ਖੇਤੀ ਮਸ਼ੀਨਾਂ ’ਤੇ ਸਬਸਿਡੀ ਦੇਣ ਲਈ ਡਰਾਅ ਰਾਹੀਂ ਲਾਭਪਾਤਰੀਆਂ ਦੀ ਚੋਣ
ਪੱਤਰ ਪ੍ਰੇਰਕ
ਜਲੰਧਰ, 26 ਸਤੰਬਰ
ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਅਤੇ ਹੋਰ ਖੇਤੀ ਮਸ਼ੀਨਰੀ ’ਤੇ ਸਬਸਿਡੀ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪੱਧਰੀ ਕਾਰਜਕਾਰੀ ਕਮੇਟੀ ਵੱਲੋਂ ਅੱਜ ਡਰਾਅ ਰਾਹੀਂ ਲਾਭਪਾਤਰੀਆਂ ਦੀ ਚੋਣ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਡਾ. ਅਮਿਤ ਮਹਾਜਨ ਦੀ ਪ੍ਰਧਾਨਗੀ ਹੇਠ ਡਰਾਅ ਦੀ ਪ੍ਰਕਿਰਿਆ ਨੇਪਰੇ ਚਾੜ੍ਹੀ ਗਈ। ਉਨ੍ਹਾਂ ਦੱਸਿਆ ਕਿ ਕਰਾਪ ਰੈਜ਼ੇਡਿਊ ਮੈਨੇਜਮੈਂਟ (ਸੀ.ਆਰ.ਐਮ.) ਅਤੇ ਸਬ-ਮਿਸ਼ਨ ਆਨ ਐਗਰੀਕਲਚਰ ਮੈਕੇਨਾਈਜ਼ੇਸ਼ਨ (ਸਮੈਮ) ਸਕੀਮ ਤਹਿਤ ਖੇਤੀ ਮਸ਼ੀਨਰੀ ’ਤੇ ਸਬਸਿਡੀ ਉਪਲਬਧ ਕਰਵਾਉਣ ਲਈ ਕਿਸਾਨਾਂ ਵੱਲੋਂ ਪ੍ਰਾਪਤ ਅਰਜ਼ੀਆਂ ਦੇ ਡਰਾਅ ਕੱਢੇ ਗਏ ਹਨ।
ਉਨ੍ਹਾਂ ਦੱਸਿਆ ਕਿ ਸੀ.ਆਰ.ਐਮ. ਸਕੀਮ ਅਧੀਨ ਵਿਅਕਤੀਗਤ ਕਿਸਾਨ ਨੂੰ 50 ਫੀਸਦੀ ਅਤੇ ਕਿਸਾਨ ਗਰੁੱਪਾਂ, ਕੋਆਪ੍ਰੇਟਿਵ ਸੁਸਾਇਟੀਆਂ, ਐਫ.ਪੀ.ਓ. ਆਦਿ ਨੂੰ 80 ਫੀਸਦੀ ਦਰ ਨਾਲ ਸਬਸਿਡੀ ਦਿੱਤੀ ਜਾਵੇਗੀ। ਜਦਕਿ ਸਮੈਮ ਸਕੀਮ ਅਧੀਨ ਵਿਅਕਤੀਗਤ ਕਿਸਾਨ (ਜਨਰਲ ਸ਼੍ਰੇਣੀ) ਅਤੇ ਕਿਸਾਨ ਗਰੁੱਪਾਂ ਨੂੰ 40 ਫੀਸਦੀ ਦੀ ਦਰ ਨਾਲ ਅਤੇ ਅਨੁਸੂਚਿਤ ਵਰਗ ਨਾਲ ਸਬੰਧਤ ਕਿਸਾਨ, ਕਿਸਾਨ ਔਰਤਾਂ, ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ 50 ਫੀਸਦੀ ਦੀ ਦਰ ਨਾਲ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ।