ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚਿੱਤਰਕਾਰ ਦੀਆਂ ਨਜ਼ਰਾਂ ਰਾਹੀਂ ‘ਸਾਹਿਬਜ਼ਾਦੇ’ ਵੇਖਦਿਆਂ

07:28 AM Dec 22, 2024 IST
ਚਿੱਤਰਕਾਰ ਅਵਤਾਰ ਸਿੰਘ ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਬਣਾਇਆ ਗਿਆ ਚਿੱਤਰ।

 

Advertisement

ਜਗਤਾਰਜੀਤ ਸਿੰਘ

ਚਿੱਤਰਕਾਰ ਅਵਤਾਰ ਸਿੰਘ ਦਾ ਚਿਤਰਿਆ ਛੋਟੇ ਸਾਹਿਬਜ਼ਾਦਿਆਂ ਦਾ ਇਹ ਚਿੱਤਰ ਨਵੇਂ ਮੁਹਾਂਦਰੇ ਵਾਲਾ ਹੈ। ਡਟ ਕੇ ਸੋਚਣਾ ਅਤੇ ਸੋਚੇ ਕੰਮ ਨੂੰ ਵਿਹਾਰ ਵਿੱਚ ਬਦਲਣਾ ਆਸਾਨ ਨਹੀਂ। ਫਿਰ ਵੀ ਅਜਿਹਾ ਕਰਨ ਵਾਲਾ ਕੋਈ ਨਾ ਕੋਈ ਸ਼ਖ਼ਸ ਉੱਭਰ ਕੇ ਸਾਹਮਣੇ ਆ ਹੀ ਜਾਂਦਾ ਹੈ। ਅਜਿਹਾ ਕੰਮ ਦੇਖਣ ਵਾਲੇ ਦੇ ਮਨ ਨੂੰ ਚਿਰ ਤੱਕ ਆਪਣੇ ਨਾਲ ਜੋੜੀ ਰੱਖਦਾ ਹੈ।
ਇਹ ਲਘੂ ਚਿੱਤਰ ‘ਸਾਹਿਬਜ਼ਾਦੇ’ ਛੋਟੇ ਸ਼ਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਗੱਲ ਕਰ ਰਿਹਾ ਹੈ, ਪਰ ਉਸ ਤਰ੍ਹਾਂ ਨਹੀਂ ਜਿਵੇਂ ਸਿੱਖ ਸਮਾਜ ਦੀ ਅੱਖ ਚਿਰਾਂ ਤੋਂ ਦੇਖਦੀ ਆ ਰਹੀ ਹੈ। ਤਸਵੀਰ ਵਿਚਲੀਆਂ ਤਬਦੀਲੀਆਂ ਦੋ ਚਾਰ ਨਹੀਂ ਸਗੋਂ ਪੂਰਾ ਤੌਰ ਤਰੀਕਾ ਹੀ ਬਦਲਿਆ ਹੋਇਆ ਹੈ। ਭਿੰਨਤਾ/ਬਦਲਾਅ ਦੀ ਪਹਿਲੀ ਇਕਾਈ ਵਾਤਾਵਰਣ ਲਿਆ ਜਾ ਸਕਦਾ ਹੈ। ਦੂਜਾ, ਇੱਥੇ ਸਾਹਿਬਜ਼ਾਦਿਆਂ ਦੁਆਲੇ ਹਾਕਮ ਧਿਰ ਦੇ ਕਰਿੰਦਿਆਂ ਦਾ ਹਜੂਮ ਨਹੀਂ। ਨਾ ਕੋਈ ਕੁਰਾਨ ਦੇਖ ਕੇ ਹੁਕਮ ਦੇਣ ਵਾਲਾ ਹੈ ਅਤੇ ਨਾ ਹੀ ਕਹੇ ’ਤੇ ਅਮਲ ਕਰਨ ਕਰਵਾਉਣ ਵਾਲਾ ਨੌਕਰ। ਕਹਿ ਸਕਦੇ ਹਾਂ ਕਿ ਚਿਤੇਰੇ ਨੇ ਵਿਰੋਧੀ ਧਿਰ ਨੂੰ ਤਸਵੀਰ ਅੰਦਰੋਂ ਪੂਰੀ ਤਰ੍ਹਾਂ ਬਾਹਰ ਕਰ ਦਿੱਤਾ ਹੈ। ਉਸ ਨੇ ਸਿੱਖ ਸ਼ਰਧਾਲੂਆਂ ਨੂੰ ਵੀ ਇੱਥੇ ਥਾਂ ਨਹੀਂ ਦਿੱਤੀ। ਤੀਜਾ, ਦ੍ਰਿਸ਼ ਅਨੁਸਾਰ ਛੋਟੇ ਸਾਹਿਬਜ਼ਾਦੇ ਦੀਵਾਰ ਵਿੱਚ ਨਹੀਂ ਖੜ੍ਹੇ। ਉਹ ਉਸ ਤੋਂ ਮੁਕਤ ਹਨ, ਪਰ ਉਨ੍ਹਾਂ ਦੇ ਪਿਛੋਕੜ ਵਿੱਚ ਚੌੜੀ-ਉੱਚੀ ਮਜ਼ਬੂਤ ਦੀਵਾਰ ਜ਼ਰੂਰ ਹੈ। ਉਨ੍ਹਾਂ ਦੇ ਸਰੀਰ, ਦੀਵਾਰ ਦੀ ਹੋਂਦ ਦੇ ਬਾਵਜੂਦ, ਪੂਰੇ ਦੇ ਪੂਰੇ ਨਜ਼ਰ ਆ ਰਹੇ ਹਨ।
ਕਹਿ ਸਕਦੇ ਹਾਂ ਕਿ ਚਿੱਤਰਕਾਰ ਵਾਪਰੇ ਘਟਨਾਕ੍ਰਮ ਨੂੰ ਉਸ ਤਰ੍ਹਾਂ ਪੇਸ਼ ਨਹੀਂ ਕਰ ਰਿਹਾ ਜਿਵੇਂ ਦੂਸਰੇ ਚਿੱਤਰਕਾਰ ਕਰਦੇ ਰਹੇ ਹਨ। ਇਸ ਤਸਵੀਰ ਰਾਹੀਂ ‘ਸਮੇਂ ਦੀ ਭਾਵਨਾ’ ਨੂੰ ਵਿਆਪਕ ਪੱਧਰ ਉੱਪਰ ਬਿਆਨ ਕਰਨ ਦੀ ਹਿੰਮਤ ਕੀਤੀ ਹੈ। ਪੇਸ਼ ਹੋਏ ਮਾਹੌਲ ਦਾ ਆਪਣਾ ਤੇਜ ਹੈ, ਪ੍ਰਭਾਵ ਹੈ।
ਇਹ ਦ੍ਰਿਸ਼ ਹੀ ਵੱਖਰਾ ਨਹੀਂ, ਚਿੱਤਰ ਪ੍ਰਤੀ ਦ੍ਰਿਸ਼ਟੀਕੋਣ ਵੀ ਵੱਖਰਾ ਹੈ। ਘਟਨਾ ਵਾਪਰਨ ਦਾ ਸਥਾਨ ਸਰਹਿੰਦ ਹੈ, ਪਰ ਚਿੱਤਰਕਾਰ ਪ੍ਰਤੀਕਰਮ ਸਰੂਪ ਪੂਰੀ ਧਰਤੀ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ। ਕਿਸੇ ਦਾ ਵਿਚਾਰ ਹੋ ਸਕਦਾ ਹੈ ਕਿ ਇਹ ਪੇਸ਼ਕਾਰੀ ਇਕਪਾਸੜ, ਅੱਧ-ਅਧੂਰੀ ਹੈ। ਇਹ ਠੀਕ ਹੈ ਕਿ ਜ਼ਾਲਮ ਧਿਰ ਇੱਥੇ ਮੌਜੂਦ ਨਹੀਂ ਹੈ, ਪਰ ਇਸ ਕਾਰਨ ਜ਼ੁਲਮ ਦਾ ਪ੍ਰਭਾਵ ਘਟ ਨਹੀਂ ਜਾਂਦਾ।
ਇਸ ਦੇ ਮੁਕਾਬਲੇ ਸਾਹਿਬਜ਼ਾਦਿਆਂ ਦੇ ਆਪਣੇ ਧਰਮ ਪ੍ਰਤੀ ਦ੍ਰਿੜ੍ਹ ਵਿਸ਼ਵਾਸ ਨੂੰ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ। ਇਹ ਤਰੀਕਾ ਦਰਸ਼ਕ ਦੀ ਸੋਚ ਦੇ ਘੇਰੇ ਨੂੰ ਵਧਾਉਂਦਾ ਹੈ। ਇਹ ਦ੍ਰਿਸ਼ ਇੱਕ ਸਮੇਂ-ਸਥਾਨ ਨੂੰ ਚਿੰਨ੍ਹਤ ਨਹੀਂ ਕਰਦਾ। ਚਿਤੇਰਾ ਆਪਣੀ ਕਲਪਨਾ ਸ਼ਕਤੀ ਰਾਹੀਂ ਉਸ ਨੂੰ ਵਿਸਥਾਰ ਦਿੰਦਾ ਹੈ। ਇੱਕੋ ਸਮੇਂ ਅਨੇਕ ਇਕਾਈਆਂ ਨੂੰ ਨਾਲੋ-ਨਾਲ ਟਿਕਾਅ ਕੇ ਪੇਸ਼ਕਾਰੀ ਨੂੰ ਅਰਥਪੂਰਨ ਬਣਾਇਆ ਹੈ।
ਗੁਰੂ ਸਾਹਿਬ ਦੇ ਆਨੰਦਪੁਰ ਦਾ ਕਿਲਾ ਛੱਡਣ ਮਗਰੋਂ ਵਾਪਰੀਆਂ ਘਟਨਾਵਾਂ ਦੇ ਇਤਿਹਾਸਕ ਵੇਰਵਿਆਂ ਬਾਰੇ ਸਾਰੇ ਜਾਣਦੇ ਹਨ। ਇਹ ਸਾਰਾ ਕੁਝ ਜਾਣਦਿਆਂ ਅਵਤਾਰ ਸਿੰਘ ਦੀ ਰਚੀ ਤਸਵੀਰ ਦੇਖਦੇ ਹਾਂ ਤਾਂ ਇਸ ਵਿੱਚੋਂ ਕੁਝ ਇਕਾਈਆਂ ਨਦਾਰਦ ਲਗਦੀਆਂ ਹਨ ਅਤੇ ਕੁਝ ਨਵੀਆਂ ਇਕਾਈਆਂ ਸ਼ਾਮਿਲ ਹੁੰਦੀਆਂ ਹਨ।
ਤਸਵੀਰ ਉਸ ਪਰੰਪਰਾ ਤੋਂ ਹਟਵੀਂ ਹੈ ਜਿੱਥੇ ਦੋਵੇਂ ਸਾਹਿਬਜ਼ਾਦਿਆਂ ਦੁਆਲੇ ਉਸਾਰੀ ਜਾ ਰਹੀ ਕੰਧ ਉਨ੍ਹਾਂ ਦੀ ਛਾਤੀ ਤੱਕ ਪਹੁੰਚ ਰਹੀ ਹੈ। ਇੱਥੇ ਕੰਧ ਤਾਂ ਹੈ ਪਰ ਉਹ ਉਸ ਕੰਧ ਵਿੱਚ ਨਹੀਂ, ਉਸ ਤੋਂ ਮੁਕਤ ਹਨ। ਦੇਖਣ ਵਾਲੇ ਨੂੰ ਏਦਾਂ ਮਹਿਸੂਸ ਹੁੰਦਾ ਹੈ ਕਿਉਂਕਿ ਉਨ੍ਹਾਂ ਦੇ ਪੂਰੇ ਸਰੀਰ ਨਜ਼ਰੀਂ ਆ ਰਹੇ ਹਨ। ਉਹ ਕੇਸਰੀ ਲਿਬਾਸ ਵਿੱਚ ਸਜੇ ਹੋਏ ਜੈਕਾਰੇ ਲਗਾਉਣ ਦੀ ਮੁਦਰਾ ਵਿੱਚ ਹਨ। ਸਿੱਖ ਗੁਰੂ ਸਾਹਿਬਾਨ ਦੀ ਸਮੂਹਿਕ ਪਰੰਪਰਾ ਨੇ ਸਿੱਖ ਸੰਗਤ ਨੂੰ ‘ਚੜ੍ਹਦੀ ਕਲਾ’ ਵਿੱਚ ਰਹਿਣ ਦਾ ਸੁਨੇਹਾ ਦਿੱਤਾ ਹੈ। ਇਹ ਸੰਸਾਰ ਦੇ ਵਿਹਾਰਕ ਕੰਮ ਕਰਦਿਆਂ ਅਤੇ ਅਧਿਆਤਮਕ ਖੇਤਰ ਵਿੱਚ ਵਿਚਰਨ ਵਾਲਿਆਂ ਲਈ ਸਮ ਅਵਸਥਾ ਧਾਰੀ ਰੱਖਣ ਦੇ ਲਖਾਇਕ ਹਨ।
ਚਿੱਤਰ ਵਿੱਚ ਛੋਟੇ ਸਾਹਿਬਜ਼ਾਦਿਆਂ ਦੇ ਆਸ-ਪਾਸ ਕੋਈ ਨਹੀਂ। ਸ਼ਸਤਰਾਂ ਨਾਲ ਲੈਸ ਉਨ੍ਹਾਂ ਦੇ ਖੜ੍ਹੇ ਹੋਣ ਦਾ ਅੰਦਾਜ਼ ਦੱਸਦਾ ਹੈ ਕਿ ਉਹ ਭੈਅਭੀਤ ਨਹੀਂ ਹਨ। ਅਡੋਲ ਮਨ ਅਤੇ ਚਿੱਤ ਨੂੰ ਭੈਅ ਨਹੀਂ ਵਿਆਪਦਾ।
ਚਿਤੇਰਾ ਉਨ੍ਹਾਂ ਦੇ ਪੂਰੇ ਸਰੀਰ ਬਣਾ ਕੇ ਉਨ੍ਹਾਂ ਪ੍ਰਤੀ ਆਪਣਾ ਸਤਿਕਾਰ ਪ੍ਰਗਟ ਕਰ ਰਿਹਾ ਹੈ। ਲਾਲ ਇੱਟਾਂ ਦੀ ਉਸਾਰੀ ਦੀਵਾਰ ਅਪਾਰਦਰਸ਼ੀ ਨਹੀਂ। ਕੰਧ ਨੇ ਦੋ ਜੀਆਂ ਦਾ ਅੰਤ ਕਰ ਦਿੱਤਾ ਸੀ। ਇੱਥੇ ਕੰਧ ਦਾ ਪਾਰਦਰਸ਼ੀ ਹੋਣ ਦਾ ਭਾਵ ਇਹ ਹੈ ਕਿ ਇਸ ਬਿੰਦੂ ’ਤੇ ਖੜ੍ਹ ਕੇ ਸਿੱਖ ਆਪਣੇ ਇਤਿਹਾਸ ਨੂੰ ਆਰ ਪਾਰ ਦੇਖ ਸਕਦਾ ਹੈ। ਚਿੱਤਰ ਦਾ ਇਹ ਪੱਖ ਮਹੱਤਵਪੂਰਨ ਹੈ।
ਲਾਲ ਇੱਟਾਂ ਦਾ ਪ੍ਰਭਾਵ ਬਾਰੀਕ ਸਿਆਹ ਲਕੀਰ ਨਾਲ ਰਚਿਆ ਹੈ। ਇਹ ਵਿਚਾਲਿਓਂ ਸ਼ੁਰੂ ਹੋ ਕੇ ਧੁਰ ਉੱਪਰ ਤੱਕ ਜਾਂਦਾ ਹੈ। ਖੱਬੇ ਹੱਥ ਵੱਲ ਦੇ ਸਾਹਿਬਜ਼ਾਦੇ ਦਾ ਸੱਜਾ ਹੱਥ ਅਤੇ ਗਲ ਪਾਏ ਸਾਫ਼ੇ ਦਾ ਇੱਕ ਕੋਨਾ ਦੀਵਾਰ ਬਾਹਰਾ ਹੈ।
ਸਾਹਿਬਜ਼ਾਦਿਆਂ ਨੂੰ ਮੁਗ਼ਲ ਹਕੂਮਤ ਨੇ ਸਰੀਰਕ ਪੱਧਰ ’ਤੇ ਖ਼ਤਮ ਕਰ ਦਿੱਤਾ ਪਰ ਉਨ੍ਹਾਂ ਵੱਲੋਂ ਜ਼ੁਲਮ ਦੇ ਖ਼ਿਲਾਫ਼ ਖੜ੍ਹੇ ਹੋਣ ਦੇ ਵਿਹਾਰ ਸਦਕਾ ਉਨ੍ਹਾਂ ਦਾ ਨਾਮ ਲੋਕ ਮਨ ਵਿੱਚ ਸਦਾ ਲਈ ਵਸ ਗਿਆ। ਉਨ੍ਹਾਂ ਦੀ ਸ਼ਹਾਦਤ ਨੇ ਨਵੀਂ ਇਬਾਰਤ ਲਿਖੀ ਜਿਸ ਨੂੰ ਚਿਤੇਰਾ ਆਪਣੀ ਭਾਸ਼ਾ ਵਿੱਚ ਬਿਆਨਦਾ ਹੈ। ਤਸਵੀਰ ਦੇ ਸੱਜੇ ਵੱਲ ਇੱਕ ਸ਼ਖ਼ਸ ਹੱਥ ਜੋੜੀ ਖੜ੍ਹਾ ਹੈ। ਅਸਲ ਵਿੱਚ ਚਿਤੇਰੇ ਦੇ ਕਹੇ ਅਨੁਸਾਰ, ਉਹ ਖਾਲਸੇ ਦਾ ਪ੍ਰਤੀਕ ਹੈ ਜਿਹੜਾ ਧਰਤੀ ਵਿੱਚੋਂ ਪ੍ਰਗਟ ਹੋ ਰਿਹਾ ਹੈ।
ਤਸਵੀਰ ਦੇ ਖੱਬੇ ਵੱਲ ਵੱਡੇ ਰੁੱਖ ਥੱਲੇ ਬੈਠੇ, ਸਾਧ ਦੇ ਹੱਥ ਵਿੱਚ ਰਬਾਬ ਹੈ। ਇਹ ਗੁਰੂ ਨਾਨਕ ਦੇਵ ਜੀ ਦੀ ਸ਼ੁਰੂ ਕੀਤੀ ਬਾਣੀ ਗਾਇਨ ਪਰੰਪਰਾ ਨੂੰ ਅੱਗੇ ਤੋਰਨ ਦਾ ਸੰਕੇਤ ਹੈ। ਸੁਰ ਕੀਤੀ ਰਬਾਬ ਉੱਪਰ ਗਾਉਣ ਵਾਲੇ ਸ਼ਖ਼ਸ ਦੀਆਂ ਅੱਖਾਂ ਬੰਦ ਹਨ।
ਪੱਧਰੀ ਕੰਧ ਉੱਪਰ ਚਾਰ ਬਲ਼ਦੇ ਦੀਵੇ ਦਿਸ ਰਹੇ ਹਨ। ਇਹ ਇੱਕ ਬਰਾਬਰ ਨਹੀਂ। ਇਨ੍ਹਾਂ ਚਾਰਾਂ ਦਾ ਕ੍ਰਮ ਵੱਡੇ ਤੋਂ ਛੋਟੇ ਵੱਲ ਦਾ ਹੈ। ਇਹ ਸੰਕੇਤ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਵੱਲ ਹੈ। ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਚਮਕੌਰ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸਨ। ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਸਮੇਂ ਦੇ ਥੋੜ੍ਹੇ ਜਿਹੇ ਵਕਫ਼ੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਫਰਜ਼ੰਦ ਉਨ੍ਹਾਂ ਕੋਲ ਨਾ ਰਹੇ।
ਚਿੱਤਰਕਾਰ ਅਵਤਾਰ ਸਿੰਘ ਦਾ ਯਤਨ ਹੈ ਕਿ ਉਹ ਆਪਣੇ ਕੰਮ ਨੂੰ ਵਿਸਥਾਰ ਦੇਵੇ। ਇਸ ਲਈ ਉਹ ਨਵੀਂ ਜੁਗਤ ਘੜਦਾ ਹੈ। ਆਮ ਤੌਰ ’ਤੇ ਮਿਲਦੇ ਚਿੱਤਰ ਜ਼ਮੀਨ ਦੇ ਇੱਕ ਟੁਕੜੇ ਨੂੰ ਆਧਾਰ ਬਣਾਉਂਦੇ ਰਹੇ ਹਨ। ਕੁਝ ਕੁ ਚਿੱਤਰਕਾਰਾਂ ਦੇ ਕੰਮ ਵਿੱਚ ਸਰਹਿੰਦ ਕਿਲੇ ਦੀ ਫਸੀਲ ਅਤੇ ਉਹ ਬੁਰਜ ਵੀ ਨਜ਼ਰੀਂ ਆਉਂਦਾ ਹੈ ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਕੀਤਾ ਗਿਆ ਸੀ। ਉਹ ਥੋੜ੍ਹੇ ਬਹੁਤੇ ਫ਼ਰਕ ਨਾਲ ਆਪਣੇ ਕੰਮ ਨੂੰ ਇਤਿਹਾਸਕ ਛੋਹ ਦੇਣ ਦਾ ਉਪਰਾਲਾ ਕਰਦੇ ਹਨ। ਇਹ ਤਸਵੀਰ ਉਸ ਤਰ੍ਹਾਂ ਦੇ ਵਾਤਾਵਰਣ ਤੋਂ ਵੱਖਰੀ ਹੈ।
‘ਸਾਹਿਬਜ਼ਾਦੇ’ ਸਿਰਲੇਖ ਵਾਲੀ ਤਸਵੀਰ ਵਿੱਚ ਸਮੁੱਚੀ ਧਰਤੀ, ਪਾਣੀ, ਦਿਨ ਅਤੇ ਰਾਤ ਦੀ ਸ਼ਮੂਲੀਅਤ ਹੈ। ਅਵਤਾਰ ਸਿੰਘ ਆਪਣੇ ਕੰਮ ਦੀ ਸ਼੍ਰੇਸ਼ਟਤਾ ਵਧਾਉਣ ਲਈ ਭਾਰਤੀ ਮਿਥਿਹਾਸ ਦੇ ਇੱਕ ਵੇਰਵੇ ਨੂੰ ਵਰਤ ਰਿਹਾ ਹੈ। ਇਹ ਮਾਨਤਾ ਹੈ ਕਿ ਸਾਡੀ ਧਰਤੀ ਬੈਲ ਦੇ ਸਿੰਗ ਉੱਤੇ ਟਿਕੀ ਹੋਈ ਹੈ। ਜਦ ਇੱਕ ਪਾਸਾ ਥੱਕ ਜਾਂਦਾ ਹੈ ਤਾਂ ਉਹ ਧਰਤੀ ਨੂੰ ਦੂਸਰੇ ਸਿੰਗ ਉੱਤੇ ਟਿਕਾ ਲੈਂਦਾ ਹੈ। ਜਦ ਇਹ ਤਬਦੀਲੀ ਹੁੰਦੀ ਹੈ ਤਾਂ ਭੂਚਾਲ ਜ਼ੋਰ ਫੜ ਲੈਂਦੇ ਹਨ।
ਚਿੱਤਰਕਾਰ ਨੇ ਐਨ ਥੱਲੇ ਤਾਕਤਵਰ ਬੈਲ ਬਣਾਇਆ ਹੈ, ਧਰਤੀ ਉਸ ਦੇ ਸਿੰਗ ਉੱਪਰ ਟਿਕੀ ਹੋਈ ਨਹੀਂ ਸਗੋਂ ਵਿਚਲਿਤ ਹੋ ਕੇ ਉਹ ਥੋੜ੍ਹਾ ਪਿੱਛੇ ਨੂੰ ਖੜ੍ਹਾ ਹੋ ਗਿਆ ਹੈ। ਅਵਤਾਰ ਸਿੰਘ ਦਾ ਮਤ ਚਿੱਤਰ ’ਚੋਂ ਝਲਕਦਾ ਹੈ ਕਿ ਵੇਲੇ ਦੀ ਹਕੂਮਤ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਕੇ ਵੱਡਾ ਕੁਫ਼ਰ ਕਮਾਇਆ; ਜੋ ਪਾਪ ਕੀਤਾ ਗਿਆ ਉਸ ਦੇ ਅਸਰ ਤੋਂ ਧਰਤੀ ਹੇਠਲਾ ਬਲਦ ਵੀ ਬਚ ਨਾ ਸਕਿਆ। ਇਸ ਨਾਲ ਇੱਕ ਤੱਥ ਆ ਜੁੜਦਾ ਹੈ ਕਿ ਅਹਿੰਸਾ, ਜ਼ੁਲਮ, ਪਾਪ ਜਿਹੇ ਕੁਕਰਮਾਂ ਨਾਲ ਧਰਤੀ ਅਸਥਿਰ ਹੁੰਦੀ ਹੈ। ਇਹ ਵੀ ਸੱਚ ਹੈ ਕਿ ਇਹ ਕੰਮ ਸਦਾ ਹੁਕਮਰਾਨ ਧਿਰ ਵੱਲੋਂ ਕੀਤਾ ਜਾਂਦਾ ਹੈ।
ਇੱਕ ਹੋਰ ਮੋਟਿਫ਼ ਰਾਹੀਂ ਸ਼ਹੀਦੀ ਦੇ ਪ੍ਰਭਾਵ ਨੂੰ ਪ੍ਰਚੰਡ ਕੀਤਾ ਗਿਆ ਹੈ। ਗਾਂ-ਬੈਲ ਨੂੰ ਸਜਾਉਣ ਲਈ ਉਸ ਦੀ ਦੇਹੀ ਉੱਪਰ ਕੱਪੜਾ ਦਿੱਤਾ ਜਾਂਦਾ ਹੈ ਪਰ ਇਸ ਬੈਲ ਦੀ ਪਿੱਠ ਉੱਪਰ ਕੱਪੜੇ ਦੀ ਬਜਾਏ ਕੰਧ ਦਿਖਾ/ਵਿਛਾ ਦਿੱਤੀ ਹੈ। ਵਿਸ਼ਾਲ ਧਰਤੀ ਦੀ ਅਣੂ ਮਾਤਰ ਥਾਂ ਜਿਸ ਅੱਤਿਆਚਾਰ ਦਾ ਹਿੱਸਾ ਬਣੀ, ਉਸ ਨੇ ਧਰਤੀ ਹੇਠਲੇ ਬਲਦ ਨੂੰ ਵੀ ਹਿਲਾ ਦਿੱਤਾ। ਤਸਵੀਰ ਰਚਣ ਵਾਲੇ ਨੇ ਆਪਣੀ ਕਲਪਨਾ ਸ਼ਕਤੀ ਰਾਹੀਂ ਵਾਪਰੇ ਸ਼ਹੀਦੀ ਸਾਕੇ ਦੇ ਪ੍ਰਭਾਵ ਨੂੰ ਵਿਸਥਾਰਿਆ ਹੈ। ਵਿਸ਼ੇ ਦੇ ਨਿਭਾਅ ਦੀ ਵੱਖਰਤਾ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਪ੍ਰਤੀ ਜਨ ਸਾਧਾਰਨ ਦੀ ਪਹੁੰਚ ਨੂੰ ਮੱਧਮ ਨਹੀਂ ਕੀਤਾ।
ਧਰਤੀ ਦੀ ਹੋਂਦ ਦਿਨ ਰਾਤ ਦੇ ਚੱਕਰ ਵਿੱਚ ਬੱਝੀ ਹੋਈ ਹੈ। ਤਸਵੀਰ ਵਿੱਚ ਦੋਵੇਂ ਇਕਾਈਆਂ ਸਮਾਹਿਤ ਹਨ। ਖੱਬੇ ਵੱਲ ਸੂਰਜ ਚਮਕ ਰਿਹਾ ਹੈ ਜਦ ਕਿ ਸੱਜੇ ਵੱਲ ਚੰਦ ਦੀ ਮੱਧਮ ਲੋਅ ਹੈ।
ਇਨ੍ਹਾਂ ਇਕਾਈਆਂ ਦਾ ਵਧਿਆ ਅਰਥ ਵੀ ਲੈ ਸਕਦੇ ਹਾਂ। ਮੰਨ ਸਕਦੇ ਹਾਂ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ/ਤਸੀਹਿਆਂ ਦੇ ਗਵਾਹ ਦਿਨ-ਰਾਤ ਵੀ ਹਨ।
ਸੰਪਰਕ: 98990-91186

Advertisement

Advertisement