਭਾਅ ਜੀ ਵੱਲੋਂ ਇਨਕਲਾਬੀ ਰੰਗਮੰਚ ਦੇ ਖੇਤਰ ਵਿੱਚ ਪਾਏ ਯੋਗਦਾਨ ਬਾਰੇ ਵਿਚਾਰ ਪ੍ਰਗਟ ਕੀਤੇ ਗਏ।
ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਭਾਅ ਜੀ ਗੁਰਸ਼ਰਨ ਸਿੰਘ ਨਾਲ ਬਿਤਾਏ ਦਿਨਾਂ ਦੀਆਂ ਯਾਦਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਪਰਮਿੰਦਰ ਸਿੰਘ ਤੇ ਅਮੋਲਕ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਵਿਚਾਰਾਂ ਦੀ ਲੋਅ ਨਵੀਂ ਪਨੀਰੀ ਲਈ ਇਨਕਲਾਬੀ ਲੋਰੀ ਵਾਂਗ ਹੈ। ਸੈਮੀਨਾਰ ਦੇ ਮੁੱਖ ਵਕਤਾ ਡਾ. ਸਵਰਾਜਬੀਰ ਨੇ ਕਿਹਾ ਕਿ ਸਾਡੇ ਕੋਲ ਭਾਅ ਜੀ ਗੁਰਸ਼ਰਨ ਸਿੰਘ ਦੇ ਰੂਪ ਵਿੱਚ ਸਾਹਿਤ ਤੇ ਲੋਕ ਪੱਖੀ ਰੰਗਮੰਚ ਦੀ ਬਹੁਤ ਵੱਡੀ ਵਿਰਾਸਤ ਹੈ। ਉਨ੍ਹਾਂ ਪੰਜਾਬੀ ਰੰਗਮੰਚ ਨੂੰ ਇਪਟਾ ਦੀ ਵਿਰਾਸਤ ਨੂੰ ਹੋਰ ਅੱਗੇ ਲਿਜਾਂਦੇ ਹੋਏ ਸ਼ਹਿਰਾਂ ਦੀਆਂ ਤੰਗ ਵਲਗਣਾਂ ਵਿੱਚੋਂ ਕੱਢ ਕੇ ਪਿੰਡਾਂ ਕਸਬਿਆਂ ਦੀਆਂ ਸੱਥਾਂ ਤੱਕ ਪਹੁੰਚਾਇਆ। ਉਨ੍ਹਾਂ ਆਪਣੇ ਰੰਗਮੰਚ ਨੂੰ ਆਮ ਲੋਕਾਂ ਵਿੱਚ ਸਮਾਜਿਕ ਤੇ ਰਾਜਸੀ ਚੇਤਨਾ ਵਿਕਸਿਤ ਕਰਨ ਲਈ ਇਕ ਸਮਾਜਿਕ ਜ਼ਿੰਮੇਵਾਰੀ ਦੇ ਤੌਰ ’ਤੇ ਵਰਤਣ ਦੀ ਸਫ਼ਲ ਪਹਿਲਕਦਮੀ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਸਿਰਫ਼ ਰੰਗਮੰਚ ਦੇ ਪੱਧਰ ’ਤੇ ਹੀ ਨਹੀਂ, ਸਗੋਂ ਸਮੂਹ ਲੋਕ ਪੱਖੀ ਜਨਤਕ ਤੇ ਜਮਹੂਰੀ ਸੰਘਰਸ਼ਾਂ ਦਾ ਹਿੱਸਾ ਬਣ ਕੇ ਲੋਕ ਵਿਰੋਧੀ ਪ੍ਰਬੰਧ ਨੂੰ ਬਦਲਣਾ ਚਾਹੀਦਾ ਹੈ। ਸਮਾਗਮ ਮਗਰੋਂ ਗੁਰਸ਼ਰਨ ਭਾਅ ਜੀ ਦੇ ਰਣਜੀਤਪੁਰਾ ਸਥਿਤ ਜੱਦੀ ਘਰ ਗੁਰੂ ਖਾਲਸਾ ਨਿਵਾਸ ਵਿੱਚ ਮੋਮਬੱਤੀਆਂ ਜਗਾ ਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ।
ਇਸ ਮੌਕੇ ਡਾ. ਨਵਸ਼ਰਨ, ਡਾ. ਅਰੀਤ, ਡਾ. ਹਿਰਦੇਪਾਲ ਸਿੰਘ, ਸ਼ਬਦੀਸ਼, ਅਨੀਤਾ ਸ਼ਬਦੀਸ਼, ਇਕੱਤਰ, ਸੁਮੀਤ ਸਿੰਘ, ਰਮੇਸ਼ ਯਾਦਵ, ਮਾਸਟਰ ਕੁਲਜੀਤ ਸਿੰਘ ਵੇਰਕਾ, ਮਾਸਟਰ ਅਮਰਜੀਤ, ਹਰਿੰਦਰ ਸੋਹਲ, ਗੁਰਤੇਜ ਮਾਨ, ਗੁਰਬਚਨ ਸਿੰਘ ਹਾਜ਼ਰ ਸਨ।
‘ਜਿਸ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਨਹੀਂ ’ ਨਾਟਕ ਦਾ ਮੰਚਨ
ਸਮਾਗਮ ਦੇ ਦੂਜੇ ਪੜਾਅ ਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਮੰਚ ਰੰਗਮੰਚ ਅੰਮ੍ਰਿਤਸਰ ਦੇ ਕਲਾਕਾਰਾਂ ਵਲੋਂ ‘ਜਿਸ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਨਹੀਂ ’ ਨਾਟਕ ਪੇਸ਼ ਕੀਤਾ ਗਿਆ। ਨਾਟਕ ਵਿੱਚ ਸੰਨ 47 ਦੀ ਦੇਸ਼ ਵੰਡ ਵੇਲੇ ਭਾਰਤ ਤੋਂ ਉੱਜੜ ਕੇ ਲਾਹੌਰ ਜਾ ਵਸੇ ਮੁਸਲਿਮ ਪਰਿਵਾਰ ਅਤੇ ਵੰਡ ਤੋਂ ਬਾਅਦ ਵੀ ਆਪਣੀ ਲਾਹੌਰ ਵਿਚਲੀ ਹਵੇਲੀ ਵਿੱਚ ਇਕੱਲੀ ਰਹਿ ਰਹੀ ਹਿੰਦੂ ਔਰਤ ਦੇ ਜਜ਼ਬਾਤਾਂ ਦੀ ਦਰਦਨਾਕ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ।