ਨਾਰੀ ਮੁਕਤੀ ਦਿਵਸ ਉਤੇ ਸੈਮੀਨਾਰ ਕਰਵਾਇਆ
ਪੱਤਰ ਪ੍ਰੇਰਕ
ਤਲਵਾੜਾ, 25 ਦਸੰਬਰ
ਸਮਾਜਿਕ ਕ੍ਰਾਂਤੀ ਦੀਆਂ ਉੱਠੀਆਂ ਲਹਿਰਾਂ ’ਚ ਦੋਆਬੀਆਂ ਦੀ ਅਹਿਮ ਭੂਮਿਕਾ ਰਹੀ ਹੈ। ਆਦਿ ਧਰਮ ਸਮਾਜ ਦੇ ਬਾਨੀ ਅਤੇ ਗਦਰ ਲਹਿਰ ਦੇ ਯੋਧੇ ਬਾਬੂ ਮੰਗੂ ਰਾਮ ਮੁੱਗੋਵਾਲੀਆ ਨੇ ਜੂਨ 1926 ਵਿੱਚ ਦੋਆਬੇ ਦੀ ਧਰਤੀ ’ਤੇ ਦੋ ਰੋਜ਼ਾ ਸੈਮੀਨਾਰ ਕਰਵਾ ਕੇ ਗੈਰ ਬਰਾਬਰੀ ਦੇ ਦਸਤਾਵੇਜ਼ ਵਿਵਾਦਤ ਧਰਮਗ੍ਰੰਥ ਦੇ ਵਿਰੋਧ ਦਾ ਮੁੱਢ ਬੰਨ੍ਹਿਆ ਸੀ। ਇਹ ਵਿਚਾਰ ਨਾਮਵਰ ਲੇਖਕ, ਦਲਿਤ ਚਿੰਤਕ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਸਵੰਤ ਰਾਏ ਨੇ ਇੱਥੇ ਮਨੂੰ ਸਮ੍ਰਿਤੀ ਦਹਿਨ ਦਿਵਸ ਮੌਕੇ ‘ਸਮਾਜਿਕ ਸਦਭਾਵਨਾ ਵਿਚ ਡਾ ਬੀ ਆਰ ਅੰਬੇਦਕਰ ਦਾ ਯੋਗਦਾਨ’ ਵਿਸ਼ੇ ’ਤੇ ਕਰਵਾਏ ਸੈਮੀਨਾਰ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਪੈਨਸ਼ਨਰ ਆਗੂ ਗਿਆਨ ਸਿੰਘ ਨੇ ਦਸਿਆ ਕਿ ਡਾ.ਅੰਬੇਡਕਰ ਦੁਆਰਾ ਸੰਪਾਦਿਤ ਸੰਵਿਧਾਨ ਦੇਸ਼ ਵਾਸੀਆਂ ਨੂੰ ਬਰਾਬਰਤਾ ਦਾ ਅਧਿਕਾਰ ਦਿੰਦਾ ਹੈ ਪਰ ਮੌਜੂਦਾ ਸਮੇਂ ’ਚ ਕੇਂਦਰ ਵਿਚ ਭਾਜਪਾ ਸਰਕਾਰ ਸੰਵਿਧਾਨ ਦੀ ਮੂਲ ਭਾਵਨਾ ਤੋਂ ਉਲਟ ਲਗਾਤਾਰ ਮਜ਼੍ਹਬੀ, ਜਾਤੀ ਅਤੇ ਲਿੰਗਕ ਅਧਾਰਿਤ ਮੁੱਦੇ ਖੜ੍ਹੇ ਕਰਕੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ।