‘ਮਸ਼ੀਨੀ ਬੁੱਧੀਮਾਨਤਾ ਤੇ ਸਾਹਿਤ’ ਵਿਸ਼ੇ ’ਤੇ ਸੈਮੀਨਾਰ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜਨਵਰੀ
ਸਾਹਿਤ ਅਕਾਦਮੀ ਨਵੀਂ ਦਿੱਲੀ ਵੱਲੋਂ ਅਤੇ ਮਾਤਾ ਸੁੰਦਰੀ ਕਾਲਜ ਫਾਰ ਵਿਮੈਨ ਦੇ ਪੰਜਾਬੀ ਵਿਭਾਗ ਵੱਲੋਂ ‘ਆਰਟੀਫਿਸ਼ੀਅਲ ਇੰਟੈਲੀਜੈਂਸੀ ਅਤੇ ਸਾਹਿਤ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਆਰੰਭ ’ਚ ਸਾਹਿਤ ਅਕਾਦਮੀ ਦੇ ਸੰਪਾਦਕ ਅਨੁਪਮ ਤਿਵਾੜੀ ਨੇ ਅਕਾਦਮੀ ਵੱਲੋਂ ਸਰੋਤਿਆਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਅੱਜ ਦੇ ਦੌਰ ਵਿੱਚ ਮਸ਼ੀਨੀ ਬੁੱਧੀਮਾਨਤਾ ਇੱਕ ਅਜਿਹਾ ਵਰਤਾਰਾ ਹੈ। ਇਸ ਰਾਹੀਂ ਹਿੰਦੁਸਤਾਨ ਦੀਆਂ ਕਈ ਭਾਸ਼ਾਵਾਂ ਵਿੱਚ ਸਹਿਮ ਵਾਲਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਪਰ ਸਾਨੂੰ ਇਸ ਦੀਆਂ ਸੰਭਾਵਨਾਵਾਂ ਅਤੇ ਸੀਮਾਵਾਂ ਤੋਂ ਜਾਣੂ ਹੋਣਾ ਲਾਜ਼ਮੀ ਹੈ। ਕਾਲਜ ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ ਨੇ ਸੰਬੋਧਨ ਕੀਤਾ। ਮਗਰੋਂ ਪ੍ਰੋ. ਮਾਧੁਰੀ ਚਾਵਲਾ ਨੇ ਕਿਹਾ ਕਿ ਮਸ਼ੀਨੀ ਬੁੱਧੀਮਾਨਤਾ ਦੇ ਆਉਣ ਨਾਲ ਲੇਖਕ ਦੀ ਸਿਰਜਣ ਪ੍ਰਕਿਰਿਆ ’ਤੇ ਅਸਰ ਪੈਣ ਦੀ ਭਾਰੀ ਸੰਭਾਵਨਾ ਹੈ ਪਰ ਸਾਨੂੰ ਇਸ ਤਰਕ ਨਾਲ ਸਮਝਣਾ ਚਾਹੀਦਾ ਹੈ ਕਿ ਮਸ਼ੀਨ ਕਦੇ ਵੀ ਮਨੁੱਖੀ ਭਾਵਨਾਵਾਂ ਦਾ ਬਦਲ ਨਹੀਂ ਬਣ ਸਕਦੀ। ਉਦਘਾਟਨੀ ਬੈਠਕ ਦੇ ਪ੍ਰਧਾਨ ਪ੍ਰੋ. ਰਵੇਲ ਸਿੰਘ ਨੇ ਆਖਿਆ ਕਿ ਮਸ਼ੀਨੀ ਬੁੱਧੀਮਾਨਤਾ ਸਾਡੀ ਅਕਾਦਮਿਕਤਾ ਅਤੇ ਨਵੀਂ ਪੀੜ੍ਹੀ ਲਈ ਕੋਈ ਖ਼ਦਸ਼ੇ ਵਾਲੀ ਗੱਲ ਨਹੀਂ। ਸੈਮੀਨਾਰ ਦੀ ਪਹਿਲੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਪ੍ਰੋ. ਕੁਲਵੀਰ ਗੋਜਰਾ ਦਿੱਲੀ ਯੂਨੀਵਰਸਿਟੀ ਨੇ ਕਿਹਾ ਕਿ ਅਸੀਂ ਇਨ੍ਹਾਂ ਨਵੇਂ ਸੰਦਾਂ ਰਾਹੀਂ ਆਪਣੀ ਭਾਸ਼ਾ ਨੂੰ ਵਿਕਸਿਤ ਤਾਂ ਕਰ ਸਕਦੇ ਹਾਂ ਪਰ ਸਾਡੇ ਕੋਲ ਪ੍ਰਤੀਬੱਧਤਾ ਦੀ ਘਾਟ ਹੈ। ਇਸ ਸੈਸ਼ਨ ਦੌਰਾਨ ਡਾ. ਅਮਰਜੀਤ ਸਿੰਘ (ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਪਟਿਆਲਾ) ਡਾ. ਰਾਜਵਿੰਦਰ ਸਿੰਘ (ਪੰਜਾਬੀ ਯੂੂਨੀਵਰਸਿਟੀ ਪਟਿਆਲ), ਡਾ. ਮਨਜੀਤ ਸਿੰਘ (ਗੁਰੂ ਨਾਨਕ ਦੇਵ ਖਾਲਸਾ ਕਾਲਜ ਨਵੀਂ ਦਿੱਲੀ) ਨੇ ਸੰਬੋਧਨ ਕੀਤਾ। ਪ੍ਰੋ. ਕੁਮਾਰ ਸੁਸ਼ੀਲ (ਗੁਰੂ ਕਾਸ਼ੀ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ) ਨੇ ਆਪਣੇ ਖੋਜ ਪੱਤਰ ਵਿੱਚ ਸਿਰਜਣ ਪ੍ਰਕਿਰਿਆ ਵਿੱਚ ਵਾਪਰਨ ਵਾਲੀਆਂ ਨਵੀਆਂ ਬੌਧਕ ਤਰੁਟੀਆਂ ਤੋਂ ਜਾਣੂ ਕਰਵਾਇਆ। ਸੈਮੀਨਾਰ ਦੇ ਅੰਤ ’ਚ ਕਾਲਜ ਦੇ ਪੰਜਾਬੀ ਵਿਭਾਗ ਦੀ ਸੀਨੀਅਰ ਅਧਿਆਪਕ ਪ੍ਰੋ. ਇਕਬਾਲ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।