‘ਸਾਕਾ ਜੂਨ 1984 ਦਾ ਸਿਆਸੀ ਪਿਛੋਕੜ’ ਵਿਸ਼ੇ ’ਤੇ ਸੈਮੀਨਾਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਜੂਨ
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ‘ਸਾਕਾ ਜੂਨ 1984 ਦਾ ਸਿਆਸੀ ਪਿਛੋਕੜ’ ਵਿਸ਼ੇ ਉਪਰ ਸੈਕਟਰ-28 ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਖਾਸ ਕਰ ਕੇ ਸਿੱਖਾਂ ਨੂੰ ਗੁਰੂ ਸਾਹਿਬਾਨ ਵੱਲੋਂ ਦਰਸਾਏ “ਕਿਛੁ ਸੁਣੀਐ ਕਿਛੁ ਕਹੀਐ” ਦੇ ਸੰਕਲਪ ‘ਤੇ ਪਹਿਰਾ ਦਿੰਦਿਆਂ ਸਾਰੇ ਜਮਹੂਰੀਅਤ ਪਸੰਦ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ।
ਕੇਂਦਰੀ ਖੁਫ਼ੀਆ ਏਜੰਸੀ ਰਾਅ ਦੇ ਸਾਬਕਾ ਅਧਿਕਾਰੀ ਜੀਬੀ ਐਸ ਸਿੱਧੂ ਨੇ ਕਿਹਾ ਕਿ ਸਾਕਾ ਜੂਨ 1984 ਸਾਕਾ ਨੀਲਾ ਤਾਰਾ ਅਪਰੇਸ਼ਨ, ਭਾਰਤ ਸਰਕਾਰ ਦੀ ਗਿਣੀ ਮਿਥੀ ਸਾਜਿਸ਼ ਸੀ, ਜਿਸ ਵਾਸਤੇ ਪਹਿਲਾਂ ਤੋਂ ਹੀ ਪਿੜ ਤਿਆਰ ਕੀਤਾ ਗਿਆ ਸੀ। ਆਪਣੀ ਪੁਸਤਕ ‘ਦਿ ਖਾਲਿਸਤਾਨ ਕਾਂਸਪਰੇਸੀ’ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ‘ਚ ਹੋਣ ਵਾਲੇ ਹਰੇਕ ਐਕਸ਼ਨ ਦੀ ਸਾਜਿਸ਼ ਦਿੱਲੀ ‘ਚ ਬੈਠ ਕੇ ਘੜੀ ਜਾਂਦੀ ਸੀ, ਐਕਸ਼ਨ ਭਾਵੇਂ ਕਿਸੇ ਵੀ ਧਿਰ ਵੱਲੋਂ ਹੁੰਦਾ। ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਨੇ ਕਿਹਾ ਜਿਸ ਤਰ੍ਹਾਂ 1984 ਦੀਆਂ ਘਟਨਾਵਾਂ ਰਾਹੀਂ ਸਿੱਖਾਂ ਨੂੰ ਨਿਸ਼ਾਨਾ ਬਣਾਕੇ ਕਾਂਗਰਸ ਨੇ 1985 ਦੀਆਂ ਚੋਣਾਂ ‘ਚ ਭਾਰੀ ਬਹੁਮੱਤ ਹਾਸਲ ਕੀਤਾ, ਉਸੇ ਤਰ੍ਹਾਂ ਹੁਣ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਮੌਜੂਦਾ ਹਕੂਮਤ ਲਗਾਤਾਰ ਸੱਤਾ ‘ਚ ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ। ਮਾਲਵਿੰਦਰ ਸਿੰਘ ਮਾਲੀ ਨੇ ਕਿਹਾ ਕਿ ਪੰਜਾਬ ਦੀ ਸਮੱਸਿਆ ਅਸਲ ‘ਚ 1849 ਤੋਂ ਸ਼ੁਰੂ ਹੋ ਗਈ ਸੀ, ਜਦੋਂ ਕਿ ਬਰਤਾਨਵੀ ਸ਼ਾਸਕਾਂ ਨੇ ਦੇਸ਼ ਪੰਜਾਬ ਨੂੰ ਹਿੰਦੁਸਤਾਨ ‘ਚ ਸ਼ਾਮਲ ਕੀਤਾ।
ਸਿੱਖਾਂ ਤੇ ਪੰਜਾਬੀਆਂ ਦੀ ਸਮੱਸਿਆ ਗੁਰੂ ਨਾਨਕ ਸਾਹਿਬ ਅਤੇ ਗੁਰਬਾਣੀ ਦੇ ਆਸ਼ੇ ਮੁਤਾਕ ਹੀ ਹੱਲ ਹੋ ਸਕਦੀ ਹੈ,ਜਿਸ ਵਿੱਚ ਸੰਵਾਦ ਰਚਾਉਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਸ਼ਾਮ ਸਿੰਘ, ਰਣਜੀਤ ਸਿੰਘ ਕੁੱਕੀ ਗਿੱਲ, ਰਾਜਵਿੰਦਰ ਸਿੰਘ ਰਾਹੀ, ਡਾ. ਖੁਸ਼ਹਾਲ ਸਿੰਘ, ਗੁਰਪ੍ਰੀਤ ਸਿੰਘ, ਗੁਰਬੀਰ ਸਿੰਘ ਮਚਾਕੀ, ਡਾ. ਪਿਆਰਾ ਲਾਲ ਗਰਗ, ਹਮੀਰ ਸਿੰਘ, ਭਾਈ ਅਸ਼ੋਕ ਸਿੰਘ ਬਾਗੜੀਆਂ, ਪ੍ਰੋ. ਮਨਜੀਤ ਸਿੰਘ, ਹਰਜੋਤ ਸਿੰਘ, ਨਰੈਣ ਸਿੰਘ ਚੌੜਾ, ਮਹਿੰਦਰ ਸਿੰਘ ਮੌਰਿੰਡਾ, ਸੁਰਿੰਦਰ ਸਿੰਘ ਕਿਸ਼ਨਪੁਰਾ, ਹਰਦੀਪ ਸਿੰਘ ਡਿਬਡਿਬਾ ਅਤੇ ਡਾ. ਭਗਵਾਨ ਸਿੰਘ ਨੇ ਵਿਚਾਰ ਪੇਸ਼ ਕੀਤੇ।