ਆਰਥਿਕ ਵਿਕਾਸ ’ਚ ਕੋਆਪਰੇਟਿਵ ਸੁਸਾਇਟੀਆਂ ਦੇ ਯੋਗਦਾਨ ਬਾਰੇ ਸੈਮੀਨਾਰ
ਰਮਨਦੀਪ ਸਿੰਘ
ਰਾਮਪੁਰਾ ਫੂਲ, 21 ਨਵੰਬਰ
ਮਾਤਾ ਸੁੰਦਰੀ ਗਰਲਜ਼ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ ਪੰਜਾਬ ਦੇ ਆਰਥਿਕ ਵਿਕਾਸ ਵਿਚ ਕੋਆਪਰੇਟਿਵ ਸੁਸਾਇਟੀਆਂ ਦਾ ਯੋਗਦਾਨ ਵਿਸ਼ੇ ਉੱਪਰ ਰਾਸ਼ਟਰੀ ਸੈਮੀਨਾਰ ਕਰਵਾਇਆ। ਸੰਸਥਾ ਦੇ ਪ੍ਰਿੰਸੀਪਲ ਰਾਜ ਸਿੰਘ ਬਾਘਾ ਨੇ ਦੱਸਿਆ ਕਿ ਇਸ ਸੈਮੀਨਾਰ ਵਿੱਚ ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਸਿੱਧੂ, ਡਾਇਰੈਕਟਰ ਐਡਮਨਿਸਟਰੇਸ਼ਨ ਪਰਮਿੰਦਰ ਸਿੰਘ ਸਿੱਧੂ ਅਤੇ ਡਾਇਰੈਕਟਰ ਸਿੰਬਲਜੀਤ ਕੌਰ ਨੇ ਵਿਦਵਾਨਾਂ ਦਾ ਸਵਾਗਤ ਕੀਤਾ। ਮੁੱਖ ਮਹਿਮਾਨ ਵਜੋਂ ਡਾ. ਮਲਕੀਤ ਸਿੰਘ ਗਿੱਲ ਪੁੱਜੇ ਅਤੇ ਉਨ੍ਹਾਂ ਨੇ ਸਰੋਤਿਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਇਹ ਵਿਸ਼ਾ ਪਿੰਡਾਂ ਅਤੇ ਕਿਸਾਨ ਪਰਿਵਾਰਾਂ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ। ਸੈਮੀਨਾਰ ਦੀ ਪ੍ਰਧਾਨਗੀ ਡਾ. ਸੰਤੋਸ਼ ਰਾਜਪ੍ਰੋਹਿਤ ਪ੍ਰਿੰਸੀਪਲ ਰਿਆਨ ਕਾਲਜ ਹਨੂਮਾਨਗੜ੍ਹ ਰਾਜਸਥਾਨ ਨੇ ਕੀਤੀ। ਉਨ੍ਹਾਂ ਕੋਆਪਰੇਟਿਵ ਸੁਸਾਇਟੀ ਐਕਟ ਅਤੇ ਇਸ ਦੇ ਕਿਸਾਨਾਂ-ਮਜ਼ਦੂਰਾਂ ਅਤੇ ਔਰਤਾਂ ਲਈ ਆਰਥਿਕ ਵਿਕਾਸ ਦੇ ਸੋਮੇ ਵਜੋਂ ਵਿਆਖਿਆ ਕੀਤੀ। ਪ੍ਰੋ. ਗੁਰਸ਼ਰਨ ਕੌਰ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਨੇ ਕੁੰਜੀਵਤ ਭਾਸ਼ਣ ਦਿੱਤਾ। ਇਸ ਮੌਕੇ ਗੈਸਟ ਆਫ ਆਨਰ ਵਜੋਂ ਡਾ. ਹੇਮੰਤ ਵਾਟਸ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਪਹੁੰਚੇ। ਸੈਮੀਨਾਰ ਵਿੱਚ ਕੋਆਰਡੀਨੇਟਰ ਪ੍ਰੋ. ਜਸਵਿੰਦਰ ਸਿੰਘ, ਅਮਨਦੀਪ ਕੌਰ, ਹਰਸ਼ ਰਾਣੀ, ਰਣਜੀਤ ਕੌਰ ਤੇ ਰਵਿੰਦਰ ਕੁਮਾਰ ਆਦਿ ਹਾਜ਼ਰ ਸਨ।