ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਵੱਲੋਂ ਸੈਮੀਨਾਰ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 30 ਸਤੰਬਰ
ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਸੁਨਾਮ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਮੌਜੂਦਾ ਹਾਲਾਤਾਂ ਸਮੇਂ ਪ੍ਰਸੰਗਤਾ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਐਡਵੋਕੇਟ ਕਾਮਰੇਡ ਸੰਪੂਰਨ ਸਿੰਘ ਛਾਜਲੀ, ਤਰਸੇਮ ਬਾਵਾ (ਸੇਵਾਮੁਕਤ) ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਗਰੂਰ, ਜਗਦੇਵ ਸਿੰਘ ਬਾਹੀਆ ਮੀਤ ਪ੍ਰਧਾਨ ਪੰਜਾਬ ਪਾਵਰਕੌਮ ਅਤੇ ਟਰਾਂਸਕੋ ਯੂਨੀਅਨ ਤੇ ਲਾਭ ਸਿੰਘ ਛਾਜਲਾ ਦੀ ਸਾਂਝੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਸੈਮੀਨਾਰ ਵਿੱਚ ਵਿੱਚ ਬਤੌਰ ਮੁੱਖ ਵਕਤਾ ਜਮਹੂਰੀ ਅਧਿਕਾਰ ਸਭਾ ਦੀ ਸਟੇਟ ਕਮੇਟੀ ਮੈਂਬਰ ਐਡਵੋਕੇਟ ਅਮਨਦੀਪ ਕੌਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਨੇ ਸ਼ਮੂਲੀਅਤ ਕੀਤੀ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਕਾਲੇ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਸ਼ਹੀਦ ਭਗਤ ਸਿੰਘ ਅਤੇ ਬੁਟਕੇਸ਼ਵਰ ਦੱਤ ਨੇ ਅਸੈਂਬਲੀ ਵਿੱਚ ਬੰਬ ਸੁੱਟ ਕੇ ਸ਼ਹਾਦਤ ਦਾ ਜਾਮ ਪੀਤਾ, ਉਸ ਤੋਂ ਵੀ ਜ਼ਿਆਦਾ ਖ਼ਤਰਨਾਕ ਕਾਲੇ ਕਾਨੂੰਨ ਮੋਦੀ ਦੀ ਫ਼ਾਸ਼ੀਵਾਦੀ ਸਰਕਾਰ ਵੱਲੋਂ ਸੰਸਦ ਵਿੱਚ ਪਾਸ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਸਰਕਾਰ ਖ਼ਿਲਾਫ਼ ਆਪਣੇ ਹੱਕਾਂ ਲਈ ਲੜਨ ਵਾਲ਼ੇ ਲੋਕਾਂ ’ਤੇ ਮੜ੍ਹਿਆ ਜਾ ਰਿਹਾ ਹੈ। ਸੈਮੀਨਾਰ ਨੂੰ ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਵਿਸ਼ਵਕਾਂਤ ਨੇ ਵੀ ਸੰਬੋਧਨ ਕੀਤਾ।