ਸ੍ਰੀ ਗੁਰੂ ਸਿੰਘ ਸਭਾ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਸੈਮੀਨਾਰ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 3 ਅਕਤੂਬਰ
ਚੀਫ਼ ਖ਼ਾਲਸਾ ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਅਤੇ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸਾਂਝੇ ਤੌਰ ’ਤੇ ਅੱਜ ਸਿੰਘ ਸਭਾ ਦੇ 151ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸੈਮੀਨਾਰ ਕੀਤਾ ਗਿਆ, ਜਿਸ ਵਿੱਚ ਸਿੱਖ ਵਿਦਵਾਨ ਨੇ ਸ੍ਰੀ ਗੁਰੂ ਸਿੰਘ ਸਭਾ ਦੇ ਸਹਿਯੋਗ ਬਾਰੇ ਚਾਨਣਾ ਪਾਇਆ। ਸਿੱਖ ਵਿਦਵਾਨ ਇੰਦਰਜੀਤ ਸਿੰਘ ਗੋਗੋਆਣੀ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ। ਡਾ. ਅਮਰਜੀਤ ਸਿੰਘ (ਮੁਖੀ ਅਤੇ ਡਾਇਰੈਕਟਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ, ਗੁਰੂ ਨਾਨਕ ਦੇਵ ਯੂਨੀਵਰਸਿਟੀ) ਅਤੇ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਮਨਜੀਤ ਕੌਰ ਨੇ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਆਗਾਜ਼ ਸਕੂਲ ਸ਼ਬਦ ਨਾਲ ਹੋਇਆ। ਇਸ ਮਗਰੋਂ ਸਿੰਘ ਸਭਾ ਦੇ ਜਨਰਲ ਸਕੱਤਰ ਹਰਮਨਜੀਤ ਸਿੰਘ ਦੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ। ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਸ੍ਰੀ ਗੁਰੂ ਸਿੰਘ ਸਭਾ ਦੀ ਸਥਾਪਨਾ ਦਿਵਸ ’ਤੇ ਵਧਾਈ ਦਿੱਤੀ। ਸਿੱਖ ਬੁੱਧੀਜੀਵੀ ਡਾ. ਅਮਰਜੀਤ ਸਿੰਘ ਨੇ ਸਿੱਖ ਕੌਮ ਦੀ 151 ਸਾਲ ਪੁਰਾਤਨ ਸੰਸਥਾ ਸ੍ਰੀ ਗੁਰੂ ਸਿੰਘ ਸਭਾ ਦੀ ਆਰੰਭਤਾ ਦੇ ਸਮੇਂ ਸਿੱਖਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਧਰਮ ਤਬਦੀਲੀ ਦੇ ਹਾਲਾਤ ਅਤੇ ਖ਼ਾਲਸਾ ਰਾਜ ਸਮਾਪਤੀ ਵੇਲੇ ਸਿੱਖ ਧਰਮ ਨੂੰ ਨੀਵਾਂ ਦਿਖਾਉਣ ਲਈ ਅੰਗਰੇਜ਼ਾਂ ਦੀਆਂ ਸਿੱਖ ਵਿਰੋਧੀ ਅਤੇ ਗੁਰਮਤਿ ਵਿਰੋਧੀ ਕੂਟਨੀਤੀਆਂ ਬਾਰੇ ਦੱਸਿਆ। ਪ੍ਰਿੰਸੀਪਲ ਮਨਜੀਤ ਕੌਰ ਨੇ ਸਿੰਘ ਸਭਾ ਦੇ ਮਨੋਰਥਾਂ ਦੇ ਵਿਕਾਸ ਵਿੱਚ ਇਸਤਰੀਆਂ ਦੇ ਯੋਗਦਾਨ ਬਾਰੇ ਗੱਲ ਕੀਤੀ।
ਮੁੱਖ ਮਹਿਮਾਨ ਇੰਦਰਜੀਤ ਸਿੰਘ ਗੋਗੋਆਣੀ ਨੇ ਪੰਥ ਦੀ ਅਜੋਕੀ ਸਥਿਤੀ ਅਨੁਸਾਰ ਆਪਣੀ ਮਾਤ ਭਾਸ਼ਾ ਨਾਲ ਪਿਆਰ ਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਨਾਲ ਜੁੜਨ ਅਤੇ ਆਪਣੇ ਪੁਰਖਿਆਂ ਦੇ ਵੱਡਮੁੱਲੇ ਇਤਿਹਾਸ ਨੂੰ ਸਦੀਵ ਕਾਲ ਤੱਕ ਜਾਗ੍ਰਿਤ ਰੱਖਣ ਦਾ ਸੁਨੇਹਾ ਦਿੱਤਾ। ਦਲੇਰ ਸਿੰਘ ਖਿਆਲਾ ਨੇ ਸ੍ਰੀ ਗੁਰੂ ਸਿੰਘ ਸਭਾ ਅਤੇ ਚੀਫ਼ ਖ਼ਾਲਸਾ ਦੀਵਾਨ ਦੀ ਆਰੰਭਤਾ ਦੇ ਇਕ ਸਮਾਨ ਉਦੇਸ਼ਾਂ ਅਤੇ ਦੋਹਾਂ ਸੰਸਥਾਵਾਂ ਦੀ ਵਿਕਾਸ ਗਾਥਾ ਨੂੰ ਕਾਵਿ ਰੂਪ ਦੇ ਵਿਚ ਪੇਸ਼ ਕੀਤਾ। ਦੀਵਾਨ ਦੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸ੍ਰੀ ਗੁਰੂ ਸਿੰਘ ਸਭਾ ਦੀ ਆਰੰਭਤਾ ਦੇ ਉਦੇਸ਼ਾਂ ’ਤੇ ਚਾਨਣਾ ਪਾਇਆ।