For the best experience, open
https://m.punjabitribuneonline.com
on your mobile browser.
Advertisement

‘ਪੰਥਕ ਸਿੱਖਿਆ ਤੇ ਜਥੇਦਾਰ ਸੰਤੋਖ ਸਿੰਘ’ ਵਿਸ਼ੇ ’ਤੇ ਗੋਸ਼ਟੀ

09:05 AM Mar 24, 2024 IST
‘ਪੰਥਕ ਸਿੱਖਿਆ ਤੇ ਜਥੇਦਾਰ ਸੰਤੋਖ ਸਿੰਘ’ ਵਿਸ਼ੇ ’ਤੇ ਗੋਸ਼ਟੀ
ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਪਰਮਜੀਤ ਸਿੰਘ ਸਰਨਾ।
Advertisement

ਕੁਲਦੀਪ ਸਿੰਘ
ਨਵੀਂ ਦਿੱਲੀ, 23 ਮਾਰਚ
ਦਿੱਲੀ ਵਿਚਲੇ ਪੰਥਕ ਸਿੱਖਿਆ ਅਦਾਰਿਆਂ ਦੇ ਬਾਨੀ ਜਥੇਦਾਰ ਸੰਤੋਖ ਸਿੰਘ ਦੇ 96ਵੇਂ ਜਨਮ ਦਿਹਾੜੇ ਮੌਕੇ ਕਾਂਸਟੀਚਿਊਸ਼ਨ ਕਲੱਬ ਵਿੱਚ ‘ਪੰਥਕ ਸਿੱਖਿਆ ਤੇ ਜਥੇਦਾਰ ਸੰਤੋਖ ਸਿੰਘ’ ਵਿਸ਼ੇ ਉਤੇ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਗੋਸ਼ਟੀ ਦੌਰਾਨ ਸਮਾਜਿਕ, ਧਾਰਮਿਕ, ਵਿਦਿਅਕ, ਬੈਂਕਿੰਗ ਅਤੇ ਸਿਆਸੀ ਖੇਤਰ ਦੇ ਵਿਦਵਾਨਾਂ ਨੇ ਜਥੇਦਾਰ ਸੰਤੋਖ ਸਿੰਘ ਦੀ ਪੰਥਕ ਮਸਲਿਆਂ ਪ੍ਰਤੀ ਭੂਮਿਕਾ ਬਾਰੇ ਸੰਜੀਦਗੀ ਨਾਲ ਆਪਣੇ ਵਿਚਾਰ ਰੱਖੇ। ਬੁਲਾਰਿਆਂ ਵਿੱਚ ਕੌਮੀ ਘਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ, ਇਲਾਹਾਬਾਦ ਬੈਂਕ ਦੇ ਸਾਬਕਾ ਚੇਅਰਮੈਨ ਹਰਭਜਨ ਸਿੰਘ, ਗੁਰੂ ਨਾਨਕ ਦੇਵ ਖਾਲਸਾ ਕਾਲਜ ਦੇ ਸਾਬਕਾ ਪ੍ਰਿੰ. ਡਾਕਟਰ ਹਰਮੀਤ ਸਿੰਘ ਅਤੇ ਦਿੱਲੀ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਸ਼ਾਮਲ ਸਨ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਆਈ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਡਾ. ਜਸਪਾਲ ਸਿੰਘ ਨੇ ਕਿਹਾ ਕਿ ਜਥੇਦਾਰ ਸੰਤੋਖ ਸਿੰਘ ਨੇ ਵਿਰਾਸਤ ਦੀ ਸੰਭਾਲ ਅਤੇ ਵਿਰਾਸਤ ਨੂੰ ਅਗਲੀ ਪੀੜ੍ਹੀ ਤੱਕ ਪਹੁਚਾਉਣ ਲਈ ਖੁੱਲ੍ਹਦਿਲੀ ਨਾਲ ਕਾਰਜ ਕੀਤੇ। ਉਹ ਆਪਣੀ ਅਮੀਰ ਵਿਰਾਸਤ ’ਤੇ ਹਮਲੇ ਤੋਂ ਸੁਚੇਤ ਕਰਨ ਲਈ ਪੰਥਕ ਸਿੱਖਿਆ ਅਦਾਰਿਆਂ ਦੀ ਸਥਾਪਨਾ ਨੂੰ ਜ਼ਰੂਰੀ ਮੰਨਦੇ ਸਨ। ਪਰਮਜੀਤ ਸਿੰਘ ਸਰਨਾ ਨੇ ਜਥੇਦਾਰ ਸੰਤੋਖ ਸਿੰਘ ਨੂੰ ਦਬੰਗ ਆਦਮੀ ਦੱਸਦਿਆਂ ਕਿਹਾ ਕਿ ਜਥੇਦਾਰ ਹੋਰੀਂ ਆਪਣੇ ਨਾਲ ਸੂਝਵਾਨ ਤੇ ਸਤਿਕਾਰਤ ਸਿੱਖਾਂ ਨੂੰ ਨਾਲ ਰੱਖਦੇ ਸਨ। ਇਹੀ ਕਾਰਨ ਸੀ ਕਿ ਉਨ੍ਹਾਂ ਵੱਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦਾ ਲਾਇਆ ਗਿਆ ਬੂਟਾ ਹੁਣ ਦਰਖਤ ਬਣ ਗਿਆ ਸੀ। ਉਨ੍ਹਾਂ ਮੌਜੂਦਾ ਦਿੱਲੀ ਕਮੇਟੀ ਪ੍ਰਬੰਧਕਾਂ ਦੀਆਂ ਨੀਤੀਆਂ ਕਾਰਨ ਇਨ੍ਹਾਂ ਅਦਾਰਿਆਂ ਦੀ ਮੌਜੂਦਾ ਹਾਲਤ ਬਾਰੇ ਵੀ ਖੁੱਲ੍ਹ ਕੇ ਵਿਚਾਰ ਸਾਂਝੇ ਕੀਤੇ। ਹਰਭਜਨ ਸਿੰਘ ਨੇ ਕਿਹਾ ਕਿ ਜਥੇਦਾਰ ਸੰਤੋਖ ਸਿੰਘ ਨੇ ਕੁੜੀਆਂ ਲਈ ਮਾਤਾ ਸੁੰਦਰੀ ਕਾਲਜ ਦੀ ਸਥਾਪਨਾ ਕਰਕੇ ਸਿੱਖ ਪਰਿਵਾਰਾਂ ਦੀ ਤਰੱਕੀ ਦੀ ਰਾਹ ਖੋਲ੍ਹ ਦਿੱਤਾ ਸੀ। ਕੁਲਵੰਤ ਸਿੰਘ ਬਾਠ ਨੇ ਦਿੱਲੀ ਕਮੇਟੀ ਤੇ ਸਕੂਲਾਂ ਦੇ ਪ੍ਰਬੰਧ ਦੀਆਂ ਉਣਤਾਈਆਂ ਬਾਰੇ ਰੌਸ਼ਨੀ ਪਾਈ। ਡਾਕਟਰ ਹਰਮੀਤ ਸਿੰਘ ਨੇ ਜਥੇਦਾਰ ਹੁਰਾਂ ਵੱਲੋਂ ਸਕੂਲਾਂ ਅਤੇ ਕਾਲਜਾਂ ਦੀਆਂ ਪ੍ਰਬੰਧ ਕਮੇਟੀਆਂ ’ਚ ਸਿਆਸੀ ਦਖਲਅੰਦਾਜ਼ੀ ਨਹੀਂ ਕਰਨ ਨੂੰ ਇਨ੍ਹਾਂ ਅਦਾਰਿਆਂ ਦੀ ਤਰੱਕੀ ਦਾ ਕਾਰਨ ਦੱਸਿਆ।

Advertisement

Advertisement
Author Image

sukhwinder singh

View all posts

Advertisement
Advertisement
×