ਮਾਨਸਿਕ ਰੋਗਾਂ ਦੇ ਕਾਰਨ ਤੇ ਇਲਾਜ ਵਿਸ਼ੇ ’ਤੇ ਸੈਮੀਨਾਰ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 31 ਮਾਰਚ
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੰਗਰੂਰ ਇਕਾਈ ਵੱਲੋਂ ‘ਮਾਨਸਿਕ ਰੋਗਾਂ ਦੇ ਕਾਰਨ ਤੇ ਇਲਾਜ’ ਵਿਸ਼ੇ ’ਤੇ ਸੈਮੀਨਾਰ ਇਕਾਈ ਮੁਖੀ ਸੁਰਿੰਦਰ ਪਾਲ ਤੇ ਜ਼ੋਨ ਮੁਖੀ ਮਾਸਟਰ ਪਰਮ ਵੇਦ ਦੀ ਅਗਵਾਈ ਹੇਠ ਕਰਵਾਇਆ ਗਿਆ। ਜ਼ੋਨ ਮੀਡੀਆ ਮੁਖੀ ਸੀਤਾ ਰਾਮ ਬਾਲਦ ਕਲਾਂ ਵੱਲੋਂ ਸੈਮੀਨਾਰ ਵਿੱਚ ਸ਼ਾਮਲ ਸਾਰਿਆਂ ਨੂੰ ਜੀ ਆਇਆਂ ਕਹਿਣ ਮਗਰੋਂ ਪਹਿਲੇ ਮੁੱਖ ਬੁਲਾਰੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਪਾਵੇਲ ਸਿੰਘ ਜਟਾਣਾ ਨੇ ਵੱਖ ਵੱਖ ਮਾਨਸਿਕ ਬਿਮਾਰੀਆਂ ਉਦਾਸੀ, ਚਿੰਤਾ, ਫੋਬੀਆ, ਸ਼ੀਜੋਫਰੇਨੀਆ ਤੇ ਓਸੀਡੀ ਆਦਿ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮਾਨਸਿਕ ਰੋਗਾਂ ਲਈ ਡਾਕਟਰ ਦੇ ਦੱਸੇ ਅਨੁਸਾਰ ਹੀ ਦਵਾਈ ਲੈਣੀ ਚਾਹੀਦੀ ਹੈ। ਪੂਰਨ ਇਲਾਜ ਪੂਰੀ ਦਵਾਈ ਨਾਲ਼ ਹੀ ਸੰਭਵ ਹੁੰਦਾ ਹੈ। ਮਾਨਸਿਕ ਰੋਗਾਂ ਦਾ ਪ੍ਰਗਟਾਅ ਹੌਲੀ ਹੌਲੀ ਹੁੰਦਾ ਹੈ ਤੇ ਕਈ ਵਾਰ ਇਨ੍ਹਾਂ ਦਾ ਇਲਾਜ ਵੀ ਵੱਧ ਸਮਾਂ ਲੈ ਜਾਂਦਾ ਹੈ।
ਦੂਜੇ ਬੁਲਾਰੇ ਸਾਈਕੋਲੌਜਿਸਟ ਡਾਕਟਰ ਸ਼ਿਲਪਾ ਨੇ ਮਨ ਦਾ ਮਨੋ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਮਨ ਉੱਤੇ ਛੋਟੀ ਉਮਰ ਤੋਂ ਹੀ ਹਰ ਛੋਟੀ ਵੱਡੀ ਗੱਲ ਦਾ ਅਸਰ ਹੁੰਦਾ ਹੈ। ਉਨ੍ਹਾਂ ਕਿਹਾ ਕਿਹਾ ਕਿ ਮਾਨਸਿਕ ਬਿਮਾਰੀਆਂ ਦੇ ਕਾਰਨ ਮਨੋਵਿਗਿਆਨਕ, ਪਰਿਵਾਰਕ, ਆਰਥਿਕ, ਸਮਾਜਿਕ ਤੇ ਸਰੀਰਕ ਆਦਿ ਹੁੰਦੇ ਹਨ। ਮੁੱਖ ਲੱਛਣ ਡੂੰਘੀ ਉਦਾਸੀ, ਨਿਰਾਸ਼ਾ, ਚਿੰਤਾ, ਡਰ ਤੇ ਤਣਾਅ ਆਦਿ ਹਨ ਜਿਨ੍ਹਾਂ ਦਾ ਪ੍ਰਗਟਾਅ ਵਿਅਕਤੀ ਭੁੱਖ ਤੇ ਨੀਂਦ ਦਾ ਘਟਣਾ, ਘਬਰਾਹਟ ਹੋਣਾ, ਦੰਦਲਾਂ, ਦੌਰੇ ਪੈਣਾ ਆਦਿ ਦੇ ਰੂਪ ਵਿੱਚ ਕਰਦਾ ਹੈ। ਉਨ੍ਹਾਂ ਕਿਹਾ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਸਾਈਕੋ- ਥਰੈਪੀ ਤੇ ਕੌਂਸਲਿੰਗ ਰਾਹੀਂ ਸੰਭਵ ਹੈ। ਸਵਰਨਜੀਤ ਸਿੰਘ ਨੇ ਤੰਦਰੁਸਤ ਸਿਹਤ ਸੰਬੰਧੀ ਉਪਜਾਊ ਵਿਚਾਰ ਵੀ ਰੱਖੇ। ਤਰਕਸ਼ੀਲਾਂ ਵੱਲੋਂ ਮਾਨਸਿਕ ਰੋਗ ਮਾਹਿਰ ਡਾਕਟਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।