ਤਰਨ ਤਾਰਨ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਆਤਮਦਾਹ
* ਮ੍ਰਿਤਕ ਦੀ ਨਹੀਂ ਹੋ ਸਕੀ ਪਛਾਣ
* ਪੁਲੀਸ ਨੇ ਲਾਸ਼ ਨੂੰ ਮੁਰਦਾਘਰ ਵਿੱਚ ਰਖਵਾਇਆ
ਗੁਰਬਖ਼ਸ਼ਪੁਰੀ
ਤਰਨ ਤਾਰਨ, 25 ਨਵੰਬਰ
ਇਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ 65 ਸਾਲਾ ਬਜ਼ੁਰਗ ਗੁਰਸਿੱਖ ਵਿਅਕਤੀ ਨੇ ਖੁਦ ’ਤੇ ਪੈਟਰੋਲ ਛਿੜਕਣ ਮਗਰੋਂ ਅੱਗ ਲਗਾ ਕੇ ਖੁਦਕੁਸ਼ੀ ਕਰ ਲਈ| ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ| ਸੂਚਨਾ ਮਿਲਦਿਆਂ ਹੀ ਸਥਾਨਕ ਥਾਣਾ ਸਦਰ ਦੇ ਐੱਸਐੱਚਓ ਅਵਤਾਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਘਟਨਾ ਸਥਾਨ ’ਤੇ ਪਹੁੰਚ ਗਈ| ਚਸ਼ਮਦੀਦ ਗਵਾਹਾਂ ਨੇ ਪੁਲੀਸ ਨੂੰ ਦੱਸਿਆ ਕਿ ਇਹ ਵਿਅਕਤੀ ਬਾਅਦ ਦੁਪਹਿਰ ਲਗਪਗ ਸਾਢੇ ਤਿੰਨ ਵਜੇ ਜਿਵੇਂ ਹੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਦਫ਼ਤਰ ਵਿੱਚੋਂ ਬਾਹਰ ਆਇਆ ਤਾਂ ਉਸ ਨੇ ਨਾਲ ਲਿਆਂਦੀ ਪੈਟਰੋਲ ਦੀ ਬੋਤਲ ਖੁਦ ’ਤੇ ਛਿੜਕ ਕੇ ਅੱਗ ਲਗਾ ਲਈ| ਅੱਗ ਦੀਆਂ ਲਪਟਾਂ ਕਾਰਨ ਉਸ ਦਾ ਸਰੀਰ ਪੂਰੀ ਤਰ੍ਹਾਂ ਝੁਲਸ ਗਿਆ। ਇਸ ਦੌਰਾਨ ਦਫ਼ਤਰ ਦੇ ਕਰਮਚਾਰੀ ਨਾਨਕ ਸਿੰਘ ਨੇ ਫੌਰੀ ਇੱਕ ਅੱਗ ਬੁਝਾਊ ਯੰਤਰ ਲਿਆ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾਇਆ ਨਾ ਜਾ ਸਕਿਆ|
ਪੁਲੀਸ ਨੇ ਉਸ ਨੂੰ ਗੰਭੀਰ ਹਾਲਤ ਵਿੱਚ ਤਰਨ ਤਾਰਨ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ| ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਪਛਾਣ ਲਈ ਉਸ ਦੀ ਲਾਸ਼ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਛਾਣ ਲਈ ਉਸ ਦੀ ਲਾਸ਼ 72 ਘੰਟੇ ਤੱਕ ਮੁਰਦਾਘਰ ਵਿੱਚ ਰੱਖੀ ਜਾਵੇਗੀ| ਮੰਨਿਆ ਜਾ ਰਿਹਾ ਹੈ ਕਿ ਪੀੜਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਿਸੇ ਦਫ਼ਤਰ ਵਿੱਚ ਲੰਬੇ ਸਮੇਂ ਤੋਂ ਕੰਮ ਕਰਵਾਉਣ ਲਈ ਖੱਜਲ-ਖ਼ੁਆਰ ਹੋ ਰਿਹਾ ਸੀ। ਨਿਆਂ ਨਾ ਮਿਲਣ ਦੀ ਸੂਰਤ ਵਿੱਚ ਉਸ ਨੇ ਇਹ ਕਦਮ ਚੁੱਕਿਆ ਹੈ।