ਅਜੋਕੀ ਰਾਜਨੀਤੀ ਅਤੇ ਲੋਕ ਮਸਲਿਆਂ ’ਤੇ ਸੈਮੀਨਾਰ
ਹਰਚਰਨ ਸਿੰਘ ਪ੍ਰਹਾਰ
ਕੈਲਗਰੀ: ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਸਿੱਖ ਵਿਰਸਾ ਇੰਟਰਨੈਸ਼ਨਲ ਵੱਲੋਂ ਇੰਡੀਅਨ ਐਕਸ ਸਰਵਿਸਮੈਨ ਇਮੀਗਰੈਂਟ ਐਸੋਸੀਏਸ਼ਨ ਦੇ ਹਾਲ ਅੰਦਰ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਨੂੰ ਸੰਬੋਧਨ ਕਰਦਿਆਂ ਯੂਐੱਨਆਈ ਦੇ ਸਾਬਕਾ ਸੀਨੀਅਰ ਪੱਤਰਕਾਰ, ਲੇਖਕ ਤੇ ਸਿੱਖ ਵਿਦਵਾਨ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਸਿੱਖ ਨਾ ਸਿਰਫ਼ ਰਾਜਨੀਤਕ ਧਿਰ ਵਜੋਂ ਪੰਜਾਬ ਵਿੱਚ ਹੀ ਸਗੋਂ ਭਾਰਤੀ ਰਾਜਨੀਤੀ ਵਿੱਚ ਵੀ ਆਪਣਾ ਸਥਾਨ ਗੁਆ ਰਹੇ ਹਨ। ਉਨ੍ਹਾਂ ‘ਅਨੰਦਪੁਰ ਦੇ ਮਤੇ’ ਦੇ ਹਵਾਲੇ ਨਾਲ ਕਿਹਾ ਕਿ ਕਿਸੇ ਵਕਤ ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਨਾ ਸਿਰਫ਼ ਇੱਕ ਸ਼ਕਤੀਸ਼ਾਲੀ ਖੇਤਰੀ ਪਾਰਟੀ ਸੀ, ਸਗੋਂ ਸੰਘੀ ਢਾਂਚੇ ਤੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਲਈ ਲੜਨ ਵਿੱਚ ਮੋਹਰੀ ਸੀ, ਉੱਥੇ ਅੱਜ ਜਦੋਂ ਦੇਸ਼ ਵਿੱਚ ਭਾਜਪਾ ਖਿਲਾਫ਼ ਸਾਰੀਆਂ ਖੇਤਰੀ ਪਾਰਟੀਆਂ ਲਾਮਬੰਦ ਹੋ ਰਹੀਆਂ ਹਨ ਤਾਂ ਉੱਥੇ ਸਿੱਖਾਂ ਦੀ ਨੁਮਾਇੰਦਗੀ ਕਰਨ ਲਈ ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਹੈ। ਸਿੱਖਾਂ ਲਈ ਇਹ ਇੱਕ ਗੰਭੀਰ ਚਿੰਤਾ ਦਾ ਮੁੱਦਾ ਹੈ? ਸੈਮੀਨਾਰ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਪ੍ਰੋਫੈਸਰ ਪ੍ਰੋ. ਜਗਰੂਪ ਸਿੰਘ ਸੇਖੋਂ ਨੇ ਪੰਜਾਬ ਤੇ ਭਾਰਤ ਦੀ ਰਾਜਨੀਤੀ ਦੇ ਵੱਖ-ਵੱਖ ਪੱਖਾਂ ’ਤੇ ਵਿਸ਼ੇਸ਼ ਚਰਚਾ ਕੀਤੀ। ਉਨ੍ਹਾਂ ਸਰੋਤਿਆਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਆਪਣੀ ਕਿਤਾਬ ‘ਟੈਰੋਰਿਜ਼ਮ ਇਨ ਪੰਜਾਬ; ਗਰਾਸ ਰੂਟ ਰੀਐਲਿਟੀਜ਼’ ਦੇ ਹਾਵਲੇ ਨਾਲ 1984 ਦੀ ਖਾੜਕੂ ਲਹਿਰ ਬਾਰੇ ਕਈ ਰੌਚਕ ਤੱਥ ਸਾਂਝੇ ਕੀਤੇ।
ਸੈਮੀਨਾਰ ਦੇ ਤੀਸਰੇ ਬੁਲਾਰੇ ਉੱਘੇ ਪੱਤਰਕਾਰ ਤੇ ਸਮਾਜ ਸੇਵੀ ਸਵਰਨ ਸਿੰਘ ਭੰਗੂ ਵੱਲੋਂ ਪੰਜਾਬ ਵਿੱਚ ਸਿੱਖਿਆ ਦੇ ਡਿੱਗ ਰਹੇ ਮਿਆਰ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਗਿਆ ਕਿ ਅੱਜ ਪੰਜਾਬ ਦੇ ਨੌਜਵਾਨ ਦਾ ਸੁਪਨਾ ਮਰ ਚੁੱਕਾ ਹੈ, ਉਸ ਕੋਲ ਦੇਸ਼ ਵਿੱਚ ਰਹਿਣ ਲਈ ਚਾਹਤ ਨਹੀਂ, ਹਰ ਇੱਕ ਦਾ ਰੁਝਾਨ 12 ਕਲਾਸਾਂ ਪੜ੍ਹਨ ਤੋਂ ਬਾਅਦ ਆਇਲੈਟਸ ਕਰਕੇ ਵਿਦੇਸ਼ ਜਾਣ ਵੱਲ ਹੈ। ਇੱਥੇ ਆ ਕੇ ਕੋਈ ਉਚੇਰੀ ਵਿਦਿਆ ਲੈਣ ਦੀ ਥਾਂ ਪੀਆਰ ਲੈਣਾ ਹੀ ਇੱਕੋ-ਇੱਕ ਪ੍ਰਾਪਤੀ ਮੰਨੀ ਜਾ ਰਹੇ ਹਨ।
ਇਸ ਮੌਕੇ ਤਿੰਨੋਂ ਵਿਦਵਾਨਾਂ ’ਤੇ ਹਰਚਰਨ ਸਿੰਘ ਪ੍ਰਹਾਰ, ਪ੍ਰੋ. ਗੋਪਾਲ ਕਾਉਂਕੇ, ਕਮਲ ਸਿੱਧੂ, ਹਰੀਪਾਲ, ਜਸਵਿੰਦਰ ਮਾਨ, ਨਵਕਿਰਨ ਢੁੱਡੀਕੇ ਅਤੇ ਸੁੱਖਵੀਰ ਗਰੇਵਾਲ ਵੱਲੋਂ ਬੱਬਰ ਅਕਾਲੀ ਲਹਿਰ ਦੀ 100ਵੀਂ ਵਰ੍ਹੇਗੰਢ ਮੌਕੇ ‘ਈਸਟ ਇੰਡੀਅਨ ਡਿਫੈਂਸ ਕਮੇਟੀ’ ਵੱਲੋਂ ਛਾਪੀ ਗਈ ਕਿਤਾਬ ‘ਬੱਬਰ ਅਕਾਲੀਆਂ ਦੀ ਅਮਰ ਗਾਥਾ’ ਰਿਲੀਜ਼ ਕੀਤੀ ਗਈ। ਸੈਮੀਨਾਰ ਦੇ ਤਿੰਨੋਂ ਬੁਲਾਰਿਆਂ ਨੂੰ ਰਿਸ਼ੀ ਨਾਗਰ, ਗੁਰਦਿਆਲ ਸਿੰਘ ਖੈਰ੍ਹਾ, ਤਰਨਜੀਤ ਔਜਲਾ, ਬਲਜਿੰਦਰ ਢਿੱਲੋਂ, ਹਰਬਖਸ਼ ਸਿੰਘ ਧਨੋਆ, ਹਰਚਰਨ ਸਿੰਘ ਪ੍ਰਹਾਰ ਵੱਲੋਂ ਕਿਤਾਬਾਂ ਦੇ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਰੇਡਿਓ ਰੈੱਡ ਐੱਫਐੱਮ ਦੇ ਨਿਊਜ਼ ਹੋਸਟ ਰਿਸ਼ੀ ਨਾਗਰ ਵੱਲੋਂ ਸਮਾਗਮ ਦੇ ਅਖੀਰ ਵਿੱਚ ਬੁਲਾਰਿਆਂ ਦੇ ਲੈਕਚਰਾਂ ਬਾਰੇ ਸੰਖੇਪ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਇਸ ਦੌਰਾਨ ਪ੍ਰੌਗਰੈਸਿਵ ਕਲਾ ਮੰਚ ਦੇ ਕਲਾਕਾਰਾਂ ਵੱਲੋਂ ਔਰਤਾਂ ਦੇ ਹੱਕਾਂ ਦੀ ਗੱਲ ਕਰਦੀਆਂ ਦੋ ਕੋਰਿਓਗ੍ਰਾਫ਼ੀਆਂ ਪੇਸ਼ ਕੀਤੀਆਂ ਗਈਆਂ। ਜਨਿ੍ਹਾਂ ਵਿੱਚੋਂ ਇੱਕ ਔਰਤ ਦੇ ਦਰਦ ਨੂੰ ਬਿਆਨ ਕਰਦੀ ਸੀ ‘ਸਖੀਏ ਸਹੇਲੀਏ... ’ ਅਤੇ ਦੂਜੀ ਪਿਛਲੇ ਦਨਿੀਂ ਮਨੀਪੁਰ ਵਿੱਚ ਔਰਤਾਂ ਨਾਲ ਹੋਏ ਸਮੂਹਿਕ ਬਲਾਤਕਾਰ ਨਾਲ ਸਬੰਧਿਤ ਸੀ, ਜਿਸ ਵਿੱਚ ਇਸ ਗੀਤ; ‘ਉੱਠ ਨੀਂ ਕੁੜੀਏ, ਉੱਠ ਨੀਂ ਚਿੜੀਏ, ਚੀਕ ਚਿਹਾੜਾ ਪਾ...’ ਰਾਹੀਂ ਔਰਤਾਂ ਨੂੰ ਆਪਣੇ ਹੱਕਾਂ ਅਤੇ ਸਵੈਮਾਣ ਲਈ ਲੜਨ ਦਾ ਸੱਦਾ ਦਿੱਤਾ ਗਿਆ। ਮਨੀਪੁਰ ਵਿੱਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਸਬੰਧੀ ਸਰਬਸੰਮਤੀ ਨਾਲ ਇੱਕ ਮਤਾ ਪਾਸ ਕੀਤਾ ਗਿਆ, ਜਿਸ ਨੂੰ ਮਾਸਟਰ ਭਜਨ ਸਿੰਘ ਵੱਲੋਂ ਪੜ੍ਹਿਆ ਗਿਆ ਤੇ ਸਰੋਤਿਆਂ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ। ਮਤੇ ਵਿੱਚ ਮੁਲਜ਼ਮਾਂ ਖਿਲਾਫ਼ ਤੁਰੰਤ ਕਾਰਵਾਈ ਕਰਕੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ।
ਸੰਪਰਕ: 403-681-8689