ਜੂਡੋ ਚੈਂਪੀਅਨਸ਼ਿਪ ਲਈ ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਦੀ ਚੋਣ
ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 29 ਨਵੰਬਰ
ਸ਼ਹੀਦ ਭਗਤ ਸਿੰਘ ਜੂਡੋ ਟਰੇਨਿੰਗ ਸੈਂਟਰ, ਗੁਰਦਾਸਪੁਰ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਤੋਂ 15 ਸਾਲ ਤੋਂ ਘੱਟ ਉਮਰ ਦੇ 120 ਖਿਡਾਰੀਆਂ ਨੇ ਪੰਜਾਬ ਰਾਜ ਓਪਨ ਸਬ ਜੂਨੀਅਰ ਖੇਡਾਂ ਜੂਡੋ ਟੀਮ ਵਿੱਚ ਗੁਰਦਾਸਪੁਰ ਦੀ ਆਪਣੀ ਦਾਅਵੇਦਾਰੀ ਪੇਸ਼ ਕੀਤੀ। ਪੰਜਾਬ ਜੂਡੋ ਐਸੋਸੀਏਸ਼ਨ ਵੱਲੋਂ 2 ਤੋਂ 3 ਦਸੰਬਰ ਤਕ ਪੰਜਾਬ ਰਾਜ ਸਬ- ਜੂਨੀਅਰ ਜੂਡੋ ਚੈਂਪੀਅਨਸ਼ਿਪ ਲੜਕੇ ਲੜਕੀਆਂ ਤਾਜਪੁਰ, ਪਟਿਆਲਾ ਵਿੱਚ ਕਰਵਾਈ ਜਾ ਰਹੀ ਹੈ ਜਿਸ ਵਿਚ ਪੰਜਾਬ ਭਰ ਤੋਂ 300 ਦੇ ਲਗਭਗ ਖਿਡਾਰੀ ਭਾਗ ਲੈਣਗੇ। ਇਨ੍ਹਾਂ ਮੁਕਾਬਲਿਆਂ ਲਈ ਸਾਲ 2009, 2010 ਤੇ 2011 ਵਿੱਚ ਜਨਮੇ ਖਿਡਾਰੀਆਂ ਨੂੰ ਖੇਡਣ ਦਾ ਮੌਕਾ ਦਿੱਤਾ ਗਿਆ ਹੈ। ਜੂਡੋ ਟਰੇਨਿੰਗ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਅਤੇ ਜੂਡੋ ਕੋਚ ਰਵੀ ਕੁਮਾਰ ਨੇ ਦੱਸਿਆ ਕਿ ਪੰਜਾਬ ਦੀ ਚੁਣੀ ਹੋਈ ਟੀਮ 15 ਦਸੰਬਰ ਨੂੰ ਕੋਚੀ ਕੇਰਲਾ ਵਿੱਚ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰੇਗੀ। ਉਨ੍ਹਾਂ ਗੁਰਦਾਸਪੁਰ ਦੀ ਜੂਡੋ ਟੀਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਾਸਪੁਰ ਦੀ ਜੂਡੋ ਟੀਮ ਪਿਛਲੇ ਗਿਆਰਾਂ ਸਾਲ ਤੋਂ ਚੈਂਪੀਅਨਸ਼ਿਪ ਜਿੱਤਦੀ ਆ ਰਹੀ ਹੈ। ਇਸ ਸਾਲ ਗੁਰਦਾਸਪੁਰ ਦੇ ਖਿਡਾਰੀਆਂ ਨੇ ਸਕੂਲੀ ਖੇਡਾਂ ਵਿੱਚ ਨੈਸ਼ਨਲ ਪੱਧਰ ’ਤੇ ਪੰਜਾਬ ਲਈ ਮੈਡਲ ਜਿੱਤੇ ਹਨ। ਅੱਜ ਦੇ ਟਰਾਇਲ ਮੌਕੇ ਰਾਸ਼ਟਰੀ ਰੈਫ਼ਰੀ ਦਿਨੇਸ਼ ਕੁਮਾਰ, ਅਤੁਲ ਕੁਮਾਰ, ਤਮੰਨਾ ਦੇਵੀ ਤੇ ਲਕਸ਼ ਕੁਮਾਰ ਹਾਜ਼ਰ ਸਨ।
ਬਾਬਾ ਬੰਦਾ ਸਿੰਘ ਬਹਾਦਰ ਇੰਸਟੀਚਿਊਟ ਵਿੱਚ ਖੇਡ ਦਿਵਸ ਮਨਾਇਆ
ਧਾਰੀਵਾਲ: ਬਾਬਾ ਬੰਦਾ ਸਿੰਘ ਬਹਾਦਰ ਕਾਲਜ ਆਫ਼ ਇੰਸਟੀਚਿਊਟਸ ਵਿੱਚ ਡਾਇਰੈਕਟਰ ਅਮਰਜੀਤ ਸਿੰਘ ਚਾਹਲ ਅਤੇ ਪ੍ਰਿੰਸੀਪਲ ਕਿਰਨ ਕੇਸਰ ਦੀ ਅਗਵਾਈ ਹੇਠ ਸਾਲਾਨਾ ਖੇਡ ਮੁਕਾਬਲੇ ਕਰਵਾਏ ਗਏ। ਖੇਡਾਂ ਦੀ ਆਰੰਭਤਾ ਮੁੱਖ ਮਹਿਮਾਨ ਸਰਬਜੀਤ ਸਿੰਘ ਚਾਹਲ ਐੱਸ.ਐੱਚ.ਓ. ਧਾਰੀਵਾਲ ਨੇ ਝੰਡਾ ਲਹਿਰਾ ਕੇ ਅਤੇ ਮਸ਼ਾਲ ਜਗਾ ਕੇ ਕਰਵਾਈ ਗਈ। ਇਸ ਮੌਕੇ ਬੀ.ਐੱਡ ਅਤੇ ਡੀਐੱਲਐੱਡ ਦੇ ਵਿਦਿਆਰਥੀਆਂ ਦੀਆਂ ਵੱਖ-ਵੱਖ ਖੇਡਾਂ ਜਿਵੇਂ 100 ਮੀਟਰ ਦੌੜ, 200ਮੀਟਰ ਦੌੜ, ਲੈਮਨ ਸਪੂਨ ਰੇਸ, ਪਜ਼ਲ ਗੇਮ, ਹਰਡਲ ਰੇਸ, ਖੋ-ਖੋ, ਰੱਸਾ ਖਿੱਚਣ ਆਦਿ ਮੁਕਾਬਲੇ ਕਰਵਾਏ ਗਏ ਅਤੇ ਨਾਲ ਹੀ ਵਿਦਿਆਰਥੀਆਂ ਵੱਲੋਂ ਮਨੋਰੰਜਨ ਗਤੀਵਿਧੀਆਂ ਵੀ ਕੀਤੀਆਂ ਗਈਆਂ। ਇਨਾਮ ਵੰਡ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਥਾਣਾ ਸੇਖਵਾਂ ਦੇ ਐੱਸ ਐੱਚ ਓ ਗੁਰਦੇਵ ਸਿੰਘ ਅਤੇ ਡਾਇਰੈਕਟਰ ਅਮਰਜੀਤ ਸਿੰਘ ਚਾਹਲ, ਸ਼੍ਰੀਮਤੀ ਪਰਮਜੀਤ ਕੌਰ, ਗੁਰਦਵਿੰਦਰ ਸਿੰਘ ਅਤੇ ਪ੍ਰਿੰਸੀਪਲ ਕਿਰਨ ਕੇਸਰ ਨੇ ਖੇਡਾਂ ਵਿੱਚੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। -ਪੱਤਰ ਪ੍ਰੇਰਕ