ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੈਮੀਨਾਰ
ਪਵਨ ਕੁਮਾਰ ਵਰਮਾ
ਧੂਰੀ, 19 ਸਤੰਬਰ
ਜਰਨਲਿਜ਼ਮ ਐਸੋਸੀਏਸ਼ਨ ਧੂਰੀ ਦੇ ਸੱਦੇ ’ਤੇ ਪ੍ਰਧਾਨ ਲਖਵੀਰ ਸਿੰਘ ਧਾਂਦਰਾ ਦੀ ਅਗਵਾਈ ਵਿੱਚ ‘ਮੌਜੂਦਾ ਦੌਰ ਵਿੱਚ ਔਰਤਾਂ ਦੀ ਦਸ਼ਾ ਤੇ ਦਿਸ਼ਾ’ ਵਿਸ਼ੇ ਬਾਰੇ ਸੈਮੀਨਾਰ ਮਾਡਰਨ ਸੈਕੂਲਰ ਪਬਲਿਕ ਸਕੂਲ ਵਿੱਚ ਕਰਵਾਇਆ ਗਿਆ। ਸੈਮੀਨਾਰ ਦੇ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਨੇ ਸ਼ਿਰਕਤ ਕੀਤੀ ਜਦਕਿ ਮੁੱਖ ਬੁਲਾਰੇ ਵਜੋਂ ਡਾ. ਅਰਵਿੰਦਰ ਕੌਰ ਕਾਕੜਾ ਨੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਦੇਸ਼ ਅੰਦਰ ਔਰਤਾਂ ’ਤੇ ਹੋ ਰਹੇ ਅੱਤਿਆਚਾਰਾਂ ਵਿਰੁੱਧ ਲਾਮਬੰਦੀ ਸ਼ੁਰੂ ਕਰਨ ਦੀ ਅਪੀਲ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਯੂਨੀਵਰਸਿਟੀ ਕਾਲਜ ਬੇਨੜਾ ਦੀ ਵਿਦਿਆਰਥਣ ਪ੍ਰਿਤਪਾਲ ਕੌਰ ਵੱਲੋਂ ਔਰਤਾਂ ਨੂੰ ਸਮਰਪਿਤ ਗੀਤਾਂ ਨਾਲ ਕੀਤੀ ਗਈ ਜਿਸ ਉਪਰੰਤ ਮਾਡਰਨ ਸੈਕੂਲਰ ਸੰਸਥਾਵਾਂ ਦੇ ਸੰਚਾਲਕ ਡਾ. ਜਗਜੀਤ ਸਿੰਘ ਧੂਰੀ ਨੇ ਜਰਨਲਿਜ਼ਮ ਐਸੋਸੀਏਸ਼ਨ ਨੂੰ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢਣ ਦੇ ਨਾਲ ਮਿਲਾਵਟ ਦੀ ਰੋਕਥਾਮ ਲਈ ਜਾਗਰੂਕਤਾ ਫੈਲਾਉਣ ਲਈ ਉਪਰਾਲੇ ਕਰਨ ਲਈ ਪ੍ਰੇਰਿਆ।
ਇਸ ਮੌਕੇ ਮੈਡਮ ਰਾਜਿੰਦਰ ਕੌਰ ਵਰਮਾ ਨੇ ਪਰਿਵਾਰ ਵਿੱਚ ਔਰਤ ਦੀ ਸਥਿਤੀ ਬਾਰੇ ਵਿਚਾਰ ਸਾਂਝੇ ਕੀਤੇ। ‘ਆਪ’ ਦੇ ਸੀਨੀਅਰ ਆਗੂ ਡਾ. ਅਨਵਰ ਭਸੌੜ ਨੇ ਐਸੋਸੀਏਸ਼ਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਦੇਸ਼ ਅੰਦਰ ਘੱਟ ਗਿਣਤੀਆਂ ਦੇ ਦਮਨ ’ਤੇ ਚਿੰਤਾ ਪ੍ਰਗਟਾਈ। ਇਸ ਮੌਕੇ ਮੁੱਖ ਮੰਤਰੀ ਦਫ਼ਤਰ ਦੇ ਇੰਚਾਰਜ ਅੰਮ੍ਰਿਤ ਬਰਾੜ, ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ, ਪਵਨ ਕੁਮਾਰ ਵਰਮਾ, ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਏ ਪੀ ਸੌਲਵੈਕਸ ਦੇ ਡਾਇਰੈਕਟਰ ਪਰਸ਼ੋਤਮ ਗਰਗ ਕਾਲਾ, ਕਾਂਗਰਸੀ ਆਗੂ ਸ਼ੁਭਮ ਸ਼ਰਮਾ ਸੂਭੀ, ਦੇਸ਼ ਭਗਤ ਕਾਲਜ ਟਰੱਸਟ ਦੇ ਟਰੱਸਟੀ ਜਤਿੰਦਰ ਸਿੰਘ ਸੋਨੀ ਮੰਡੇਰ ਹਾਜ਼ਰ ਸਨ। ਸਟੇਜ ਸਕੱਤਰ ਦੀ ਡਿਊਟੀ ਸੀਨੀਅਰ ਆਗੂ ਸੁਖਦੇਵ ਸ਼ਰਮਾ ਧੂਰੀ ਨੇ ਨਿਭਾਈ।