ਖ਼ੁਦਗਰਜ਼ਾਂ ਦੀ ਮੱਤ
ਅਸ਼ਰਫ਼ ਸੁਹੇਲ
ਭੁੱਖਣ-ਭਾਣੇ ਕਾਂ ਨੂੰ ਲੱਭਾ, ਬੱਚਿਓ! ਇੱਕ ਅਖ਼ਰੋਟ।
ਟੁੱਟੇ ਨਾ ਪਰ ਲਾਈ ਜਾਏ, ਚੁੰਝਾਂ ਦੇ ਨਾਲ ਚੋਟ।
ਇੱਕ ਗਾਲੜ੍ਹ ਸੀ ਕੋਲ ਖਲੋਤਾ, ਖਿੜ ਖਿੜ ਹੱਸਦਾ ਜਾਏ।
ਆਖਣ ਲੱਗਾ, ‘ਸਖ਼ਤ ਬੜਾ ਐ, ਤੈਥੋਂ ਟੁੱਟ ਨਾ ਪਾਏ।
ਸੱਚ ਪੁੱਛੇਂ ਤਾਂ ਚੀਜ਼ ਮਜ਼ੇੇ ਦੀ, ਮੂੰਹ ਮੋੜ ਨਾ ਬੈਠੇਂ।
ਹੱਸਿਆ ਹਾਂ ਮੈਂ ਏਸ ਗੱਲ ਤੋਂ, ਚੁੰਝ ਤੋੜ ਨਾ ਬੈਠੇਂ?’
ਕਾਂ ਆਖਿਆ, ‘ਹੋਣੀ ਏਸ ਵਿੱਚ ਸ਼ੈੈਅ ਵੀ ਰੱਜ ਕਮਾਲ।
ਤਾਹੀਓਂ ਕੁਦਰਤ ਨੇ ਬੰਦ ਕੀਤਾ, ਇਸ ਨੂੰ ਸਖ਼ਤੀ ਨਾਲ।
ਜਿੱਦਾਂ ਵੀ ਹੋ ਸਕਦਾ ਅੜਿਆ, ਮੈਂ ਤਾਂ ਇਹਨੂੰ ਤੋੜਾਂ।
ਅੰਦਰ ਏਸ ਦੇ ਗਿਰੀ ਮਜ਼ੇ ਦੀ, ਜਿਸ ਦੀਆਂ ਮੈਨੂੰ ਲੋੜਾਂ।’
ਗਾਲੜ੍ਹ ਬੜਾ ਚਲਾਕ ਸੀ, ਲਿਆ ਗੱਲਾਂ ਵਿੱਚ ਰੁਝਾ।
ਆਖਣ ਲੱਗਾ, ‘ਜੇ ਕਰ ਮੰਨੇਂ, ਦੱਸਾਂ ਇੱਕ ਉਪਾਅ!’
ਗੱਲਾਂ ਕਰਕੇ ਗਾਲ੍ਹੜ ਨੇ ਲਿਆ, ਗੱਲਾਂ ਵਿੱਚ ਫਸਾ।
ਲਾਲਚ ਦੇ ਨਾਲ ਤੱਕਿਆ ਕਾਂ ਨੂੰ, ਆਖਿਆ ਸੁਣ ਭਰਾ!
‘ਤੂੰ ਅਖਰੋਟ ਨੂੰ ਦੂਰ ਫ਼ਿਜ਼ਾ ਵਿੱਚ, ਜਾ ਕੇ ਦੇ ਵਗਾਹ।
ਪੱਥਰਾਂ ਦੇ ਨਾਲ ਵੱਜ ਕੇ ਟੁੱਟੇ, ਸਿੱਧਾ ਏਹੋ ਰਾਹ।
ਇਹਦੀ ਗਿਰੀ ਨਾਲ ਮਜ਼ੇੇ ਦੇ, ਫੇਰ ਤੂੰ ਬਹਿ ਕੇ ਖਾਈਂ।’
ਭਰੀ ਉਡਾਰੀ ਵਿੱਚ ਫ਼ਿਜ਼ਾਵਾਂ, ਕਾਂ ਨੇ ਚਾਈਂ ਚਾਈਂ।
ਅੰਬਰੋਂ ਥੱਲੇ ਲਹਿ ਕੇ ਤੱਕਿਆ, ਉਸ ਨੇ ਅਜਬ ਨਜ਼ਾਰਾ।
ਅਖ਼ਰੋਟ ਹੋਇਆ ਸੀ ਪੱਥਰਾਂ ਦੇ ਨਾਲ, ਵੱਜ ਕੇ ਪਾਰਾ ਪਾਰਾ।
ਗਾਲੜ੍ਹ ਬਹਿ ਕੇ ਨਾਲ ਮਜ਼ੇੇ ਦੇ, ਖਾ ਲਈ ਗਿਰੀ ਉਹ ਸਾਰੀ।
ਛਿਲਕੇ ਮੂੰਹ ਚਿੜ੍ਹਾਂਦੇ ਆਖਣ, ਖੁਦਗਰਜ਼ੀ ਦੇ ਵਾਰੀ।
ਅਕਲਮੰਦੀ ਏਸੇ ਗੱਲ ਵਿੱਚ,
ਹੁੰਦੀ ਯਾਰ ਪੋਸ਼ੀਦਾ (ਛੁਪੀ ਹੋਈ)
ਖ਼ੁੁਦਗਰਜ਼ਾਂ ਦੀ ਗੱਲ ਮੰਨ ਕੇ,
ਨਾ ਹੋਈਏ ਕਦੇ ਰੰਜੀਦਾ। (ਪਛਤਾਵਾ)
ਅਨੁਵਾਦ : ਰਾਜਵੰਤ ਕੌਰ ਪੰਜਾਬੀ (ਡਾ.)
ਸੰਪਰਕ: 85678-86223
ਪੂਛਲ ਤਾਰਾ
ਗੁਰਮੀਤ ਸਿੰਘ ਮਰਾੜ੍ਹ
ਰਾਤੀਂ ਵੇਖਿਆ ਇੱਕ ਅਜ਼ਬ ਨਜ਼ਾਰਾ
ਅੰਬਰੀਂ ਦੌੜ ਰਿਹਾ ਸੀ ਇੱਕ ਤਾਰਾ
ਮਗਰ ਉਸ ਦੇ ਪੂਛ ਸੀ ਇੱਕ ਮੋਟੀ
ਲੱਗਦੀ ਕਦੇ ਲੰਬੀ ਅਤੇ ਕਦੇ ਛੋਟੀ
ਹੈ ਕੀ ਇਹ? ਵੇਖ ਹੋਇਆ ਹੈਰਾਨ
ਪਰ ਨਾ ਕਿਤਿਓਂ ਸਕਿਆ ਮੈਂ ਜਾਣ
ਦਿਮਾਗ਼ ਵਿੱਚ ਜਦ ਉਲਝੀ ਤਾਣੀ
ਅਧਿਆਪਕ ਨੂੰ ਦੱਸੀ ਜਾ ਸਾਰੀ ਕਹਾਣੀ
ਸੁਣ ਬੱਚਿਆਂ ਫਿਰ ਰੌਲਾ ਪਾਇਆ
ਰਾਤੀਂ ਜਿਨ੍ਹਾਂ ਨੂੰ ਨਜ਼ਰ ਸੀ ਆਇਆ
ਅਧਿਆਪਕ ਸਭ ਨੂੰ ਚੁੱਪ ਕਰਾਇਆ
ਹੈ ਕੀ ਅਸਲ ’ਚ, ਫਿਰ ਸਮਝਾਇਆ
ਧੂਮਕੇਤੂ ਹੈ ਇਹ, ਨਹੀਂ ਕੋਈ ਤਾਰਾ
ਪਰ ਦੇਖਣ ਨੂੰ ਇਹ ਦੁਰਲੱਭ ਨਜ਼ਾਰਾ
ਇਹ ਵੀ ਸੂਰਜ ਪਰਿਵਾਰ ਦਾ ਅੰਗ
ਕਰਦਾ ਪਰਿਕਰਮਾ ਇਹ ਆਪਣੇ ਪੰਧ
ਰਚਨਾ ਇਸ ਦੀ ਬਰਫ਼, ਧੂੜ ਤੋਂ ਹੋਈ
ਪੂਛ ਦਾ ਬਣਨਾ, ਕਾਰਨ ਨੇ ਸੋਈ
ਜਦ ਕਦੇ ਇਹ, ਸੂਰਜ ਨੇੜੇ ਆਵੇ
ਬਰਫ਼ ਧੂੜ ਰਲ਼, ਪਿੱਛੇ ਫੈਲ ਜਾਵੇ
ਦੂਰੋਂ ਦਿਸਦਾ ਜਦੋਂ ਇਹ ਪਸਾਰਾ
ਬਣਦਾ ਉਦੋਂ ਇੱਕ ਪੂਛਲ ਤਾਰਾ
ਸਦੀਵੀ ਵਾਪਰੇ, ਇਹ ਵਰਤਾਰਾ
ਪਝੰਤਰ ਸਾਲੀਂ, ਦਿਸਦਾ ਹੈਲੇ ਤਾਰਾ
ਸੰਪਰਕ: 95014-00397