ਹਾਰ ਹੁੰਦੀ ਦੇਖ ਵੋਟਰ ਪਰਚੀਆਂ ਪਾੜੀਆਂ!
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 17 ਅਕਤੂਬਰ
ਪਿੰਡ ਰਾਮਗੜ੍ਹ ਸਿਵੀਆਂ ਦੇ ਗਿਣਤੀ ਕੇਂਦਰ ’ਚ ਸਰਪੰਚ ਲਈ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਚੱਲ ਰਿਹਾ ਸੀ ਤਾਂ ਅਚਨਚੇਤ ਪੁਲੀਸ ਮੁਲਾਜ਼ਮਾਂ ਤੇ ਡਿਊਟੀ ’ਤੇ ਤਾਇਨਾਤ ਸਟਾਫ਼ ਦੀ ਹਾਜ਼ਰੀ ਵਿੱਚ ਸਰਪੰਚ ਦੇ ਅਹੁਦੇ ਲਈ ਖੜ੍ਹੇ ਇੱਕ ਉਮੀਦਵਾਰ ਨੇ ਵੋਟ ਪਰਚੀਆਂ ਪਾੜ ਦਿੱਤੀਆਂ। ਪੁਲੀਸ ਮੁਲਾਜ਼ਮਾਂ ਨੇ ਵਿਅਕਤੀ ਨੂੰ ਕਾਬੂ ਤਾਂ ਕਰ ਲਿਆ ਪਰ ਉਦੋਂ ਤਕ ਉਹ ਕਾਫ਼ੀ ਪਰਚੀਆਂ ਪਾੜ ਚੁੱਕਾ ਸੀ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਪੀਆਰਓ ਨਰਿੰਦਰਪਾਲ ਸਿੰਘ ਬੂਥ 39 ਰਾਮਗੜ੍ਹ ਸਿਵੀਆਂ ਨੇ ਥਾਣਾ ਰਾਏਕੋਟ ਸਦਰ ’ਚ ਇੰਦਰਪਾਲ ਸਿੰਘ ਖ਼ਿਲਾਫ਼ ਇਹ ਕੇਸ ਦਰਜ ਕਰਵਾਇਆ ਹੈ।
ਇਸ ਸਬੰਧੀ ਪੀਆਰਓ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੰਚ-ਸਰਪੰਚ ਦੀਆਂ ਵੋਟਾਂ ਪੈਣ ਮੌਕੇ ਉਹ ਪਿੰਡ ਰਾਮਗੜ੍ਹ ਸਿਵੀਆਂ ’ਚ ਮੌਜੂਦ ਸਨ। ਬੂਥ ਨੰਬਰ 39 ’ਤੇ ਵੋਟਾਂ ਦੀ ਗਿਣਤੀ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਸੀ। ਟਰੈਕਟਰ ਚੋਣ ਨਿਸ਼ਾਨ ਵਾਲੇ ਇੰਦਰਪਾਲ ਸਿੰਘ ਨੂੰ 371 ਵੋਟਾਂ ਪਈਆਂ ਜਦਕਿ ਉਸਦੇ ਵਿਰੋਧ ’ਚ ਖੜ੍ਹੇ ਅੰਮ੍ਰਿਤਪਾਲ ਸਿੰਘ ਨੂੰ 461 ਵੋਟਾਂ ਪਈਆਂ। ਇਸੇ ਦੌਰਾਨ ਜਿਵੇਂ ਹੀ ਵੋਟਾਂ ਘੱਟ ਨਿੱਕਲਣ ਅਤੇ ਹਾਰ ਜਾਣ ਦਾ ਪਤਾ ਲੱਗਿਆ ਤਾਂ ਇੰਦਰਪਾਲ ਸਿੰਘ ਨੇ ਬੈਲਟ ਪੇਪਰ ਚੁੱਕ ਲਏ ਤੇ ਪਾੜ ਕੇ ਸੁੱਟ ਦਿੱਤੇ। ਇਸ ਤਰ੍ਹਾਂ ਵੋਟਾਂ ਦੀ ਗਿਣਤੀ ਦਾ ਸਾਰਾ ਕੰਮ ਪ੍ਰਭਾਵਿਤ ਹੋਇਆ।
ਥਾਣਾ ਸਦਰ ਰਾਏਕੋਟ ਦੇ ਏਐੱਸਆਈ ਪਰਮਜੀਤ ਸਿੰਘ ਨੇ ਇਹ ਮਾਮਲਾ ਦਰਜ ਹੋਣ ਦੀ ਪੁਸ਼ਟੀ ਕਦਿਆਂ ਦੱਸਿਆ ਕਿ ਇੰਦਰਪਾਲ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਇੰਦਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਜੁਡੀਸ਼ਲ ਰਿਮਾਂਡ ’ਤੇ ਜੇਲ੍ਹ ਭੇਜਣ ਦੇ ਹੁਕਮ ਸੁਣਾਏ ਹਨ।