ਸਰਕਾਰੀ ਸਕੂਲ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਸੈਮੀਨਾਰ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 30 ਅਕਤੂਬਰ
ਇੱਥੋਂ ਦੇ ਸ਼ਹੀਦ ਊਧਮ ਸਿੰਘ ਸਰਕਾਰੀ ਸਕੂਲ ਆਫ਼ ਐਮੀਨੈਂਸ ਵਿੱਚ ਵਿਜੀਲੈਂਸ ਯੂਨਿਟ ਸੰਗਰੂਰ ਵਲੋਂ ਭ੍ਰਿਸ਼ਟਾਚਾਰ ਵਿਰੋਧੀ ਜਾਗਰੁਕਤਾ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਪੰਜਾਬ ਵਿਜੀਲੈਂਸ ਬਿਊਰੋ ਅਤੇ ਐੱਸਐੱਸਪੀ ਵਿਜੀਲੈਂਸ ਬਿਊਰੋ ਦੀ ਹਦਾਇਤ ’ਤੇ ਇੰਸਪੈਕਟਰ ਹਰਪ੍ਰੀਤ ਸਿੰਘ ਗੁਰਾਇਆ ਅਤੇ ਏਐਸਆਈ ਸੰਜੀਵ ਕੁਮਾਰ ਵੱਲੋਂ ਲਗਾਇਆ ਗਿਆ। ਸੈਮੀਨਾਰ ਵਿੱਚ ਇੰਸਪੈਕਟਰ ਹਰਪ੍ਰੀਤ ਸਿੰਘ ਤੇ ਏਐਸਆਈ ਸੰਜੀਵ ਕੁਮਾਰ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ 28 ਅਕਤੂਬਰ ਤੋਂ ਤਿੰਨ ਨਵੰਬਰ ਤੱਕ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਵਿਜੀਲੈਂਸ ਵਿਭਾਗ ਵੱਲੋਂ ਜ਼ਿਲ੍ਹਾ ਸੰਗਰੂਰ ਸਮੇਤ ਸਾਰੇ ਪੰਜਾਬ ਵਿੱਚ ਜਾਗਰੂਕਤਾ ਸੈਮੀਨਾਰ ਕੀਤੇ ਜਾ ਰਹੇ ਹਨ। ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਕੇਂਦਰੀ ਚੌਕਸੀ ਕਮਿਸ਼ਨ ਦਿੱਲੀ ਵੱਲੋਂ ਹਰ ਸਾਲ ਇਕ ਨਾਅਰਾ ਦਿੱਤਾ ਹੈ। ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਉਣ ਦਾ ਉਦੇਸ਼ ਆਮ ਲੋਕਾਂ, ਵਿਦਿਆਰਥੀਆਂ ਤੇ ਹਰ ਵਰਗ ਨੂੰ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਜਾਗਰੂਕ ਕਰਨਾ ਹੈ। ਬੁਲਾਰਿਆਂ ਨੇ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈਆਂ ਜਾਂਦੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਕਾਲਜ ਪ੍ਰਿੰਸੀਪਲ ਅਨਿਲ ਜੈਨ ਵਲੋਂ ਅਧਿਕਾਰੀਆਂ ਦਾ ਧੰਨਵਾਦ ਕੀਤਾ।