ਉਮੰਗ ਫਾਊਂਡੇਸ਼ਨ ਵੱਲੋਂ ਸਾਈਬਰ ਸੁਰੱਖਿਆ ਬਾਰੇ ਸੈਮੀਨਾਰ
ਪਟਿਆਲਾ:
ਉਮੰਗ ਵੈੱਲਫੇਅਰ ਫਾਊਂਡੇਸ਼ਨ ਦੇ ਚੇਅਰਮੈਨ ਹਰਦੀਪ ਸਿੰਘ ਬਡੂੰਗਰ (ਡੀਐੱਸਪੀ) ਅਤੇ ਪ੍ਰਧਾਨ ਅਰਵਿੰਦਰ ਸਿੰਘ ਦੀ ਅਗਵਾਈ ਹੇਠ ਸਾਈਬਰ ਸੁਰੱਖਿਆ ਸਬੰਧੀ ਜਾਰੀ ਸੈਮੀਨਾਰਾਂ ਦੀ ਲੜੀ ਵਜੋਂ 40ਵਾਂ ਸੈਮੀਨਾਰ ਅੱਜ ਨਗਰ ਨਿਗਮ ਦਫ਼ਤਰ ਦੇ ਕਾਨਫਰੰਸ ਹਾਲ ਵਿੱਚ ਕਰਵਾਇਆ ਗਿਆ। ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਮੇਅਰ ਕੁੰਦਨ ਗੋਗੀਆ ਨੇ ਅਜਿਹੀ ਮੁਹਿੰਮ ਲਈ ਸੰਸਥਾ ਦੀ ਸ਼ਲਾਘਾ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਅਜੋਕੇ ਆਧੁਨਿਕ ਯੁੱਗ ’ਚ ਸਾਈਬਰ ਕਰਾਈਮ ਦੀਆਂ ਘਟਨਾਵਾਂ ਨਿੱਤ ਦਿਨ ਵਾਪਰ ਰਹੀਆਂ ਹਨ। ਮੇਅਰ ਗੋੋਗੀਆ ਨੇ ਉਮੰਗ ਵੈੱਲਫੇਅਰ ਫਾਊਂਡੇਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ ਨੂੰ ਸੁਝਾਅ ਦਿੱਤਾ ਕਿ ਉਹ ਬਜ਼ਰਗਾਂ, ਪੈਨਸ਼ਨਰਾਂ ਨੂੰ ਵੀ ਇਸ ਸਬੰਧੀ ਜਾਗਰੂਕ ਕਰਨ। ਕਿਉਂਕਿ ਇਸ ਵਰਤਾਰੇ ਤੋਂ ਅਣਜਾਣ ਹੋਣ ਕਰਕੇ ਅਧਖੜ੍ਹ ਉਮਰ ਵਾਲ਼ੇ ਅਤੇ ਬਜ਼ੁਰਗ ਧੋਖਾਧੜੀ ਦਾ ਵਧੇਰੇ ਸ਼ਿਕਾਰ ਹੋ ਰਹੇ ਹਨ। ਫਾਊਡੇਂਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਫਾਊਂਡੇਸ਼ਨ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਫਾਊਂਡੇਸ਼ਨ ਤੋਂ ਐਡਵੋਕੇਟ ਯੋਗੇਸ਼ ਪਾਠਕ, ਰਾਜਿੰਦਰ ਲੱਕੀ, ਪਰਮਜੀਤ ਸਿੰਘ ਤੇ ਕਮਲਪ੍ਰੀਤ ਸਿੰਘ, ਸ਼ਮਸ਼ੇਰ ਐਜੂਕੇਸ਼ਨ ਸੁਸਾਇਟੀ ਤੋਂ ਇੰਦਰਜੀਤ ਸ਼ਰਮਾ, ਬਲਜਿੰਦਰ ਕੁਮਾਰ ਤੇ ਜਤਿੰਦਰ ਪਾਠਕ ਆਦਿ ਮੌਜੂਦ ਸਨ। -ਖੇਤਰੀ ਪ੍ਰਤੀਨਿਧ