ਕੌਮੀ ਖੇਡਾਂ ਲਈ ਮਹਿਲਾ ਹਾਕੀ ਟੀਮ ਦੀ ਚੋਣ
ਪੱਤਰ ਪ੍ਰੇਰਕ
ਜਲੰਧਰ, 22 ਸਤੰਬਰ
ਭਾਰਤੀ ਓਲੰਪਿਕ ਸੰਘ ਵੱਲੋਂ ਗੋਆ ਵਿੱਚ 25 ਅਕਤੂਬਰ ਤੋਂ 8 ਨਵੰਬਰ ਤੱਕ ਕਰਵਾਈਆਂ ਜਾਣ ਵਾਲੀਆਂ ਕੌਮੀ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਪੰਜਾਬ ਮਹਿਲਾ ਹਾਕੀ ਟੀਮ ਦੀ ਚੋਣ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿੱਚ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਕਿਹਾ ਕਿ ਇਨ੍ਹਾਂ ਟਰਾਇਲਾਂ ਵਿੱਚ ਪੰਜਾਬ ਭਰ ਤੋਂ 70 ਖਿਡਾਰਨਾਂ ਨੇ ਹਿੱਸਾ ਲਿਆ। ਇਨ੍ਹਾਂ ਖਿਡਾਰਨਾਂ ਵਿੱਚੋਂ 30 ਖਿਡਾਰਨਾਂ ਦੀ ਚੋਣ ਕੋਚਿੰਗ ਕੈਂਪ ਲਈ ਕੀਤੀ ਗਈ ਹੈ। ਇਹ ਚੋਣ ਟਰਾਇਲ ਹਾਕੀ ਪੰਜਾਬ ਦੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ, ਓਲੰਪੀਅਨ ਬਲਵਿੰਦਰ ਸ਼ੰਮੀ, ਓਲੰਪੀਅਨ ਸੰਜੀਵ ਕੁਮਾਰ, ਕੌਮਾਂਤਰੀ ਖਿਡਾਰਨ ਭੁਪਿੰਦਰ ਕੌਰ, ਹਾਕੀ ਪੰਜਾਬ ਦੀ ਜਾਇੰਟ ਸਕੱਤਰ ਰੇਣੂ ਬਾਲਾ ’ਤੇ ਆਧਾਰਤ ਕਮੇਟੀ ਵਲੋਂ ਕੀਤੀ ਗਈ। ਚੁਣੀਆਂ ਗਈਆਂ ਖਿਡਾਰਨਾਂ ਦਾ ਕੋਚਿੰਗ ਕੈਂਪ ਪੰਜਾਬ ਓਲੰਪਿਕ ਸੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਗਾਇਆ ਜਾਵੇਗਾ। ਪਿਛਲੇ ਸਾਲ ਗੁਜਰਾਤ ਵਿੱਚ ਹੋਈਆਂ ਕੌਮੀ ਖੇਡਾਂ ਵਿੱਚ ਪੰਜਾਬ ਮਹਿਲਾ ਹਾਕੀ ਟੀਮ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ ਸੀ।