ਜਵੱਦੀ ਟਕਸਾਲ ਵੱਲੋਂ 450 ਸਾਲਾ ਸਮਾਗਮਾਂ ਨੂੰ ਸਮਰਪਿਤ ਸੈਮੀਨਾਰ
ਗੁਰਿੰਦਰ ਸਿੰਘ
ਲੁਧਿਆਣਾ, 29 ਸਤੰਬਰ
ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਚ ਅੱਜ ਗੁਰੂ ਅਮਰਦਾਸ ਦੇ 450 ਸਾਲਾ ਜੋਤੀ ਜੋਤ ਦਿਵਸ ਤੇ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸੰਤ ਅਮੀਰ ਸਿੰਘ ਸਮੇਤ ਸਿੱਖ ਵਿਦਵਾਨਾਂ ਅਤੇ ਇਤਿਹਾਸਕਾਰਾਂ ਨੇ ਆਪਣੇ ਵਿਚਾਰ ਰੱਖੇ।
ਸੈਮੀਨਰ ਦਾ ਆਰੰਭ ਕਰਦਿਆਂ ਜਵੱਦੀ ਟਕਸਾਲ ਦੇ ਮੁਖੀ ਬਾਬਾ ਅਮੀਰ ਸਿੰਘ ਨੇ ਸੈਮੀਨਾਰ ਦੇ ਉਦੇਸ਼ ’ਤੇ ਰੋਸ਼ਨੀ ਪਾਉਂਦਿਆਂ ਬਾਬਾ ਸੁਚਾ ਸਿੰਘ ਦੇ ਧਰਮ ਪ੍ਰਚਾਰ ਤੇ ਪ੍ਰਸਾਰ ਦੇ ਸੰਕਲਪ ਨੂੰ ਦੁਹਰਾਇਆ। ਡਾ. ਸੁਖਦਿਆਲ ਸਿੰਘ ਨੇ ਕਿਹਾ ਕਿ ਗੁਰਮਤਿ ਵਿਚਾਰਧਾਰਾ ਦੇ ਵਾਰਸਾਂ ਨੂੰ ਸਭ ਤੋਂ ਪਹਿਲਾਂ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਕ ਪੱਖੋਂ ਸਹੀ ਸੇਧ ਲਈ ਢੁਕਵੀਂ ਯੋਜਨਾਬੰਦੀ ਕਰਨੀ ਪਵੇਗੀ। ਬੁਨਿਆਦੀ ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਦੇ ਢੁਕਵੇਂ ਹੱਲ ਤਲਾਸ਼ਣੇ ਪੈਣਗੇ। ਡਾ. ਸਰਬਜਿੰਦਰ ਸਿੰਘ ਨੇ ਗੁਰੂ ਸਾਹਿਬਾਨਾਂ ਦੇ ਸ਼ਾਂਤ ਸੁਭਾਅ ਨਾਲ ਪਾਏ ਪੂਰਨਿਆਂ ਉੱਤੇ ਚਲਣ, ਇਕੱਠਿਆਂ ਬੈਠਣ, ਸਿੱਖਿਆ ਅਤੇ ਭਗਤੀ ਭਾਵ ਪੈਦਾ ਕਰ ਕੇ ਕੌਮੀ ਜਜ਼ਬੇ ਦੀ ਤਾਰ ਨੂੰ ਮਜ਼ਬੂਤ ਕਰਨ ਦੇ ਪੱਖਾਂ ਬਾਰੇ ਦੱਸਿਆ।
ਸਿੱਖ ਚਿੰਤਕ ਡਾ. ਅਨੁਰਾਗ ਸਿੰਘ ਨੇ ਕਿਹਾ ਕਿ ਸ਼ਤਾਬਦੀਆਂ ਕੌਮ ਨੂੰ ਸੁਨੇਹਾ ਦੇਣ ਦਾ ਸੁਨਹਿਰੀ ਮੌਕਾ ਹੁੰਦੀਆਂ ਹਨ। ਉਨ੍ਹਾਂ ਸਿੱਖੀ ਦੀ ਉਤਪਤੀ ਅਤੇ ਵਿਕਾਸ ਵਿਸ਼ੇ ਤੇ ਵੱਖ-ਵੱਖ ਉਦਾਹਰਣਾਂ ਦੇ ਹਵਾਲੇ ਨਾਲ ਆਤਮਾ ਤੇ ਪ੍ਰਮਾਤਮਾਂ ਦੇ ਅਭੇਦ, ਅਪਾਣੀ ਮੌਲਿਕਤਾ ਦੀ ਕਦਰ ਆਦਿ ਵਿਸ਼ਿਆਂ ਨੂੰ ਵਿਸਥਾਰ ਨਾਲ ਪੇਸ਼ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਜਸਪ੍ਰੀਤ ਸਿੰਘ ਚੇਅਰਮੈਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਗੁਰੂ ਸਾਹਿਬਾਨਾਂ ਦੇ ਜੀਵਨ ਤੋਂ ਕੇਵਲ ਸਿੱਖ ਹੀ ਨਹੀਂ ਸਗੋਂ ਹਰ ਇਕ ਵਿਅਕਤੀ ਨੂੰ ਜੀਵਨ-ਜਾਚ, ਜ਼ਿੰਦਗੀ ਜਿਊਣ ਨੂੰ ਅਮਲ ਕਰਨ, ਆਪਣਾ ਜੀਵਨ ਬਤੀਤ ਕਰਨ ਦਾ ਗਿਆਨ ਹੁੰਦਾ ਹੈ ਅਤੇ ਭਵਸਾਗਰ ਨੂੰ ਪਾਰ ਕੀਤਾ ਜਾ ਸਕਦਾ ਹੈ ਕਿਉਕਿ ਗੁਰਬਾਣੀ ਮਨੁੱਖ ਨੂੰ ਹਨ੍ਹੇਰੇ ਚੋਂ ਕੱਢ ਕੇ ਚਾਨਣੇ ਰਾਹ ਪਾਉਂਦੀ ਹੈ।ਸੈਮੀਨਾਰ ਦੇ ਅੰਤ ’ਚ ਸੰਤ ਅਮੀਰ ਸਿੰਘ ਨੇ ਸੈਮੀਨਾਰ ’ਚ ਸ਼ਮੂਲੀਅਤ ਕਰਨ ਵਾਲੀਆਂ ਸਖ਼ਸ਼ੀਅਤਾਂ ਅਤੇ ਸੰਗਤ ਦਾ ਧੰਨਵਾਦ ਕੀਤਾ।