ਆਸਕਰ ਲਈ ‘ਲਾਪਤਾ ਲੇਡੀਜ਼’ ਦੀ ਚੋਣ
ਚੇਨਈ:
ਕਿਰਨ ਰਾਓ ਦੀ ‘ਲਾਪਤਾ ਲੇਡੀਜ਼’ ਨੂੰ ਆਸਕਰ ਪੁਰਸਕਾਰ 2025 ਲਈ ਭਾਰਤ ਦੀ ਅਧਿਕਾਰਤ ਐਂਟਰੀ ਵਜੋਂ ਚੁਣਿਆ ਗਿਆ ਹੈ। ਫਿਲਮ ਫੈਡਰੇਸ਼ਨ ਆਫ਼ ਇੰਡੀਆ ਨੇ ਅੱਜ ਇਥੇ ਇਸ ਦਾ ਐਲਾਨ ਕੀਤਾ। ਪੁਰਸ਼ ਪ੍ਰਧਾਨ ਸਮਾਜ ’ਤੇ ਹਲਕੇ-ਫੁਲਕੇ ਵਿਅੰਗ ਨਾਲ ਭਰਪੂਰ ਇਸ ਹਿੰਦੀ ਫਿਲਮ ਨੂੰ 29 ਫਿਲਮਾਂ ’ਚੋਂ ਚੁਣਿਆ ਗਿਆ ਹੈ, ਜਿਨ੍ਹਾਂ ’ਚ ਬੌਲੀਵੁੱਡ ਦੀ ਹਿਟ ਫਿਲਮ ‘ਐਨੀਮਲ’, ਮਲਿਆਲਮ ਦੀ ਕੌਮੀ ਪੁਰਸਕਾਰ ਜੇਤੂ ‘ਅੱਟਮ’ ਅਤੇ ਕਾਨ ਫਿਲਮ ਮੇਲੇ ’ਚ ਜੇਤੂ ਰਹੀ ‘ਆਲ ਵੁਈ ਇਮੈਜਿਨ ਐਜ਼ ਲਾਈਟ’ ਸ਼ਾਮਲ ਹਨ। ਅਸਾਮੀ ਫਿਲਮ ਡਾਇਰੈਕਟਰ ਜਾਹਨੂ ਬਰੂਆ ਦੀ ਅਗਵਾਈ ਹੇਠਲੀ 13 ਮੈਂਬਰੀ ਚੋਣ ਕਮੇਟੀ ਨੇ ਆਮਿਰ ਖ਼ਾਨ ਅਤੇ ਕਿਰਨ ਰਾਓ ਦੀ ਪੇਸ਼ਕਸ਼ ‘ਲਾਪਤਾ ਲੇਡੀਜ਼’ ਨੂੰ ਅਕੈਡਮੀ ਐਵਾਰਡਜ਼ ’ਚ ਬਿਹਤਰੀਨ ਕੌਮਾਂਤਰੀ ਫਿਲਮ ਸ਼੍ਰੇਣੀ ਲਈ ਸਰਬਸੰਮਤੀ ਨਾਲ ਚੁਣਿਆ ਹੈ। ਇਸ ਸ਼੍ਰੇਣੀ ’ਚ ਸ਼ਾਮਲ ਹੋਣ ਦੀ ਦੌੜ ’ਚ 29 ਫਿਲਮਾਂ ’ਚੋਂ ਹਿੰਦੀ ਫਿਲਮ ‘ਸ੍ਰੀਕਾਂਤ’, ਤਾਮਿਲ ਫਿਲਮ ‘ਵਾਜ਼ਹਾਈ’ ਤੇ ‘ਤੰਗਲਾਨ’ ਅਤੇ ਮਲਿਆਲਮ ਫਿਲਮ ‘ਊਲੋਜ਼ੂਕੂ’ ਸਨ। ਮਾਰਚ ’ਚ ਰਿਲੀਜ਼ ਹੋਈ ‘ਲਾਪਤਾ ਲੇਡੀਜ਼’ 2001 ’ਚ ਦਿਹਾਤੀ ਭਾਰਤ ’ਚ ਦੋ ਵਹੁਟੀਆਂ ਦੀ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ’ਤੇ ਆਧਾਰਿਤ ਹੈ, ਜਿਨ੍ਹਾਂ ਦੀ ਟਰੇਨ ਸਫ਼ਰ ਦੌਰਾਨ ਅਦਲਾ-ਬਦਲੀ ਹੋ ਜਾਂਦੀ ਹੈ। ਕਿਰਨ ਰਾਓ ਨੇ ਕਿਹਾ ਕਿ ਉਹ ਬੇਹੱਦ ਸਨਮਾਨਿਤ ਅਤੇ ਖੁਸ਼ੀ ਮਹਿਸੂਸ ਕਰ ਰਹੀ ਹੈ ਕਿ ਉਨ੍ਹਾਂ ਦੀ ਫਿਲਮ 97ਵੇਂ ਅਕੈਡਮੀ ਐਵਾਰਡਜ਼ ’ਚ ਭਾਰਤੀ ਦੀ ਨੁਮਾਇੰਦਗੀ ਕਰੇਗੀ। ਉਨ੍ਹਾਂ ਉਮੀਦ ਜਤਾਈ ਕਿ ਇਹ ਫਿਲਮ ਭਾਰਤ ਵਾਂਗ ਦੁਨੀਆ ਭਰ ਦੇ ਦਰਸ਼ਕਾਂ ਨੂੰ ਪਸੰਦ ਆਵੇਗੀ। ਫਿਲਮ ’ਚ ਨਿਤਾਂਸ਼ੀ ਗੋਇਲ, ਪ੍ਰਤਿਭਾ ਰਾਂਟਾ, ਸਪਰਸ਼ ਸ੍ਰੀਵਾਸਤਵ, ਰਵੀ ਕਿਸ਼ਨ, ਛਾਇਆ ਕਦਮ ਅਤੇ ਗੀਤਾ ਅਗਰਵਾਲ ਨੇ ਅਦਾਕਾਰੀ ਕੀਤੀ ਹੈ। ਰਵੀ ਕਿਸ਼ਨ ਨੇ ਕਿਹਾ ਕਿ ਉਸ ਨੇ ਨਹੀਂ ਸੋਚਿਆ ਸੀ ਕਿ ਇਹ ਫਿਲਮ ਆਸਕਰ ਲਈ ਜਾਵੇਗੀ। ਫਿਲਮ ਨੂੰ 2023 ਟੋਰਾਂਟੋ ਕੌਮਾਂਤਰੀ ਫਿਲਮ ਮੇਲੇ ’ਚ ਵੀ ਦਿਖਾਇਆ ਗਿਆ ਸੀ। -ਪੀਟੀਆਈ