ਪੱਕੀ ਖੇਤੀ ਵੇਖ ਕੇ...
ਪ੍ਰੋ. ਕੇ ਸੀ ਸ਼ਰਮਾ
ਧਨੀ ਰਾਮ ਚਾਤ੍ਰਿਕ ਬਹੁਮੁਖੀ ਪ੍ਰਤਿਭਾ ਦੇ ਮਾਲਕ ਸਨ। ਉਨ੍ਹਾਂ ਨੇ ਨਾ ਕੇਵਲ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਵਜੋਂ ਅਤੁਲ ਦੇਣ ਦਿੱਤੀ ਸਗੋਂ ਉਨ੍ਹਾਂ ਨੇ ਕਈ ਸਮਾਜਿਕ ਅਤੇ ਆਰਥਿਕ ਪਹਿਲੂਆਂ ’ਤੇ ਵੀ ਰੋਸ਼ਨੀ ਪਾਈ। ਉਨ੍ਹਾਂ ਆਪਣੀਆਂ ਕਵਿਤਾਵਾਂ ਵਿਚ ਕੁਦਰਤੀ ਆਫਤਾਂ ਕਾਰਨ ਖੇਤੀਬਾੜੀ ਵਿਚ ਅਨਿਸ਼ਚਿਤਤਾ ਅਤੇ ਨੁਕਸਾਨ ਦਾ ਜੋ ਚਿਤਰਨ ਕੀਤਾ ਹੈ, ਉਹ ਅੱਜ ਵੀ ਸਹੀ ਹੈ।
ਸੱਠਵਿਆਂ ਵਿਚ ਕਾਲਜ ਜਾਣ ਤੋਂ ਪਹਿਲਾਂ ਮੈਂ ਅਰਥ ਵਿਗਿਆਨ ਦੇ ਵਿਸ਼ੇ ਬਾਰੇ ਕਦੇ ਸੁਣਿਆ ਵੀ ਨਹੀਂ ਸੀ। ਇਕ ਦੋਸਤ ਦੇ ਕਹਿਣ ’ਤੇ ਮੈਂ ਇਹ ਵਿਸ਼ਾ ਪਰੈੱਪ ਵਿਚ ਲੈ ਲਿਆ। ਖੁਸ਼ਕਿਸ਼ਮਤੀ ਨਾਲ ਕਾਲਜ ਵਿਚ ਇਹ ਵਿਸ਼ਾ ਵਿਦਵਾਨ ਪ੍ਰਿੰਸੀਪਲ ਸਾਹਿਬ ਖੁਦ ਪੜ੍ਹਾਉਂਦੇ ਸਨ। ਭਾਰਤੀ ਅਰਥ ਵਿਵਸਥਾ ਬਾਰੇ ਸਾਨੂੰ ਦੱਸਿਆ ਜਾਂਦਾ ਸੀ ਕਿ ਭਾਰਤ ‘ਖੇਤੀ ਪ੍ਰਧਾਨ ਦੇਸ਼’ ਹੈ ਅਤੇ ਸਾਡਾ ਬਜਟ ‘ਮੌਨਸੂਨ ਨਾਲ ਜੂਆ’ ਹੈ। ਇਸ ਦਾ ਮਤਲਬ ਸਿੰਜਾਈ ਲਈ ਅਸੀਂ ਮੀਂਹ ’ਤੇ ਨਿਰਭਰ ਕਰਦੇ ਸੀ। ਇਹ ਠੀਕ ਵੀ ਸੀ। ਘੱਟ ਮੀਂਹ ਵਾਲੇ ਸਾਲ ਮੇਰੀ ਆਪਣੀ ਬਰਾਨੀ ਜ਼ਮੀਨ ਵਿਚ ਘੱਟ ਝਾੜ ਵਾਲੀ ਵੇਝੜ (ਕਣਕ ਤੇ ਛੋਲਿਆਂ ਦੀ ਰਲੇਵੀਂ) ਅਤੇ ਬੇਰੜਾ (ਜੌਂ ਤੇ ਛੋਲਿਆਂ ਦੀ ਰਲੇਵੀਂ) ਫਸਲ ਹੀ ਹੁੰਦੀ ਸੀ।
ਪਿਛਲੇ ਕਈ ਦਹਾਕਿਆਂ ਤੋਂ ਡੈਮਾਂ, ਦਰਿਆਵਾਂ, ਨਹਿਰਾਂ ਦੇ ਵਿਕਾਸ ਦੇ ਨਾਲ-ਨਾਲ ਟਿਊਬਵੈੱਲਾਂ ਦੁਆਰਾ ਧਰਤੀ ਹੇਠਲੇ ਪਾਣੀ ਰਾਹੀਂ ਸਿੰਜਾਈ ਦੇ ਸਾਧਨਾਂ ਵਿਚ ਬਹੁਤ ਵਾਧਾ ਹੋਇਆ ਹੈ। ਮਸ਼ੀਨਰੀ, ਰਸਾਇਣਾਂ ਦੀ ਵਰਤੋਂ, ਸੋਧੇ ਬੀਜ ਅਤੇ ਹਾਈਬ੍ਰਿਡ ਖੇਤੀਬਾੜੀ ਨਾਲ ਪੰਜਾਬ ਵਿਚ ਉਤਪਾਦਨ ਵੀ ਬਹੁਤ ਵਧਿਆ। ਹੈ। ਪੰਜਾਬ ਵਿਚ ਭਾਵੇਂ ਦੇਸ਼ ਦਾ 1.5 ਫੀਸਦ ਰਕਬਾ ਹੀ ਫਸਲਾਂ ਹੇਠ ਆਉਂਦਾ ਹੈ ਪਰ ਪੰਜਾਬ ਦਾ ਅੰਨਦਾਤਾ ਕੇਂਦਰੀ ਪੂਲ ਵਿਚ ਸਭ ਤੋਂ ਵੱਧ ਯੋਗਦਾਨ ਦਿੰਦਾ ਹੈ। ਅੱਜ ਦੇਸ਼ ਅੰਨ ਬਰਾਮਦ ਕਰ ਕੇ ਵਿਦੇਸ਼ੀ ਮੁਦਰਾ ਵੀ ਕਮਾ ਰਿਹਾ ਹੈ।
ਕੀ ਇਸ ਕਿਸਮ ਦੇ ਵਾਧੇ ਹੁੰਦੇ ਹੋਏ, ਫਸਲਾਂ ਨੂੰ ਢਾਹ ਲਾਉਣ ਵਾਲੀਆਂ ਕੁਦਰਤੀ ਆਫਤਾਂ ਬਾਰੇ ਚਾਤ੍ਰਿਕ ਦੀ ਚਿਤਾਵਨੀ ਅੱਜ ਤਰਕਹੀਣ ਹੋ ਗਈ ਹੈ। ਬਿਲਕੁਲ ਨਹੀਂ! ਕਈ ਦਹਾਕੇ ਪਹਿਲੇ ਲਿਖੀਆਂ ਉਨ੍ਹਾਂ ਦੀਆਂ ਸਤਰਾਂ- “ਪੱਕੀ ਖੇਤੀ ਵੇਖ ਕੇ ਗਰਬ ਕਰੇ ਕਿਰਸਾਨ, ਵਾਓਂ ਝੱਖੜ ਝੋਲਿਓਂ/(ਗਡਿ਼ਓਂ, ਅਹਿਣੋਂ, ਕੁੰਗੀਓਂ) ਘਰ ਆਵੇ ਤਾਂ ਜਾਣ” ਅੱਜ ਵੀ ਸੋਲਾਂ ਆਨੇ ਸੱਚ ਹਨ। ਇੱਥੇ ਝੱਖੜ ਝੋਲੇ ਮੌਸਮ ਦੀ ਬਦਮਿਜ਼ਾਜੀ ਦੇ ਸੂਚਕ ਹਨ। ‘ਅਹਿਣ’ ਫਸਲੀ ਕੀੜੇ, ਕੀਟਾਣੂ ਅਤੇ ‘ਕੁੰਗੀ’ ਉੱਲੀ ਆਦਿ ਬੀਮਾਰੀਆਂ ਵੱਲ ਇਸ਼ਾਰਾ ਕਰਦੇ ਹਨ।
ਦਰਅਸਲ, ਮੌਸਮ ਦੀ ਬਦਮਿਜ਼ਾਜੀ ਸਭ ਤੋਂ ਜ਼ਿਆਦਾ ਮਾਰੂ ਹੈ। ਅੱਜ ਵੀ ਬਜਟ ਬਣਾਉਂਦੇ ਸਮੇਂ ਵਿੱਤ ਮੰਤਰੀ ਮੌਨਸੂਨ ਬਾਰੇ ਮੌਸਮ ਵਿਭਾਗ ਦੀ ਪੇਸ਼ੀਨਗੋਈ ਦਾ ਪੂਰਾ ਧਿਆਨ ਰੱਖਦੇ ਹਨ। ਅੱਛਾ ਅਤੇ ਮੌਸਮੀ ਮੀਂਹ ਬਹੁਤ ਲਾਭਦਾਇਕ ਹੈ। ਬਿਜਲੀ ਤੇ ਡੀਜ਼ਲ ਦਾ ਖ਼ਰਚਾ ਘਟ ਜਾਂਦਾ ਹੈ। ਧਰਤੀ ਹੇਠਲੇ ਪਾਣੀ ਦਾ ਭੰਡਾਰ ਵੀ ਰੀਚਾਰਜ ਹੋ ਜਾਂਦਾ ਹੈ। ਜਨਵਰੀ ਵਿਚ ਤਾਂ ਮੀਂਹ ਫਸਲਾਂ ਲਈ ਘਿਓ ਵਾਂਗ ਲੱਗਦਾ ਹੈ ਪਰ ਮੌਨਸੂਨ ਦੀ ਅਨਿਸ਼ਚਿਤਤਾ ਅਤੇ ਘੱਟ, ਬੇਮੌਸਮਾ ਤੇ ਜ਼ਿਆਦਾ ਮੀਂਹ ਬਹੁਤ ਨੁਕਸਾਨ ਕਰਦੇ ਹਨ। ਮੀਂਹ ਦੀ ਕਮੀ, ਸੋਕੇ, ਕਾਲ, ਭੁੱਖਮਰੀ ਨੂੰ ਜਨਮ ਦਿੰਦੀ ਹੈ। 2002, 2015, 2016 ਦੇ ਸੋਕੇ
ਕੋਈ ਭੁੱਲ ਨਹੀਂ ਸਕਦਾ। ਇਸ ਸਾਲ ਵੀ ਔਸਤਨ ਮੀਂਹ ਬਹੁਤ ਘੱਟ ਪਿਆ। ਪਿਛਲੇ ਸਾਲ ਦੇ ਕੁਝ ਅੰਕਡਿ਼ਆਂ ਅਨੁਸਾਰ ਦੱਖਣ ਦੇ ਦਰਿਆਈ ਪਾਣੀ ਦੇ 150 ਭੰਡਾਰਾਂ ਵਿਚ ਉਸ ਤੋਂ ਪਿਛਲੇ ਸਾਲ ਨਾਲੋਂ 20 ਫੀਸਦ ਪਾਣੀ ਘਟ ਗਿਆ। ਇਸ ਨਾਲ ਦਾਲਾਂ ਅਤੇ ਤੇਲ ਬੀਜਾਂ ਦੀ ਉਪਜ ਉੱਪਰ ਬੁਰਾ ਅਸਰ ਪੈਣ ਦਾ ਖਦਸ਼ਾ ਹੈ।
ਇਸ ਦੇ ਉਲਟ ਜ਼ਿਆਦਾ ਅਤੇ ਬੇਮੌਸਮੇ ਮੀਂਹ ਤਬਾਹੀ ਦੇ ਕਾਰਨ ਬਣਦੇ ਹਨ। ਪਿਛਲੇ ਸਾਲ ਪੰਜਾਬ ਵਿਚ ਜ਼ਿਆਦਾ ਮੀਂਹ ਕਰ ਕੇ ਹੜ੍ਹਾਂ ਨੇ ਬੇਅੰਤ ਫਸਲਾਂ ਬਰਬਾਦ ਕਰ ਦਿੱਤੀਆਂ। ਫਸਲ ਪੱਕਣ ਵੇਲੇ ਬੇਮੌਸਮਾ ਮੀਂਹ ਅਤੇ ਝੱਖੜ ਝੋਲਿਆਂ ਕਾਰਨ ਫਸਲਾਂ ਵਿਛ ਜਾਂਦੀਆਂ ਹਨ ਅਤੇ ਝਾੜ ਘਟ ਜਾਂਦਾ ਹੈ।
ਕੁਦਰਤੀ ਆਫ਼ਤਾਂ ਵਿਚ ਅਹਿਣ (ਟਿੱਡੀ ਦਲ) ਫਸਲਾਂ ਉੱਤੇ ਕੀਟਾਣੂਆਂ ਅਤੇ ਕੀੜਿਆਂ ਦੇ ਹਮਲੇ ਦਾ ਸੂਚਕ ਹੈ। ਟਿੱਡੀ ਦਲ ਦੇਖਦੇ ਹੀ ਦੇਖਦੇ ਖੇਤਾਂ ਦੇ ਖੇਤ ਖਾਲੀ ਕਰ ਦਿੰਦਾ ਹੈ। ਇਸੇ ਤਰ੍ਹਾਂ ਅਣਗਿਣਤ ਕੀਟਾਣੂ ਜਿਵੇਂ ਚਿੱਟੀ ਮੱਖੀ, ਹਰਾ ਤੇਲਾ, ਗੁਲਾਬੀ ਸੁੰਡੀ, ਪੀਲੀ ਜੂੰਅ, ਸਫੇਦ-ਪਿੱਠਾ ਟਿੱਡਾ ਆਦਿ ਫਸਲਾਂ, ਸਬਜ਼ੀਆਂ ਅਤੇ ਫਲਾਂ ਦਾ ਘਾਣ ਕਰ ਦਿੰਦੇ ਹਨ। 2022 ਵਿਚ ਗੁਲਾਬੀ ਸੁੰਡੀ ਦੇ ਨਰਮੇ ਉੱਤੇ ਹਮਲੇ ਨੇ ਕਿਸਾਨਾਂ ਨੂੰ ਬਹੁਤ ਝੰਬਿਆ। ਕੁੰਗੀ ਫਸਲਾਂ ਉੱਤੇ ਕਾਲੀ ਉੱਲੀ ਅਤੇ ਹੋਰ ਬਿਮਾਰੀਆਂ ਦੇ ਖ਼ਤਰਿਆਂ ਬਾਰੇ ਆਗਾਹ ਕਰਦੀ ਹੈ। ਇਨ੍ਹਾਂ ਤੋਂ ਇਲਾਵਾ ਰਸਾਇਣਕ ਖਾਦਾਂ ਦੀ ਜ਼ਿਆਦਾ ਵਰਤੋਂ ਕਰ ਕੇ ਨਦੀਣਾਂ ਵਿਚ ਬਹੁਤ ਵਾਧਾ ਹੋਇਆ ਹੈ। ਇਨ੍ਹਾਂ ਤੋਂ ਬਚਣ ਲਈ ਕਿਸਾਨਾਂ ਨੂੰ ਜ਼ਹਿਰੀਲੇ ਕੀਟਨਾਸ਼ਕਾਂ ਦੇ ਛਿੜਕਾਅ ’ਤੇ ਬਹੁਤ ਪੈਸਾ ਖਰਚਣਾ ਪੈਂਦਾ ਹੈ। ਇਸੇ ਤਰ੍ਹਾਂ ਕੁਝ ਆਫਤਾਂ ਪਸ਼ੂ ਧਨ ’ਤੇ ਹਮਲਾ ਕਰਦੀਆਂ ਹਨ ਜਿਨ੍ਹਾਂ ਵਿਚ ਮੂੰਹ-ਖੁਰ ਦੀ ਬਿਮਾਰੀ ਆਮ ਹੈ। 2022 ਵਿਚ ਚਮੜੀ ਦੇ ਗੰਢ ਰੋਗ ਨੇ ਪਸ਼ੂਆਂ ਦਾ ਬਹੁਤ ਨੁਕਸਾਨ ਕਰ ਦਿੱਤਾ ਸੀ।
ਫਿਰ ਇਨ੍ਹਾਂ ਆਫਤਾਂ ਦਾ ਹੱਲ ਕੀ ਹੈ? ਅਸੀਂ ਇਨ੍ਹਾਂ ਨੂੰ ਰੋਕ ਤਾਂ ਨਹੀਂ ਸਕਦੇ ਪਰ ਇਨ੍ਹਾਂ ਤੋਂ ਹੋਣ ਵਾਲੇ ਨੁਕਸਾਨ ਘੱਟ ਕਰਨ ਲਈ ਕੁਝ ਯਤਨ ਕਰ ਸਕਦੇ ਹਾਂ। ਦੂਰਦਰਸ਼ੀ ਯੋਜਨਾਵਾਂ ਦੁਆਰਾ ਹੜ੍ਹਾਂ ਦੀ ਰੋਕਥਾਮ ਕਰ ਕੇ ਅੰਮ੍ਰਿਤ ਰੂਪੀ ਪਾਣੀ ਦੀ ਠੀਕ ਵਰਤੋਂ ਕੀਤੀ ਜਾ ਸਕਦੀ ਹੈ। ਸੋਕੇ ਤੇ ਜ਼ਮੀਨ ਖੁਰਨ ਤੋਂ ਬਚਾਅ ਲਈ ਦਰੱਖਤ ਲਾਉਣੇ ਚਾਹੀਦੇ ਹਨ। ਬਾਕੀ ਆਫਤਾਂ ਲਈ ਕਿਸਾਨਾਂ ਨੂੰ ਫਸਲੀ ਬੀਮਾ ਯੋਜਨਾਵਾਂ ਬਾਰੇ ਪ੍ਰੇਰ ਸਕਦੇ ਹਾਂ। ਪ੍ਰਧਾਨ ਮੰਤਰੀ ਫਸਲੀ ਬੀਮਾ ਯੋਜਨਾ ਅੰਦਰ ਕਿਸਾਨਾਂ ਨੂੰ ਬੀਮਾ ਰਾਸ਼ੀ ਦਾ ਸਿਰਫ 1.3 ਫੀਸਦ ਹੀ ਦੇਣਾ ਹੁੰਦਾ ਹੈ। ਕੁਝ ਅੰਕਡਿ਼ਆਂ ਅਨੁਸਾਰ ਪਿਛਲੇ ਛੇ ਸਾਲਾਂ ਵਿਚ ਕਿਸਾਨਾਂ ਨੇ ਬੀਮੇ ਉੱਤੇ 25185 ਕਰੋੜ ਖਰਚ ਕੇ 1.26 ਟ੍ਰਿਲੀਅਨ ਦੇ ਕਲੇਮ ਵਸੂਲੇ। ਕੁਝ ਕਾਰਨਾਂ ਕਰ ਕੇ ਇਹ ਯੋਜਨਾ ਹੋਰ ਸੂਬਿਆਂ ਸਮੇਤ ਪੰਜਾਬ ਵਿਚ ਲਾਗੂ ਨਹੀਂ ਹੋ ਸਕੀ। ਦੇਸ਼ ਵਿਚ ਕੁਦਰਤੀ ਆਫਤਾਂ ਤੋਂ ਬਚਾਅ ਲਈ ਵਿਆਪਕ ਨੀਤੀ ਦੀ ਜ਼ਰੂਰਤ ਹੈ। ਐਸਾ ਹੋਣ ’ਤੇ ਹੀ ਸਾਡੇ ਰੰਗਲੇ ਪੰਜਾਬ ਵਿਚ ਖੇਡਿ਼ਆਂ ਦਾ ਰੰਗ ਵਾਪਸ ਆ ਸਕਦਾ ਹੈ ਅਤੇ ਕਿਸਾਨ ਦੇ ਵਿਸਾਖੀ ਦੇ ਦਮਾਮਿਆਂ ਵਿਚ ਖੁਸ਼ੀ ਦੀ ਝਲਕ ਮਿਲ ਸਕਦੀ ਹੈ।
ਸੰਪਰਕ: 95824-28184