ਉੱਘੇ ਕਮਿਊਨਿਸਟ ਆਗੂ ਰਣਧੀਰ ਗਿੱਲ ਦੀ ਯਾਦ ’ਚ ਸੈਮੀਨਾਰ
ਮਹਿੰਦਰ ਸਿੰਘ ਰੱਤੀਆਂ
ਮੋਗਾ, 8 ਨਵੰਬਰ
ਇਥੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਸਮਾਜਵਾਦੀ ਇਨਕਲਾਬ ਦੀ 107ਵੀਂ ਵਰੇਗੰਢ ਮੌਕੇ ਉੱਘੇ ਕਮਿਊਨਿਸਟ ਅਤੇ ਅਧਿਆਪਕ ਜਥੇਬੰਦੀ ਆਗੂ ਕਾਮਰੇਡ ਰਣਧੀਰ ਗਿੱਲ ਦੀ ਯਾਦ ਵਿੱਚ ਸੈਮੀਨਾਰ ਕਰਵਾਇਆ ਗਿਆ। ਉੱਘੇ ਟਰੇਡ ਯੂਨੀਅਨ ਆਗੂਆਂ ਗੁਰਦੀਪ ਸਿੰਘ ਮੋਤੀ, ਹਰਬੰਸ ਸਾਗਰ ਅਤੇ ਪ੍ਰਿੰ. ਪੂਰਨ ਸਿੰਘ ਸੰਧੂ ਨੂੰ ਕਿਰਤ ਦੀ ਧਿਰ ਲਈ ਦਿੱਤੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਕਮਿਊਨਿਸਟ ਪਾਰਟੀ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਸਿੰਘ ਭੋਲਾ, ਵਿਅੰਗ ਲੇਖਕ ਕੇਐਲ ਗਰਗ, ਕਾਮਰੇਡ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ ਨੇ ਕਿਹਾ ਕਿ ਕਿਰਤ ਕਰਨ ਵਾਲੇ ਲੋਕਾਂ ਨੂੰ ਕਾਮਰੇਡ ਰਣਧੀਰ ਗਿੱਲ ਦੇ ਜੀਵਨ ਤੋਂ ਸੇਧ ਅਤੇ ਮਾਰਕਸਵਾਦੀ ਵਿਚਾਰਧਾਰਾ ਤੋਂ ਅਗਵਾਈ ਲੈ ਕੇ ਸਮਾਜਵਾਦ ਸਥਾਪਤ ਕਰਨ ਵਾਲੇ ਪਾਸੇ ਵਧਣਾ ਚਾਹੀਦਾ ਹੈ। ਉੱਘੇ ਮਾਰਕਸਵਾਦੀ ਚਿੰਤਕ ਜਗਰੂਪ ਨੇ ਮਾਰਕਸਵਾਦ ਅਤੇ ਅਜੋਕਾ ਸਮਾਜ ਵਿਸ਼ੇ ’ਤੇ ਪੇਪਰ ਪੜ੍ਹਦਿਆਂ ਆਖਿਆ ਕਿ ਰਣਧੀਰ ਸਿੰਘ ਗਿੱਲ ਸਮੁੱਚਾ ਜੀਵਨ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਰਤੀ ਵਰਗ ਦੀ ਅਗਵਾਈ ਮਾਰਕਸਵਾਦੀ ਵਿਚਾਰਧਾਰਾ ਤੋਂ ਸੇਧ ਲੈਂਦਿਆਂ ਕੀਤੀ। ਉੱਘੇ ਆਲੋਚਕ ਡਾ. ਸੁਰਜੀਤ ਬਰਾੜ ਨੇ ਸਮਾਜਵਾਦੀ ਇਨਕਲਾਬ ਦਾ ਪੰਜਾਬੀ ਸਾਹਿਤ ਤੇ ਪ੍ਰਭਾਵ ਵਿਸ਼ਿਆਂ ’ਤੇ ਪੇਪਰ ਪੜ੍ਹਦਿਆਂ ਕਿਹਾ ਕਿ ਕਿਰਤ ਕਰਨ ਵਾਲੀ ਧਿਰ ਨੂੰ ਮਾਰਕਸਵਾਦ ਤੋਂ ਸੇਧ ਲੈਂਦੇ ਹੋਏ ਹਰ ਕਿਸੇ ਨੂੰ ਯੋਗਤਾ ਮੁਤਾਬਿਕ ਕੰਮ ਅਤੇ ਕੰਮ ਮੁਤਾਬਿਕ ਉਜਰਤ ਦੀ ਪ੍ਰਾਪਤੀ ਲਈ ਛੁਟੇਰੀ ਕੰਮ ਦਿਹਾੜੀ ਦਾ ਸਿਧਾਂਤਕ ਨਾਅਰਾ ਦੇਣਾ ਪਵੇਗਾ। ਇਸ ਮੌਕੇ ਜਗਦੀਸ਼ ਸਿੰਘ ਚਾਹਲ, ਡਾ. ਇੰਦਰਬੀਰ ਸਿੰਘ ਗਿੱਲ, ਡਾ. ਰਵਿੰਦਰਪਾਲ ਸਿੰਘ, ਡਾ. ਗਗਨਦੀਪ ਸਿੰਘ, ਕਾਮਰੇਡ ਕਸ਼ਮੀਰ ਸਿੰਘ ਗਦਾਈਆ, ਕਾਮਰੇਡ ਹੰਸਰਾਜ ਗੋਲਡਨ, ਕਾਮਰੇਡ ਜਗਦੀਸ਼ ਸਿੰਘ ਚਾਹਲ, ਬਚਿੱਤਰ ਸਿੰਘ ਧੋਥੜ ਸੁਖਜਿੰਦਰ ਮਹੇਸਰੀ ਅਤੇ ਹਰਪਾਲ ਕੌਰ ਪਤਨੀ ਕਾਮਰੇਡ ਰਣਧੀਰ ਸਿੰਘ ਗਿੱਲ ਹਾਜ਼ਰ ਸਨ।