ਗਿਆਨ ਜਯੋਤੀ ਇੰਸਟੀਚਿਊਟ ਵਿੱਚ ਵਾਤਾਵਰਨ ਸੁਰੱਖਿਆ ਵਿਸ਼ੇ ’ਤੇ ਸੈਮੀਨਾਰ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 21 ਸਤੰਬਰ
ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਫੇਜ਼-2 ਵੱਲੋਂ ਵਾਤਾਵਰਨ ਸੁਰੱਖਿਆ ਦਾ ਸੱਦਾ ਦਿੰਦੇ ਹੋਏ ਪੰਜਾਬ ਰਾਜ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ, ਸਟੇਟ ਨੋਡਲ ਏਜੰਸੀ ਅਤੇ ਵਾਤਾਵਰਨ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸਹਿਯੋਗ ਨਾਲ ਵਾਤਾਵਰਨ ਸਿੱਖਿਆ ਪ੍ਰੋਗਰਾਮ ਦੇ ਤਹਿਤ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਮੁਹਾਲੀ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ 200 ਤੋਂ ਵੱਧ ਪ੍ਰਿੰਸੀਪਲਾਂ ਅਤੇ ਅਕਾਦਮਿਕ ਕੋਆਰਡੀਨੇਟਰਾਂ ਨੇ ਸ਼ਮੂਲੀਅਤ ਕੀਤੀ। ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇਐੱਸ ਬੇਦੀ ਨੇ ਭਾਰਤ ਦੇ ਸੋਲਰ ਮੈਨ ਪ੍ਰੋ. ਚੇਤਨ ਸੋਲੰਕੀ ਦਾ ਸਵਾਗਤ ਕੀਤਾ। ਪ੍ਰੋ. ਚੇਤਨ ਸੋਲੰਕੀ ਨੇ ਜਲਵਾਯੂ ਪਰਿਵਰਤਨ ਦੇ ਭਖਦੇ ਮੁੱਦੇ ’ਤੇ ਚਰਚਾ ਕਰਦਿਆਂ ਵਾਤਾਵਰਨ ਦੀ ਸੁਰੱਖਿਆ ਲਈ ਸਾਂਝੀ ਕਾਰਵਾਈ ’ਤੇ ਜ਼ੋਰ ਦਿੱਤਾ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਨੇ ਵਾਤਾਵਰਨ ਦੀ ਸੁਰੱਖਿਆ ਲਈ ਮੁਹਾਲੀ ਦੇ ਸਕੂਲਾਂ ’ਚ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਮੁਹਿੰਮ ਤੇਜ਼ ਕਰਨ ਦਾ ਭਰੋਸਾ ਦਿੱਤਾ। ਇੰਸਟੀਚਿਊਟ ਦੇ ਡਾਇਰੈਕਟਰ ਡਾ. ਅਨੀਤ ਬੇਦੀ ਨੇ ਧੰਨਵਾਦ ਕੀਤਾ।