ਬਾਬਾ ਫ਼ਰੀਦ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਸੈਮੀਨਾਰ
ਜਸਵੰਤ ਜੱਸ
ਫਰੀਦਕੋਟ, 20 ਸਤੰਬਰ
ਬਾਬਾ ਫਰੀਦ ਆਗਮਨ ਪੁਰਬ ਮੌਕੇ ਜ਼ਿਲ੍ਹਾ ਸੱਭਿਆਚਾਰ ਕਮੇਟੀ ਫਰੀਦਕੋਟ ਅਤੇ ਬਾਬਾ ਫਰੀਦ ਮੈਮੋਰੀਅਲ ਸੁਸਾਇਟੀ ਵੱਲੋਂ ਪੰਜਾਬ ਦੇ ਮਹਾਨ ਸੂਫ਼ੀ ਫ਼ਕੀਰ ਸ਼ੇਖ ਬਾਬਾ ਫਰੀਦ ਮਸਊਂਦ ਸ਼ੱਕਰਗੰਜ ਦੇ ਜੀਵਨ ਅਤੇ ਵਿਚਾਰਧਾਰਾ ਬਾਰੇ ਕੌਮੀ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਚਾਚਾ ਹਰਜਿੰਦਰ ਸਿੰਘ ਤਾਂਗੜੀ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਬਾਬਾ ਸ਼ੇਖ ਫਰੀਦ ਬਾਰੇ ਬੋਲਦਿਆਂ ਬਾਬਾ ਫਰੀਦ ਸੁਸਾਇਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਸੇਖੋਂ ਨੇ ਕਿਹਾ ਕਿ ਬਾਬਾ ਫਰੀਦ ਪੰਜਾਬੀ ਦੇ ਪਹਿਲੇ ਕਵੀ ਸਨ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਹਰ ਵਰਗ ਲਈ ਬਾਬਾ ਫਰੀਦ ਵੱਲੋਂ ਲਿਖੀ ਗਈ ਬਾਣੀ ਅੱਜ ਵੀ ਸਾਰੇ ਧਰਮਾਂ ਵਿੱਚ ਸਤਿਕਾਰ ਨਾਲ ਪੜ੍ਹੀ ਜਾਂਦੀ ਹੈ। ਸੱਯਦ ਮੁਹੰਮਦ ਅਸ਼ਰਫ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਾਬਾ ਫਰੀਦ ਦੀ ਬਾਣੀ ਨੂੰ ਹੁਣ ਦੁਨੀਆ ਭਰ ਵਿੱਚ ਪ੍ਰਚਾਰਨ ਦਾ ਵੇਲਾ ਹੈ। ਉਨ੍ਹਾਂ ਕਿਹਾ ਕਿ ਬਾਬਾ ਫਰੀਦ ਨੇ ਸਾਦੀ ਜ਼ਿੰਦਗੀ, ਕਿਰਤ ਅਤੇ ਮਨੁੱਖਤਾ ਦੇ ਭਲੇ ਲਈ ਹਮੇਸ਼ਾ ਸੰਘਰਸ਼ਸ਼ੀਲ ਰਹਿਣ ਦਾ ਸੱਦਾ ਦਿੱਤਾ ਹੈ। ਇਸ ਮੌਕੇ ਅਸਰਫ਼ੇ-ਮਿਲਤ ਸੇਖਲ ਹਿੰਦ, ਪ੍ਰੋ. ਬ੍ਰਹਮ ਜਗਦੀਸ਼ ਸਿੰਘ, ਪ੍ਰਸਿੱਧ ਲੇਖਕ ਤੇ ਚਿੰਤਕ ਵੀ ਹਾਜ਼ਰ ਸਨ।