For the best experience, open
https://m.punjabitribuneonline.com
on your mobile browser.
Advertisement

ਹਿੰਦ-ਪਾਕਿ ਦੋਸਤੀ ਸੰਮੇਲਨ ਮੌਕੇ ‘ਅਮਨ ਲਈ ਇੱਕ ਮੌਕਾ ਦਿਓ’ ਵਿਸ਼ੇ ’ਤੇ ਸੈਮੀਨਾਰ

07:18 AM Aug 15, 2024 IST
ਹਿੰਦ ਪਾਕਿ ਦੋਸਤੀ ਸੰਮੇਲਨ ਮੌਕੇ ‘ਅਮਨ ਲਈ ਇੱਕ ਮੌਕਾ ਦਿਓ’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ ’ਚ ਰਸਾਲਾ ‘ਪੰਜ ਪਾਣੀ’ ਰਿਲੀਜ਼ ਕਰਦੇ ਹੋਏ ਸਾਹਿਤਕਾਰ ਤੇ ਹੋਰ ਆਗੂ।
Advertisement

ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 14 ਅਗਸਤ
ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕੈਡਮੀ ਅੰਮ੍ਰਿਤਸਰ ਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਖਾਲਸਾ ਕਾਲਜ ਵਿੱਚ ਕਰਵਾਏ ਗਏ ਸੈਮੀਨਾਰ ਵਿੱਚ ਸਰਕਾਰਾਂ ਤੋਂ ਭਾਰਤ-ਪਾਕਿਸਤਾਨ ਵਿਚਾਲੇ ਅਮਨ-ਸ਼ਾਂਤੀ ਲਈ ਮੌਕਾ ਮੰਗਿਆ ਗਿਆ ਹੈ। ਸਾਫ਼ਮਾ, ਪਾਕਿਸਤਾਨ ਇੰਡੀਆ ਪੀਪਲਜ਼ ਫਾਰ ਪੀਸ ਐਂਡ ਡੈਮੋਕਰੈਸੀ, ਪੰਜਾਬ ਜਾਗ੍ਰਿਤੀ ਮੰਚ ਜਲੰਧਰ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਸਹਿਯੋਗ ਕਰਵਾਏ ਗਏ ਹਿੰਦ-ਪਾਕਿ ਦੋਸਤੀ ਸੰਮੇਲਨ ਵਿੱਚ ‘ਭਾਰਤ-ਪਾਕਿਸਤਾਨ ਸਬੰਧ’ ਅਤੇ ‘ਅਮਨ ਲਈ ਇਕ ਮੌਕਾ ਦਿਓ’ ਵਿਸ਼ਿਆਂ ’ਤੇ ਸੈਮੀਨਾਰ ਕਰਵਾਏ ਗਏ। ਅਕੈਡਮੀ ਵੱਲੋਂ ‘ਪੰਜ ਪਾਣੀ’ ਰਸਾਲਾ ਵੀ ਰਿਲੀਜ਼ ਕੀਤਾ ਗਿਆ। ਇਸ ਦੌਰਾਨ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦਾ ਭਲਾ ਦੋਹਾਂ ਦੇਸ਼ਾਂ ਵਿਚਾਲੇ ਚੰਗੇ ਸਬੰਧਾਂ ਨਾਲ ਹੀ ਹੋ ਸਕਦਾ ਹੈ।
ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਦੋਹਾਂ ਦੇਸ਼ਾਂ ’ਚ ਨਫ਼ਰਤ ਪੈਦਾ ਕਰਨ ਵਾਲੇ ਬਹੁਤੇ ਲੋਕ ਨਹੀਂ ਹਨ। ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਵੰਡ ਦੇ ਦਰਦ ਨੂੰ ਸਿੱਖ, ਹਿੰਦੂ, ਮੁਸਲਮਾਨ ਅੱਜ ਵੀ ਨਹੀਂ ਭੁੱਲੇ। ਜਦੋਂ ਦੋਹਾਂ ਦੇਸ਼ਾਂ ਦੇ ਲੋਕ ਇੱਕ ਦੂਜੇ ਨੂੰ ਮਿਲਦੇ ਹਨ ਤਾਂ ਪਹਿਲਾਂ ਤੋਂ ਬਣੀਆਂ ਹੋਈਆਂ ਧਾਰਨਾਵਾਂ ਟੁੱਟਦੀਆਂ ਹਨ।
‘ਆਗਾਜ਼-ਏ-ਦੋਸਤੀ’ ਦੇ ਆਗੂ ਰਾਮ ਮੋਹਨ ਰਾਏ ਨੇ ਕਿਹਾ ਕਿ ਉਹ 12 ਸੂਬਿਆਂ ਤੋਂ ਹੁੰਦੇ ਹੋਏ ‘ਆਗਾਜ਼-ਏ-ਦੋਸਤੀ’ ਦਾ ਕਾਫ਼ਲਾ ਲੈ ਕੇ ਚੱਲ ਰਹੇ ਹਨ। ਹਰ ਸੂਬੇ ਵਿੱਚ ਲੋਕਾਂ ਨੇ ਇਸ ਦਾ ਭਰਵਾਂ ਸਵਾਗਤ ਕੀਤਾ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ 2017 ਤੋਂ ਉਨ੍ਹਾਂ ਨੂੰ ਭਿਣਕ ਪੈ ਗਈ ਸੀ ਕਿ ਸਰਕਾਰ ਕਾਰਪੋਰੇਟ ਕਲਚਰ ਵੱਲ ਵਧ ਰਹੀ ਹੈ। ਉਨ੍ਹਾਂ ਉਦੋਂ ਤੋਂ ਹੀ ਅੰਦੋਲਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਸੀਨੀਅਰ ਪੱਤਰਕਾਰ ਵਿਨੋਦ ਸ਼ਰਮਾ, ਪੱਤਰਕਾਰ ਆਸ਼ੂਤੋਸ਼, ਪੱਤਰਕਾਰ ਜਾਵੇਦ ਅਨਸਾਰੀ, ਸੋਸ਼ਲਿਸਟ ਪਾਰਟੀ ਇੰਡੀਆ ਦੇ ਆਗੂ ਸੰਦੀਪ ਪਾਂਡੇ ਅਤੇ ਹਰਸ਼ ਮੰਦਰ ਨੇ ਵੀ ਸੰਬੋਧਨ ਕੀਤਾ। ਅੰਤ ਵਿੱਚ ਫੋਕਲੋਰ ਰਿਸਰਚ ਅਕੈਡਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਸਾਰਿਆਂ ਧੰਨਵਾਦ ਕੀਤਾ। ਮੰਚ ਸੰਚਾਲਨ ਸ਼ਾਇਰ ਸੁਰਜੀਤ ਜੱਜ ਨੇ ਕੀਤਾ। ਸੈਮੀਨਾਰ ਤੋਂ ਬਾਅਦ ਪੰਜਾਬ ਨਾਟਸ਼ਾਲਾ ਵਿੱਚ ਮਰਹੂਮ ਸ਼ਾਇਰ ਸੁਰਜੀਤ ਪਾਤਰ ਨੂੰ ਸਮਰਪਿਤ ਤੇ ਹਿੰਦ-ਪਾਕਿ ਦੋਸਤੀ ਦਾ ਪੈਗਾਮ ਦੇਣ ਲਈ ਸੰਗੀਤਕ ਸ਼ਾਮ ਕਰਵਾਈ ਗਈ।

ਵੰਡ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ

ਫੋਕਲੋਰ ਰਿਸਰਚ ਅਕੈਡਮੀ ਦੀ ਸਕੱਤਰ ਕਮਲ ਗਿੱਲ ਨੇ ‘ਹਿੰਦ-ਪਾਕਿ’ ਦੋਸਤੀ ਸੰਮੇਲਨ ਦਾ ਐਲਾਨਨਾਮਾ ਪੜ੍ਹ ਕੇ ਸੁਣਾਇਆ। ਇਸ ਦੌਰਾਨ ਭਾਰਤ-ਪਾਕਿ ਮਿੱਤਰਤਾ ਦੀਆਂ ਮੁਦੱਈ ਜਥੇਬੰਦੀਆਂ ਨੇ 1947 ਵਿੱਚ ਹੋਈ ਵੰਡ ਦੌਰਾਨ ਫ਼ਿਰਕੂ ਹਿੰਸਾ ਵਿੱਚ ਮਾਰੇ ਗਏ 10 ਲੱਖ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਉਨ੍ਹਾਂ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਦੀਆਂ ਸਰਕਾਰਾਂ ਕੋਲੋਂ ਤਿੰਨਾਂ ਦੇਸ਼ਾਂ ਵਿਚ ਘੱਟ ਗਿਣਤੀਆਂ ’ਤੇ ਵਧ ਰਹੇ ਹਮਲਿਆਂ ਤੇ ਜਬਰੀ ਧਰਮ ਪਰਿਵਰਤਨ ਦੀਆਂ ਘਟਨਾਵਾਂ ਰੋਕਣ ਦੀ ਮੰਗ ਕੀਤੀ। ਉਨ੍ਹਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਪਾਸਪੋਰਟ ਦੀ ਸ਼ਰਤ ਹਟਾ ਕੇ ਆਧਾਰ ਕਾਰਡ ਜਾਂ ਕਿਸੇ ਹੋਰ ਪਛਾਣ ਪੱਤਰ ਰਾਹੀਂ ਯਾਤਰਾ ਕਰਨ ਦੀ ਇਜਾਜ਼ਤ ਦੇਣ ਦੀ ਵੀ ਮੰਗ ਕੀਤੀ।

Advertisement

ਅਟਾਰੀ-ਵਾਹਗਰਾ ਸਰਹੱਦ ’ਤੇ ਮੋਮਬੱਤੀਆਂ ਜਗਾਈਆਂ

ਅਟਾਰੀ (ਪੱਤਰ ਪ੍ਰੇਰਕ):

ਇੰਟਰਨੈਸ਼ਨਲਿਸਟ ਡੈਮੋਕਰੈਟਿਕ ਪਲੇਟਫਾਰਮ ਆਈਡੀਪੀ ਨੇ 14-15 ਅਗਸਤ ਨੂੰ ਹਿੰਦ-ਪਾਕਿ ਵੰਡ ਦੌਰਾਨ ਮਾਰੇ ਗਏ ਨਿਰਦੋਸ਼ਾਂ ਨੂੰ ਅਟਾਰੀ-ਵਾਹਗਾ ਸਰਹੱਦ ’ਤੇ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਤੋਂ ਪਹਿਲਾਂ ਪਿੰਗਲਵਾੜਾ ਆਸ਼ਰਮ ਮਾਨਵਾਲਾ ਵਿੱਚ ਪੱਤਰਕਾਰ ਹਮੀਰ ਸਿੰਘ, ਪਿੰਗਲਵਾੜਾ ਦੇ ਸੰਸਥਾਪਕ ਬੀਬੀ ਇੰਦਰਜੀਤ ਕੌਰ, ਆਈਡੀਪੀ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ, ਆਈਡੀਪੀ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ ਅਤੇੇ ਸੂਬਾ ਸਕੱਤਰ ਤਰਲੋਚਨ ਸਿੰਘ ਨੇ ਕਿਹਾ ਕਿ 14 ਅਤੇ 15 ਅਗਸਤ 1947 ਨੂੰ ਕ੍ਰਮਵਾਰ ਪਾਕਿਸਤਾਨ ਤੇ ਭਾਰਤ ਦੋ ਦੇਸ਼ ਹੋਂਦ ਵਿੱਚ ਆ ਗਏ ਸਨ। ਇੱਕ ਪਾਸੇ ਦੇਸ਼ ਦੀ ਆਜ਼ਾਦੀ ਦੇ ਜਸ਼ਨ ਮਨਾਏ ਗਏ ਅਤੇ ਦੂਜੇ ਪਾਸੇ 10 ਲੱਖ ਲੋਕਾਂ ਦੇ ਕਤਲ ਅਤੇ ਢਾਈ ਕਰੋੜ ਲੋਕਾਂ ਦੀ ਹਿਜਰਤ ਦਾ ਦਰਦ ਇਸ ਨੂੰ ਹੱਲਿਆਂ ਵਾਲੇ ਸਾਲ ਵਜੋਂ ਦੇਖਣ ਲਈ ਮਜਬੂਰ ਕਰ ਰਿਹਾ ਸੀ।

Advertisement
Author Image

joginder kumar

View all posts

Advertisement
×