‘ਭਾਰਤੀ ਸਿੱਖਿਆ ਪ੍ਰਣਾਲੀ ਵਿੱਚ ਮੌਜੂਦਾ ਸੁਧਾਰ: ਵਧ ਰਹੀਆਂ ਉਮੀਦਾਂ’ ਵਿਸ਼ੇ ਬਾਰੇ ਸੈਮੀਨਾਰ
ਰਤਨ ਸਿੰਘ ਢਿੱਲੋਂ
ਅੰਬਾਲਾ, 13 ਨਵੰਬਰ
ਟ੍ਰਿਬਿਊਨ ਗਰੁੱਪ ਨੇ ਟੀਆਈਈ ਪ੍ਰੋਗਰਾਮ ਤਹਿਤ ਚਿਤਕਾਰਾ ਯੂਨੀਵਰਸਿਟੀ ਦੇ ਸਹਿਯੋਗ ਨਾਲ ਅੱਜ ਇੱਥੇ ‘ਭਾਰਤੀ ਸਿੱਖਿਆ ਪ੍ਰਣਾਲੀ ਵਿੱਚ ਮੌਜੂਦਾ ਸੁਧਾਰ: ਵਧ ਰਹੀਆਂ ਉਮੀਦਾਂ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ। ਇਸ ਵਿੱਚ ਅੰਬਾਲਾ, ਕੈਥਲ ਅਤੇ ਕੁਰੂਕਸ਼ੇਤਰ ਜ਼ਿਲ੍ਹਿਆਂ ਦੇ 40 ਤੋਂ ਵੱਧ ਅਧਿਆਪਕ, ਸਕੂਲ ਕੋ-ਆਰਡੀਨੇਟਰ, ਪ੍ਰਿੰਸੀਪਲ ਅਤੇ ਡਾਇਰੈਕਟਰ ਸ਼ਾਮਲ ਹੋਏ।
ਸੈਮੀਨਾਰ ਦਾ ਮੁੱਖ ਭਾਸ਼ਣ ਮਨੋਵਿਗਿਆਨੀ ਅਤੇ ਕਰੀਅਰ ਕੌਂਸਲਰ ਆਦੀ ਗਰਗ ਨੇ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤੀ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਜ਼ਿਆਦਾ ਬਦਲਾਅ ਆ ਰਿਹਾ ਹੈ ਤੇ ਉਮੀਦਾਂ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿ ਇਸ ਸਮੇਂ 260 ਮਿਲੀਅਨ ਬੱਚੇ ਪੜ੍ਹ ਰਹੇ ਹਨ। ਉਨ੍ਹਾਂ ਐਡਟੈੱਕ ਦੀ ਭੂਮਿਕਾ ਦੀ ਵਰਤੋਂ ਕਰਕੇ ਸਿੱਖਿਅਕਾਂ ਨੂੰ ਭਵਿੱਖ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਡਾਇਰੈਕਟਰਾਂ ਨੂੰ ਹੋਰ ਅਨੁਕੂਲ ਬਣਨ ਦਾ ਸੱਦਾ ਦਿੱਤਾ। ਮੁੱਖ ਬੁਲਾਰੇ ਨੇ ਕਿਹਾ ਕਿ ਸਿੱਖਿਆ ਪ੍ਰਣਾਲੀ ਵਿੱਚ ਐਡਟੈਕ ਦੀ ਭੂਮਿਕਾ ਦੀ ਵਰਤੋਂ ਕਰਦਿਆਂ ਨਿਸ਼ਠਾ (ਨੈਸ਼ਨਲ ਇਨੀਸ਼ੀਏਟਿਵ ਫਾਰ ਸਕੂਲ ਹੈੱਡਸ ਐਂਡ ਟੀਚਰਜ਼ ਹੋਲਿਸਟਿਕ ਐਡਵਾਂਸਮੈਂਟ), ਸਵੈਮ ਪ੍ਰਭਾ ਦੇ ਨਾਲ ਸਵੈਮ-ਪੋਰਟਲ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣਾ ਧਿਆਨ ਕੇਵਲ ਵਿਦਿਆਰਥੀਆਂ ’ਤੇ ਕੇਂਦਰਿਤ ਕਰ ਰਹੇ ਹਾਂ ਜਦੋਂਕਿ ਸਾਨੂੰ ਸਵੈ ਉਤਪਾਦਕਤਾ ’ਤੇ ਵੀ ਧਿਆਨ ਦੇਣਾ ਚਾਹੀਦਾ ਹੈ। ਸਾਨੂੰ ਹੋਰ ਜਵਾਬਦੇਹ ਹੋਣ ਦੀ ਲੋੜ ਹੈ। ਉਨ੍ਹਾਂ ਸਿੱਖਿਆ ਪ੍ਰਣਾਲੀ ਅਤੇ ਵਿਦਿਆਰਥੀਆਂ ਦੀ ਬਿਹਤਰੀ ਲਈ ਨਵੇਂ ਵਿਚਾਰ ਲਾਗੂ ਕਰਨ ਲਈ ਅਧਿਆਪਕਾਂ ਅਤੇ ਮਾਪਿਆਂ ਦੇ ਆਪਸੀ ਤਾਲਮੇਲ ਦੇ ਮਹੱਤਵ ’ਤੇ ਜ਼ੋਰ ਦਿੱਤਾ। ਚਿਤਕਾਰਾ ਯੂਨੀਵਰਸਿਟੀ ਦੀ ਸਟਰੈਟਜਿਕ ਇਨੀਸ਼ੀਏਟਿਵ ਡਾਇਰੈਕਟਰ ਪ੍ਰੀਤੀ ਚੌਧਰੀ ਨੇ ਵਿਦਿਆਰਥੀਆਂ ਲਈ ਮਿਆਰੀ ਅਕਾਦਮਿਕ ਮਾਹੌਲ ਨੂੰ ਯਕੀਨੀ ਬਣਾਉਣ ਲਈ ਯੂਨੀਵਰਸਿਟੀ ਵੱਲੋਂ ਅਪਣਾਈ ਗਈ ਕਾਰਜਪ੍ਰਣਾਲੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਹਰੇਕ ਵਿਦਿਆਰਥੀ ਮਹੱਤਵਪੂਰਨ ਹੈ। ਚਿਤਕਾਰਾ ਇੱਕ ਖੋਜ-ਅਧਾਰਿਤ ਯੂਨੀਵਰਸਿਟੀ ਹੈ। ਉਹ ਕੇਜੀ ਤੋਂ ਲੈ ਕੇ ਸਿੱਖਿਆ ਦੇ ਉੱਚ ਪੱਧਰ ਤੱਕ ਸਿੱਖਿਆ ਵਿੱਚ ਯੋਗਦਾਨ ਪਾ ਰਹੇ ਹਨ। ਇਸ ਮੌਕੇ ਹਰਿਆਣਾ ਪ੍ਰੋਗਰੈਸਿਵ ਸਕੂਲ ਕਾਨਫ਼ਰੰਸ ਦੇ ਜ਼ੋਨਲ ਪ੍ਰਧਾਨ ਉੱਤਰੀ ਅਤੇ ਤੁਲਸੀ ਪਬਲਿਕ ਸਕੂਲ ਦੇ ਡਾਇਰੈਕਟਰ ਪ੍ਰਸ਼ਾਂਤ ਮੁੰਜਾਲ, ਸ੍ਰੀ ਗੀਤਾ ਨੰਦ ਪਬਲਿਕ ਸਕੂਲ ਦੇ ਡਾਇਰੈਕਟਰ ਸੌਰਭ ਕਪੂਰ, ਹਰਪ੍ਰੀਤ ਕੌਰ ਸੋਢੀ ਪ੍ਰਿੰਸੀਪਲ ਹੈੱਡ ਵੇਅ ਵਰਲਡ ਸਕੂਲ, ਪਿਹੋਵਾ, ਚਮਨ ਵਾਟਿਕਾ ਗੁਰੂਕੁਲ ਅੰਬਾਲਾ ਦੀ ਪ੍ਰਿੰਸੀਪਲ ਸੋਨਾਲੀ ਸ਼ਰਮਾ, ਗੁਲਸ਼ਨ ਸੈਣੀ, ਕੋ-ਆਰਡੀਨੇਟਰ, ਆਈਜੀ ਪਬਲਿਕ ਸਕੂਲ ਕੈਥਲ, ਨੀਲਮ ਸ਼ਰਮਾ, ਪ੍ਰਿੰਸੀਪਲ ਓਪੀਐੱਸ ਵਿੱਦਿਆ ਮੰਦਰ ਅੰਬਾਲਾ ਸ਼ਹਿਰ, ਨਿਸ਼ਠਾ ਦੂਆ ਕੋਆਰਡੀਨੇਟਰ ਐੱਮਐੱਮ ਇੰਟਰਨੈਸ਼ਨਲ ਸਕੂਲ ਸੱਦੋਪੁਰ, ਵਿਸ਼ਵਾਸ ਪਬਲਿਕ ਸਕੂਲ ਸ਼ਾਹਬਾਦ ਦੀ ਕੋ-ਆਰਡੀਨੇਟਰ ਕਲਪਨਾ ਸ਼ਾਮਲ ਸਨ।