ਮਾਈ ਭਾਗੋ ਇੰਸਟੀਚਿਊਟ ਦੀਆਂ ਦੋ ਕੈਡੇਟਸ ਦੀ ਚੇਨੱਈ ਪ੍ਰੀ-ਕਮਿਸ਼ਨ ਟਰੇਨਿੰਗ ਲਈ ਚੋਣ
ਚੰਡੀਗੜ੍ਹ: ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼, ਮੁਹਾਲੀ ਦੀਆਂ ਦੋ ਮਹਿਲਾ ਕੈਡੇਟਸ ਅਰਸ਼ਦੀਪ ਕੌਰ ਸਿੱਧੂ ਅਤੇ ਪੱਲਵੀ ਰਾਜਪੂਤ ਦੀ ਚੋਣ ਚੇਨੱਈ ਸਥਿਤ ਆਫੀਸਰਜ਼ ਟਰੇਨਿੰਗ ਅਕੈਡਮੀ ਵਿੱਚ ਪ੍ਰੀ-ਕਮਿਸ਼ਨ ਟਰੇਨਿੰਗ ਲਈ ਹੋਈ ਹੈ। ਦੋਵਾਂ ਦੀ ਸਿਖਲਾਈ ਅਕਤੂਬਰ, 2023 ਤੋਂ ਸ਼ੁਰੂ ਹੋਵੇਗੀ। ਬਠਿੰਡਾ ਦੀ ਰਹਿਣ ਵਾਲੀ ਅਰਸ਼ਦੀਪ ਕੌਰ ਸਿੱਧੂ ਦੇ ਪਿਤਾ ਹਰਵਿੰਦਰ ਸਿੰਘ ਸਿੱਧੂ ਮਿਲਟਰੀ ਇੰਜਨੀਅਰਿੰਗ ਸਰਵਿਸ ਵਿੱਚ ਹਨ, ਜਦਕਿ ਪੱਲਵੀ ਰਾਜਪੂਤ ਪਠਾਨਕੋਟ ਦੀ ਰਹਿਣ ਵਾਲੀ ਹੈ ਤੇ ਉਸ ਦੇ ਪਿਤਾ ਰਵਿੰਦਰ ਸਿੰਘ ਖੇਤੀ ਕਰਦੇ ਹਨ। ਇਸ ਮੌਕੇ ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਦੋਵੇਂ ਮਹਿਲਾ ਕੈਡੇਟਸ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਸੂਬੇ ਦੀਆਂ ਲੜਕੀਆਂ ਦੇ ਰੱਖਿਆ ਸੇਵਾਵਾਂ ਵਿੱਚ ਜਾ ਕੇ ਦੇਸ਼ ਦੀ ਸੇਵਾ ਕਰਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਹਾਲ ਹੀ ਵਿੱਚ ਮਾਈ ਭਾਗੋ ਏਐਫਪੀਆਈ ਵਿੱਚ ਐੱਨਡੀਏ ਪ੍ਰੈਪਰੇਟਰੀ ਵਿੰਗ (ਲੜਕੀਆਂ) ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਹੈ, ਜਿੱਥੇ 2 ਜੁਲਾਈ 2023 ਤੋਂ ਕੋਰਸ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਦੋਵੇਂ ਕੈਡੇਟਸ ਨੂੰ ਰੱਖਿਆ ਸੇਵਾਵਾਂ ਵਿੱਚ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਮਾਈ ਭਾਗੋ ਏਐਫਪੀਆਈ ਦੇ ਡਾਇਰੈਕਟਰ ਮੇਜਰ ਜਨਰਲ ਜਸਬੀਰ ਸਿੰਘ ਸੰਧੂ, ਏਵੀਐੱਸਐੱਮ (ਸੇਵਾਮੁਕਤ) ਨੇ ਦੋਵੇਂ ਮਹਿਲਾ ਕੈਡਿਟਾਂ ਦੀ ਚੋਣ ’ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਨ੍ਹਾਂ ਮਹਿਲਾ ਕੈਡੇਟਸ ਦੀ ਚੋਣ ਮਗਰੋਂ ਹੁਣ ਤੱਕ ਸੰਸਥਾ ਦੀਆਂ 28 ਮਹਿਲਾ ਕੈਡੇਟਸ ਵੱਖ-ਵੱਖ ਆਰਮਡ ਫੋਰਸਿਜ਼ ਟਰੇਨਿੰਗ ਅਕੈਡਮੀਆਂ ਵਿੱਚ ਸ਼ਾਮਲ ਹੋ ਚੁੱਕੀਆਂ ਹਨ। -ਟਨਸ