ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ
ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਸਤੰਬਰ
ਐੱਸਐੱਸਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਪੁਲੀਸ ਪਟਿਆਲਾ ਵੱਲੋਂ ਅੱਜ ਸੱੱਤ ਹੋਰ ਤਸਕਰਾਂ ਦੀਆਂ ਕਈ ਕਰੋੜ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ। ਇਹ ਵੱਖਰੀ ਗੱਲ ਹੈ ਕਿ ਇਨ੍ਹਾਂ ਦੀ ਸਰਕਾਰੀ ਰੇਟ ਮੁਤਾਬਿਕ ਕੀਮਤ 2.10 ਕਰੋੜ ਹੈ। ਐੱਸਐੱਸਪੀ ਵਰੁਣ ਸ਼ਰਮਾ ਦਾ ਕਹਿਣਾ ਸੀ ਕਿ 11 ਹੋਰਾਂ ਦੀਆਂ ਸਾਢੇ ਤਿੰਨ ਕਰੋੜ ਦੀਆਂ ਹੋਰ ਜਾਇਦਾਦਾਂ ਜ਼ਬਤ ਕਰਨ ਦੀ ਕਾਰਵਾਈ ਵੀ ਜਾਰੀ ਹੈ। ਜ਼ਿਕਰਯੋਗ ਹੈ ਕਿ ਪੰਜ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਪਹਿਲਾਂ ਹੀ ਅਮਲ ’ਚ ਲਿਆਂਦੀ ਜਾ ਚੁੱਕੀ ਹੈ।
ਪਟਿਆਲਾ ਦੇ ਡੀਐੱਸਪੀ (ਰੂਰਲ) ਗੁਰਦੇਵ ਸਿੰਘ ਧਾਲ਼ੀਵਾਲ਼ ਦੀ ਅਗਵਾਈ ਹੇਠ ਅੱਜ ਥਾਣਾ ਸਨੌਰ ਦੀ ਮਹਿਲਾ ਐੱਸਐੱਚਓ ਪ੍ਰਿਯਾਂਸ਼ੂ ਸਿੰਘ ਤੇ ਟੀਮ ਨੇ ਰਾਜਿੰਦਰ ਸਿੰਘ ਦੀ 21.50 ਲੱਖ ਦੀ ਕੋਠੀ ਜ਼ਬਤ ਕੀਤੀ ਹੈ। ਉਸ ਖ਼ਿਲਾਫ਼ ਥਾਣਾ ਸਨੌਰ ਵਿੱਚ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਪ੍ਰਿਯਾਂਸ਼ੂ ਸਿੰਘ ਦਾ ਕਹਿਣਾ ਸੀ ਕਿ ਇਹ ਕੋਠੀ ਉਸ ਨੇ 2015 ਵਿੱਚ ਆਪਣੀ ਮਾਂ ਦੇ ਨਾਮ ’ਤੇ ਖਰੀਦੀ ਸੀ।
ਇਸੇ ਤਰ੍ਹਾਂ ਪਟਿਆਲਾ ਦੇ ਡੀਐੱਸਪੀ ਜਸਵਿੰਦਰ ਟਿਵਾਣਾ ਦੀ ਅਗਵਾਈ ਹੇਠ ਬਖਸ਼ੀਵਾਲਾ ਪੁਲੀਸ ਵੱਲੋਂ ਕੰਗਮ ਸਿੰਘ ਨਾਮ ਦੇ ਤਸਕਰ ਦੀ 15.72 ਲੱਖ ਦੀ, ਡੀਐੱਸਪੀ ਰਘਬੀਰ ਸਿੰਘ ਦੀ ਅਗਵਾਈ ਹੇਠ ਥਾਣਾ ਖੇੜੀ ਗੰਡਿਆਂ ਦੀ ਪੁਲੀਸ ਨੇ ਸ਼ੀਸ਼ਾ ਸਿੰਘ ਦੀ 31 ਲੱਖ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਹੈ । ਰਾਜਪੁਰਾ ਪੁਲੀਸ ਨੇ ਅਜੇ ਕੁਮਾਰ ਤੇ ਹੋਰਾਂ ਦੀ 5.56 ਲੱਖ ਦੀ, ਸਮਾਣਾ ਪੁਲੀਸ ਨੇ ਅਮਰਜੀਤ ਕੌਰ ਨਾਮ ਦੀ ਤਸਕਰ ਦੀ 27 ਲੱਖ ਦੀ ਅਤੇ ਕੋਤਵਾਲੀ ਨਾਭਾ ਪੁਲੀਸ ਨੇ ਹਰਪ੍ਰੀਤ ਸਿੰਘ ਨਾਮੀ ਤਸਕਰ ਦੀ 34.80 ਲੱਖ ਦੀ ਜਾਇਦਾਦ ਜ਼ਬਤ ਕੀਤੀ ਹੈ। ਜ਼ਿਲ੍ਹਾ ਪੁਲੀਸ ਮੁਖੀ ਵਰੁਣ ਸ਼ਰਮਾ ਦਾ ਕਹਿਣਾ ਸੀ ਕਿ ਭਾਵੇਂ ਨਸ਼ਾ ਤਸਕਰਾਂ ਖ਼ਿਲਾਫ਼ ਪਹਿਲਾਂ ਹੀ ਸਖ਼ਤ ਕਾਰਵਾਈ ਕੀਤੀ ਜਾ ਰਹੀ ਸੀ, ਪਰ ਮੁੱਖ ਮੰਤਰੀ ਤੇ ਡੀਜੀਪੀ ਵੱਲੋਂ ਇੱਕ ਸਾਲ ’ਚ ਨਸ਼ਾ ਖਤਮ ਕਰਨ ਦੇ ਮਿਥੇ ਟੀਚੇ ਦੇ ਚੱਲਦਿਆਂ, ਹੁਣ ਸ਼ਿਕੰਜਾ ਹੋਰ ਕੱਸ ਦਿੱਤਾ ਗਿਆ ਹੈ।
ਸੰਗਰੂਰ ਪੁਲੀਸ ਵੱਲੋਂ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਸੰਗਰੂਰ ਪੁਲੀਸ ਵੱਲੋਂ 3 ਨਸ਼ਾ ਤਸਕਰਾਂ ਦੀ ਕਰੀਬ ਇੱਕ ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਜ਼ਿਲ੍ਹਾ ਪੁਲੀਸ ਮੁਖੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਐਨ.ਡੀ.ਪੀ.ਐਸ.ਐਕਟ ਦੇ ਤਹਿਤ ਨਸ਼ਾ ਤਸਕਰਾਂ ਦੇ ਖ਼ਿਲਾਫ਼ ਸਮਰੱਥ ਅਥਾਰਟੀ ਦਿੱਲੀ ਦੇ ਆਦੇਸ਼ਾਂ ਨਾਲ 3 ਨਸ਼ਾ ਤਸਕਰਾਂ ਦੀ ਕਰੀਬ 1 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ ਜਿਸ ਵਿਚ ਮਕਾਨ, ਵਾਹੀਯੋਗ ਜ਼ਮੀਨ ਅਤੇ ਵਾਹਨ ਸ਼ਾਮਲ ਹਨ। ਐਸ.ਐਸ.ਪੀ. ਸੁਰੇਂਦਰ ਲਾਂਬਾ ਨੇ ਦੱਸਿਆ ਕਿ ਨਸ਼ਿਆਂ ਦੀ ਰੋਕਥਾਮ ਲਈ ਹੈਲਪਲਾਈਨ ਨੰਬਰ 80541-12112 ਜਾਰੀ ਕੀਤਾ ਗਿਆ ਹੈ ਜਿਸ ’ਤੇ ਕੋਈ ਵੀ ਵਿਅਕਤੀ ਫੋਨ ਕਰਕੇ ਨਸ਼ਾ ਵੇਚਣ ਵਾਲੇ ਸਬੰਧੀ ਜਾਣਕਾਰੀ ਦੇ ਸਕਦਾ ਹੈ ਜਿਸ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ।