ਨਸਲਕੁਸ਼ੀ ਦੇ ਸ਼ਿਕਾਰ ਬੇਦੋਸ਼ੇ ਸਿੱਖਾਂ ਦੀ ਯਾਦ ਵਿੱਚ ਸੈਮੀਨਾਰ
ਡਾ. ਹਿਮਾਸ਼ੂ ਸੂਦ
ਫਤਹਿਗੜ੍ਹ ਸਾਹਿਬ, 4 ਨਵੰਬਰ
ਨਵੰਬਰ 1984 ਵਿੱਚ ‘ਨਸਲਕੁਸ਼ੀ ਦੀ ਰਾਜਨੀਤੀ’ ਦੇ ਸ਼ਿਕਾਰ ਬੇਦੋਸ਼ੇ ਸਿੱਖਾਂ ਦੀ ਯਾਦ ਵਿੱਚ ਦਲ ਖਾਲਸਾ ਵੱਲੋਂ ‘ਗ਼ੈਰ-ਨਿਆਇਕ ਕਤਲਾਂ ਦੀ 40 ਸਾਲਾ ਗਾਥਾ ਅਤੇ ਸਿੱਖ ਸੰਘਰਸ਼ ਦੇ ਬਦਲਦੇ ਰੂਪ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸਮਾਪਤੀ ’ਤੇ ਇਤਿਹਾਸਕ ਗੁਰਦੁਆਰੇ ਵਿੱਚ ਦਿੱਲੀ ਸਣੇ ਭਾਰਤ ਦੇ ਹੋਰਨਾਂ ਸ਼ਹਿਰਾਂ ਵਿੱਚ ਸਰਕਾਰੀ ਪੁਸ਼ਤਪਨਾਹੀ ਹੇਠ ਕਤਲ ਕੀਤੇ ਗਏ ਸਿੱਖਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਉਨ੍ਹਾਂ ਨਮਿਤ ਅਰਦਾਸ ਕੀਤੀ ਗਈ। ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਸਿੱਖਾਂ ਦੇ ਗੈਰ-ਨਿਆਇਕ ਕਤਲਾਂ ਪਿੱਛੇ ਅਮਿਤ ਸ਼ਾਹ ਦਾ ਹੱਥ ਹੋਣ ਦੇ ਲਾਏ ਦੋੋਸ਼ਾਂ ਨੂੰ ਗੰਭੀਰ ਦੱਸਦਿਆਂ ਦਲ ਖ਼ਾਲਸਾ ਨੇ ਕੌਮਾਂਤਰੀ ਭਾਈਚਾਰੇ ਅਤੇ ਖ਼ਾਸ ਕਰ ਅਮਰੀਕਾ, ਇੰਗਲੈਂਡ, ਆਸਟਰੇਲੀਆ ਤੇ ਨਿਊਜ਼ੀਲੈਡ ਨੂੰ ਆਪਣੇ ਗੱਠਜੋੜ ਵਾਲੇ ਮਿੱਤਰ ਮੁਲਕ (ਕੈਨੇਡਾ) ਵੱਲੋਂ ਲਾਏ ਦੋਸ਼ਾਂ ਦੀ ਜਾਂਚ ਕਰਨ ਅਤੇ ਭਾਰਤ ਸਰਕਾਰ ਦੀ ਜੁਆਬ-ਤਲਬੀ ਕਰਨ ਦੀ ਅਪੀਲ ਕੀਤੀ ਹੈ। ਸੈਮੀਨਾਰ ਵਿੱਚ ਬੁਲਾਰਿਆਂ ਨੇ ਕੈਨੇਡਾ ਸਰਕਾਰ ਵੱਲੋਂ ਭਾਰਤ ਨੂੰ ਦੁਸ਼ਮਣ ਸੂਚੀ ਵਿੱਚ ਦਰਜ ਕਰਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਨ੍ਹਾਂ ਹਾਲਾਤ ਲਈ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਵਿਦੇਸ਼ ਮੰਤਰੀ ਜ਼ਿੰਮੇਵਾਰ ਹਨ, ਜਿਨ੍ਹਾਂ ਜਸਟਿਨ ਟਰੂਡੋ ਵੱਲੋਂ ਭਾਈ ਹਰਦੀਪ ਸਿੰਘ ਨਿੱਝਰ ਕਤਲ ਕੇਸ ਦੀ ਜਾਂਚ ਵਿੱਚ ਸਹਿਯੋਗ ਦੇਣ ਦੀ ਅਪੀਲ ਨੂੰ ਨਾ ਕੇਵਲ ਠੁਕਰਾਇਆ ਸਗੋਂ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਮਜ਼ਾਕ ਉਡਾਇਆ। ਦਲ ਖ਼ਾਲਸਾ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਦਿੱਲੀ ਵਿੱਚ ਬਣਨ ਵਾਲੀਆਂ ਸਰਕਾਰਾਂ ਨੇ ਪਹਿਲਾਂ ਉਨ੍ਹਾਂ ਨੂੰ ਅਤਿਵਾਦੀ ਕਿਹਾ ਅਤੇ ਹੁਣ ਗੈਂਗਸਟਰ ਨਾਮ ਵੀ ਜੋੜ ਦਿੱਤਾ ਹੈ। ਇਸ ਮੌਕੇ ਪਾਰਟੀ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ, ਵਰਕਿੰਗ ਪ੍ਰਧਾਨ ਪਰਮਜੀਤ ਸਿੰਘ ਮੰਡ, ਹਰਚਰਨਜੀਤ ਸਿੰਘ ਧਾਮੀ, ਪਰਮਜੀਤ ਸਿੰਘ ਟਾਂਡਾ, ਮਨੁੱਖੀ ਅਧਿਕਾਰਾਂ ਦੇ ਰਖਵਾਲੇ ਪ੍ਰੋਫੈਸਰ ਜਗਮੋਹਨ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਰਵਿੰਦਰਪਾਲ ਸਿੰਘ ਖ਼ਾਲਸਾ ਅਤੇ ਕਰਨੈਲ ਸਿੰਘ ਪੰਜੋਲੀ ਅਤੇ ਸ਼ਹੀਦ ਭਾਈ ਬੇਅੰਤ ਸਿੰਘ ਦੀ ਪੁੱਤਰੀ ਅੰਮ੍ਰਿਤ ਕੌਰ ਵੀ ਸ਼ਾਮਲ ਹੋਏ।