ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੈਮੀਨਾਰ
ਪੱਤਰ ਪ੍ਰੇਰਕ
ਪਟਿਆਲਾ, 4 ਸਤੰਬਰ
ਪੰਜਾਬੀ ਯੂਨੀਵਰਸਿਟੀ ਵਿੱਚ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਿੱਚ ਸਥਾਪਤ ਗੁਰੂ ਗੋਬਿੰਦ ਸਿੰਘ ਚੇਅਰ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਵਿਸ਼ਵ ਸ਼ਾਂਤੀ ਵਿਸ਼ੇ ’ਤੇ ਕਰਵਾਇਆ ਗਿਆ। ਸੈਮੀਨਾਰ ਦਾ ਪ੍ਰਧਾਨਗੀ ਭਾਸ਼ਣ ਚੇਅਰ ਦੇ ਪ੍ਰੋਫ਼ੈਸਰ ਇੰਚਾਰਜ ਡਾ. ਗੁਰਮੀਤ ਸਿੰਘ ਸਿੱਧੂ ਵੱਲੋਂ ਦਿੱਤਾ ਗਿਆ। ਉਨ੍ਹਾਂ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਜਿਹੜੀਆਂ ਕੌਮਾਂ ਸ਼ਹਾਦਤਾਂ ਨੂੰ ਸਬਰ, ਸੰਤੋਖ ਅਤੇ ਪਰਮਾਤਮਾ ਦੇ ਭਾਣੇ ਅਨੁਸਾਰ ਸਵੀਕਾਰ ਕਰਦੀਆਂ ਹਨ ਉਨ੍ਹਾਂ ਕੌਮਾਂ ਦੀਆਂ ਪੀੜ੍ਹੀਆਂ ਨੂੰ ਸਰਕਾਰਾਂ ਵਲੋਂ ਅਤਿਵਾਦੀ ਕਹਿਣਾ ਨੈਤਿਕ ਪੱਖੋਂ ਸਹੀ ਨਹੀਂ ਜਾਪਦਾ। ਸੈਮੀਨਾਰ ਦੀ ਸ਼ੁਰੂਆਤ ਯੂਨੀਵਰਸਿਟੀ ਧੁਨੀ ਨਾਲ ਹੋਈ ਜਿਸ ਉਪਰੰਤ ਮੰਚ ਸੰਚਾਲਕ ਡਾ. ਪਰਦੀਪ ਕੌਰ (ਰਿਸਰਚ ਐਸੋਸੀਏਟ) ਨੇ ਗੁਰੂ ਗੋਬਿੰਦ ਸਿੰਘ ਚੇਅਰ ਅਤੇ ਇਸ ਸੈਮੀਨਾਰ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੱਤੀ। ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਗੁਰਮੇਲ ਸਿੰਘ ਨੇ ਇਸ ਪ੍ਰਕਾਸ਼ ਪੁਰਬ ਦੀ ਮਹਾਨਤਾ ਬਿਆਨਦੇ ਹੋਏ ਉਸ ਸਮੇਂ ਦੀ ਸਥਿਤੀ ਅਤੇ ਅਨੁਭਵ ਬਾਰੇ ਵਿਚਾਰ ਸਾਂਝੇ ਕੀਤੇ। ਯੂਨੀਵਰਸਿਟੀ ਕਾਲਜ, ਮੀਰਾਂਪੁਰ ਤੋਂ ਡਾ. ਤੇਜਿੰਦਰ ਪਾਲ ਸਿੰਘ ਨੇ ਆਪਣੇ ਪਰਚੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨਾਲ ਸਬੰਧਤ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਗੁਰੂ ਸਾਹਿਬ ਦੀ ਬਾਣੀ ਹਨੇਰ ਰੂਪੀ ਮਨ ਵਿਚ ਚਾਨਣ ਪੈਦਾ ਕਰਦੀ ਹੈ। ਖਾਲਸਾ ਕਾਲਜ ਪਟਿਆਲਾ ਤੋਂ ਡਾ. ਗੁਰਵੀਰ ਸਿੰਘ ਨੇ ਆਪਣੇ ਖੋਜ ਪਰਚੇ ਵਿਚ ਵਿਸ਼ਵ ਸ਼ਾਂਤੀ ਦੀ ਗੱਲ ਕੀਤੀ। ਸੈਮੀਨਾਰ ਵਿਚ ਵਿਭਾਗ ਦੇ ਅਧਿਆਪਕ ਡਾ. ਤੇਜਿੰਦਰ ਕੌਰ ਧਾਲੀਵਾਲ, ਡਾ. ਰੁਪਿੰਦਰ ਕੌਰ ਅਤੇ ਵਿਭਾਗ ਦੇ ਖੋਜਾਰਥੀ ਅਤੇ ਵਿਦਿਆਰਥੀ ਸ਼ਾਮਲ ਹੋਏ।