ਸੈਮੀਕੌਨ 2024 : ਦੁਨੀਆ ਦੇ ਹਰ ਉਪਕਰਨ ’ਚ ਭਾਰਤ ਦੀ ਬਣੀ ਚਿੱਪ ਹੋਵੇ: ਮੋਦੀ
ਗ੍ਰੇਟਰ ਨੋਇਡਾ (ਉੱਤਰ ਪ੍ਰਦੇਸ਼), 11 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਮੀਕੰਡਕਟਰ ਦੇ ਘਰੇਲੂ ਨਿਰਮਾਣ ’ਚ ਨਿਵੇਸ਼ ਨੂੰ ਹੁਲਾਰਾ ਦੇਣ ਦਾ ਸੱਦਾ ਦਿੰਦਿਆਂ ਅੱਜ ਕਿਹਾ ਕਿ ਸਪਲਾਈ ਲੜੀਆਂ ਦੀ ਮਜ਼ਬੂਤੀ ਅਰਥਚਾਰੇ ਲਈ ਅਹਿਮ ਹੈ। ਸਰਕਾਰ ਚਾਹੁੰਦੀ ਹੈ ਕਿ ਦੁਨੀਆ ਦੇ ਹਰ ਉਪਕਰਨ ਵਿੱਚ ਭਾਰਤੀ ਚਿੱਪ ਹੋਵੇ। ਸੈਮੀਕੰਡਕਟਰ ਸਮਾਰਟ ਫੋਨ ਤੋਂ ਲੈ ਕੇ ਈ-ਵਾਹਨ ਤੇ ਏਆਈ ਤੱਕ ਅਤਿ-ਆਧੁਨਿਕ ਤਕਨੀਕਾਂ ’ਤੇ ਆਧਾਰਤ ਹਰ ਉਤਪਾਦ ਦਾ ਆਧਾਰ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਕੌਮੀ ‘ਸੈਮੀਕੌਨ-2024’ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਵਿਡ-19 ਆਲਮੀ ਮਹਾਮਾਰੀ ਕਾਰਨ ਸਪਲਾਈ ਲੜੀ ਦੀ ਅਹਿਮੀਅਤ ਦਾ ਸਭ ਨੂੰ ਅਹਿਸਾਸ ਹੋਇਆ ਹੈ। ਉਨ੍ਹਾਂ ਭਵਿੱਖ ’ਚ ਅਜਿਹੇ ਕਿਸੇ ਵੀ ਸੰਕਟ ਨਾਲ ਨਜਿੱਠਣ ਲਈ ਕਦਮ ਚੁੱਕਣ ਦੀ ਲੋੜ ’ਤੇ ਜ਼ੋਰ ਦਿੱਤਾ। ਕੋਵਿਡ-19 ਮਹਾਮਾਰੀ ਸਮੇਂ ਦੁਨੀਆ ਨੂੰ ਸਪਲਾਈ ਸਬੰਧੀ ਵੱਡੇ ਝਟਕੇ ਝੱਲਣੇ ਪਏ ਸਨ। ਉਨ੍ਹਾਂ ਕਿਹਾ, ‘ਸਪਲਾਈ ਲੜੀ ਦਾ ਜੁਝਾਰੂਪਣ ਜਾਂ ਮਜ਼ਬੂਤੀ ਬਹੁਤ ਅਹਿਮ ਹੈ। ਭਾਰਤ ਅਰਥਚਾਰੇ ਦੇ ਵੱਖ ਵੱਖ ਖੇਤਰਾਂ ’ਚ ਸਪਲਾਈ ਲੜੀ ਤਿਆਰ ਕਰਨ ਲਈ ਕੰਮ ਕਰ ਰਿਹਾ ਹੈ।’ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ’ਚ ਆਪਣੀ ਸੁਧਾਰਪੱਖੀ ਸਰਕਾਰ, ਸਥਿਰ ਨੀਤੀਆਂ ਅਤੇ ਉਸ ਬਾਜ਼ਾਰ ਦਾ ਜ਼ਿਕਰ ਕੀਤਾ, ਜਿਸ ਨੇ ਸੈਮੀ ਕੰਡਕਟਰ ਦੇ ਨਿਰਮਾਣ ’ਚ ਨਿਵੇਸ਼ ਲਈ ਮਜ਼ਬੂਤ ਆਧਾਰ ਤਿਆਰ ਕਰਨ ਲਈ ਤਕਨੀਕ ਦਾ ਸਹਾਰਾ ਲਿਆ। ਉਨ੍ਹਾਂ ਸੈਮੀਕੰਡਕਟਰ ਸਨਅਤ ਦੀਆਂ ਧਿਰਾਂ ਨੂੰ ਕਿਹਾ, ‘ਇਹ ਭਾਰਤ ’ਚ ਮੌਜੂਦ ਹੋਣ ਦਾ ਸਹੀ ਸਮਾਂ ਹੈ। ਤੁਸੀਂ ਸਹੀ ਸਮੇਂ ’ਤੇ ਸਹੀ ਥਾਂ ਮੌਜੂਦਾ ਹੋ। ਅੱਜ ਦਾ ਭਾਰਤ ਦੁਨੀਆ ਨੂੰ ਇਹ ਭਰੋਸਾ ਦਿੰਦਾ ਹੈ ਕਿ ਜਦੋਂ ਹਾਲਾਤ ਠੀਕ ਨਾ ਹੋਣ ਤਾਂ ਤੁਸੀਂ ਭਾਰਤ ’ਤੇ ਦਾਅ ਖੇਡ ਸਕਦੇ ਹੋ।’ ਉਨ੍ਹਾਂ ਕਿਹਾ, ‘ਸਾਡਾ ਸੁਫ਼ਨਾ ਹੈ ਕਿ ਦੁਨੀਆ ਦੇ ਹਰ ਉਪਕਰਨ ’ਤੇ ਭਾਰਤ ’ਚ ਬਣੀ ਚਿੱਪ ਲੱਗੀ ਹੋਵੇ। ਅਸੀਂ ਭਾਰਤ ਨੂੰ ਸੈਮੀਕੰਡਕਟਰ ਖੇਤਰ ’ਚ ਮਹਾਸ਼ਕਤੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।’ -ਪੀਟੀਆਈ
ਹਰਿਤ ਹਾਈਡ੍ਰੋਜਨ ਵੱਲ ਧਿਆਨ ਕੇਂਦਰਿਤ ਕਰਨ ਦੀ ਲੋੜ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਊਰਜਾ ਦੇ ਨਵੇਂ ਖੇਤਰਾਂ ਜਿਵੇਂ ਹਰਿਤ ਹਾਈਡ੍ਰੋਜਨ ’ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਅੱਜ ਕਿਹਾ ਕਿ ਇਹ ਭਵਿੱਖ ਦਾ ਮਾਮਲਾ ਨਹੀਂ ਹੈ ਬਲਕਿ ਹੁਣ ਇਸ ਦਿਸ਼ਾ ’ਚ ਕਾਰਵਾਈ ਦੀ ਲੋੜ ਹੈ। ‘ਗਰੀਨ ਹਾਈਡ੍ਰੋਜਨ ਇੰਡੀਆ 2024’ ਬਾਰੇ ਕੌਮਾਂਤਰੀ ਸੰਮੇਲਨ ਨੂੰ ਇੱਕ ਵੀਡੀਓ ਸੁਨੇਹੇ ਰਾਹੀਂ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘ਦੁਨੀਆ ਇੱਕ ਅਹਿਮ ਤਬਦੀਲੀ ’ਚੋਂ ਲੰਘ ਰਹੀ ਹੈ। ਜਲਵਾਯੂ ਤਬਦੀਲੀ ਸਿਰਫ਼ ਭਵਿੱਖ ਦਾ ਮਾਮਲਾ ਨਹੀਂ ਹੈ ਬਲਕਿ ਇਸ ਪ੍ਰਭਾਵ ਹੁਣ ਤੋਂ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਜਲਵਾਯੂ ਤਬਦੀਲੀ ਦੇ ਅਸਰ ਤੋਂ ਬਚਣ ਲਈ ਕੋਸ਼ਿਸ਼ ਕਰਨ ਦਾ ਸਮਾਂ ਇਹੀ ਤੇ ਹੁਣ ਹੀ ਹੈ।’
ਮੋਦੀ ਅੱਜ ਏਸ਼ੀਆ ਪ੍ਰਸ਼ਾਂਤ ਮੰਤਰੀ ਪੱਧਰੀ ਸੰਮੇਲਨ ਵਿੱਚ ਲੈਣਗੇ ਹਿੱਸਾ
ਨਵੀਂ ਦਿੱਲੀ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਵੀਰਵਾਰ ਨੂੰ ਕੌਮੀ ਰਾਜਧਾਨੀ ਵਿੱਚ ਸ਼ਹਿਰੀ ਹਵਾਬਾਜ਼ੀ ਬਾਰੇ ਦੂਸਰੇ ਏਸ਼ੀਆ ਪ੍ਰਸ਼ਾਂਤ ਮੰਤਰੀ ਪੱਧਰੀ ਸੰਮੇਲਨ ਵਿੱਚ ਹਿੱਸਾ ਲੈਣਗੇ। ਮੋਦੀ ਸੰਮੇਲਨ ਦੌਰਾਨ ਖੇਤਰ ਦੇ ਹਵਾਬਾਜ਼ੀ ਖੇਤਰ ਨੂੰ ਅੱਗੇ ਵਧਾਉਣ ਸਬੰਧੀ ਖਾਕਾ ਅਪਣਾਏ ਜਾਣ ਦਾ ਐਲਾਨ ਕਰਨਗੇ। ਅੱਜ ਸ਼ੁਰੂ ਹੋਏ ਦੋ ਰੋਜ਼ਾ ਸੰਮੇਲਨ ਵਿੱਚ ਏਸ਼ੀਆ ਪ੍ਰਸ਼ਾਂਤ ਖੇਤਰ ਦੇ ਆਵਾਜਾਈ ਤੇ ਹਵਾਬਾਜ਼ੀ ਮੰਤਰੀ, ਰੈਗੂਲੇਟਰੀ ਸੰਸਥਾਵਾਂ ਅਤੇ ਉਦਯੋਗ ਜਗਤ ਦੇ ਮਾਹਿਰ ਇਕੱਠੇ ਆਏ ਹਨ। -ਪੀਟੀਆਈ