‘ਸਮਕਾਲੀ ਪੰਜਾਬ: ਸਿਆਸਤ ਅਤੇ ਸਮਾਜ’ ਵਿਸ਼ੇ ਬਾਰੇ ਸੈਮੀਨਾਰ ਸ਼ੁਰੂ
ਕੁਲਦੀਪ ਸਿੰਘ
ਨਵੀਂ ਦਿੱਲੀ, 20 ਨਵੰਬਰ
ਨੈਸ਼ਨਲ ਇੰਸਟੀਟਿਊਟ ਆਫ਼ ਪੰਜਾਬ ਸਟੱਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਅਤੇ ਰਾਜਨੀਤੀ ਵਿਭਾਗ, ਪੰਜਾਬ ਯੂਨੀਵਰਸਿਟੀ ਵੱਲੋਂ ਸਾਂਝੇ ਤੌਰ ’ਤੇ ‘ਸਮਕਾਲੀ ਪੰਜਾਬ : ਸਿਆਸਤ ਅਤੇ ਸਮਾਜ’ ਵਿਸ਼ੇ ’ਤੇ ਦੋ ਰੋਜ਼ਾ ਕੌਮਾਂਤਰੀ ਸੈਮੀਨਾਰ ਦੀ ਸ਼ੁਰੂਆਤ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਗੋਲਡਨ ਜੁਬਲੀ ਹਾਲ ਵਿੱਚ ਹੋਈ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਅਤੇ ਸਦਨ ਦੇ ਪ੍ਰਧਾਨ ਡਾ. ਮਨਮੋਹਨ ਸਿੰਘ ਦੇ ਸੰਦੇਸ਼ ਨੂੰ ਸਦਨ ਦੇ ਸੀਨੀਅਰ ਵਾਈਸ-ਪ੍ਰੈਜ਼ੀਡੈਂਟ ਅਤੇ ਵਿਸ਼ਿਸ਼ਟ ਸਿਵਲ ਅਧਿਕਾਰੀ ਜਤਿੰਦਰਬੀਰ ਸਿੰਘ (ਆਈਏਐੱਸ) ਨੇ ਪੜ੍ਹਿਆ। ਉਪਰੰਤ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਪ੍ਰੋ. ਰੇਨੂ ਵਿਗ ਨੇ ਸਭ ਦਾ ਸਵਾਗਤ ਕੀਤਾ। ਡਾ. ਲਤਿਕਾ ਸ਼ਰਮਾ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਇਸ ਦੇ ਪੁਰਾਣੇ ਵਿਦਿਆਰਥੀ ਅਤੇ ਅਧਿਆਪਕ ਰਹੇ ਡਾ. ਮਨਮੋਹਨ ਸਿੰਘ ’ਤੇ ਮਾਣ ਹੈ ਜਿਨ੍ਹਾਂ ਦੋ ਵਾਰ ਪ੍ਰਧਾਨ ਮੰਤਰੀ ਵਜੋਂ ਦੇਸ਼ ਦੀ ਵਾਗਡੋਰ ਸੰਭਾਲਦਿਆਂ ਇਸ ਸਿੱਖਿਆ ਸੰਸਥਾਨ ਦਾ ਮਾਣ ਵਧਾਇਆ। ਨੈਸ਼ਨਲ ਇੰਸਟੀਟਿਊਟ ਆਫ਼ ਪੰਜਾਬ ਸਟੱਡੀਜ਼ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਇਸ ਮੌਕੇ ਡਾ. ਐੱਮਐੱਸ ਰੰਧਾਵਾ, ਡਾ. ਪੀਐੱਨ ਥਾਪਰ ਅਤੇ ਤਰਲੋਕ ਸਿੰਘ ਦਾ ਜ਼ਿਕਰ ਕੀਤਾ। ਉਨ੍ਹਾਂ ਅਫਸੋਸ ਪ੍ਰਗਟਾਇਆ ਕਿ ਪ੍ਰਤਾਪ ਸਿੰਘ ਕੈਰੋਂ ਤੋਂ ਬਾਅਦ ਸੁਯੋਗ ਅਗਵਾਈ ਨਾ ਮਿਲਣ ਕਾਰਨ ਪੰਜਾਬ ਲਗਾਤਾਰ ਨਿੱਘਰਦਾ ਚਲਾ ਗਿਆ। ਇਸ ਤੋਂ ਬਾਅਦ ਨਿਪਸ ਦੀ ਜੁਆਇੰਟ ਡਾਇਰੈਕਟਰ ਅਤੇ ਸੈਮੀਨਾਰ ਦੀ ਕਨਵੀਨਰ ਪ੍ਰੋ. ਮਨਜੀਤ ਭਾਟੀਆ ਅਤੇ ਰਾਜਨੀਤੀ ਵਿਗਿਆਨ ਵਿਭਾਗ ਦੇ ਚੇਅਰਪਰਸਨ ਮੁਖਰਜੀ ਨੇ ਸੈਮੀਨਾਰ ਦੇ ਥੀਮ ਨਾਲ ਜਾਣ ਪਛਾਣ ਕਰਾਈ। ਰਮੇਸ਼ ਇੰਦਰ ਸਿੰਘ ਨੇ ਕਿਹਾ ਕਿ ਪੰਜਾਬ ਹਮੇਸ਼ਾ ਚੁਣੌਤੀਆਂ ਦੇ ਸਨਮੁੱਖ ਹੁੰਦਾ ਹੋਇਆ ਆਪਣੇ ਬਲਬੂਤੇ ’ਤੇ ਇਨ੍ਹਾਂ ਵਿੱਚੋਂ ਉਭਰਦਾ ਰਿਹਾ ਹੈ। ਪ੍ਰੋ. ਰਾਣਾ ਨਈਅਰ ਨੇ ਵੱਖ ਵੱਖ ਸਮਿਆਂ ਦੌਰਾਨ ਇਥੇ ਵਾਪਰੇ ਦੁਖਾਂਤਾਂ ਦਾ ਜ਼ਿਕਰ ਕੀਤਾ। ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਜਯੋਤੀ ਮਲਹੋਤਰਾ ਨੇ ਲੋਕਤੰਤਰ ਅਤੇ ਵੋਟ ਸ਼ਕਤੀ ਨੂੰ ਸਮਾਜਕ ਤੇ ਰਾਜਨੀਤਕ ਢਾਂਚੇ ਦਾ ਮਜ਼ਬੂਤ ਆਧਾਰ ਦੱਸਿਆ। ਨਸ਼ੇ ਦੇ ਪ੍ਰਸੰਗ ’ਚ ਗੱਲ ਕਰਦਿਆਂ ਉਨ੍ਹਾਂ ਇਸ ਦਾ ਸ਼ਿਕਾਰ ਔਰਤਾਂ ਦੀ ਗੱਲ ਵੀ ਕੀਤੀ ਅਤੇ ਨੌਜਵਾਨਾਂ ਨੂੰ ਮਘਦੇ ਮਸਲਿਆਂ ਬਾਰੇ ਜਾਗਰੂਕ ਹੋਣ ਅਤੇ ਇਸ ਬਾਰੇ ਲਿਖਣ ਲਈ ਕਿਹਾ। ਡੀਨ ਐਲੂਮਨੀ ਰਿਲੇਸ਼ਨਜ਼ ਪ੍ਰੋ. ਲਤਿਕਾ ਸ਼ਰਮਾ ਨੇ ਦੋਵੇਂ ਸੰਸਥਾਵਾਂ ਦਾ ਧੰਨਵਾਦ ਕੀਤਾ। ਸਦਨ ਦੇ ਜਨਰਲ ਸਕੱਤਰ ਪ੍ਰੋ. ਜਸਵਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ।