ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚਾਨਣ ਦੇ ਬੀਜ

11:00 AM Jan 08, 2025 IST

ਅੰਮ੍ਰਿਤ ਕੌਰ ਬਡਰੁੱਖਾਂ

‘‘ਅੱਜ ਕਿੱਧਰ ਨੂੰ ਐਸ ਵੇਲੇ?’’ ਨਵਰੀਤ ਨੇ ਆਪਣੀ ਸਹੇਲੀ ਸੁਖਮੀਤ ਨੂੰ ਪੁੱਛਿਆ।
‘‘ਸਾਮਾਨ ਲਿਆਉਣਾ ਸੀ ...ਆ ਚੱਲੀਏ ...ਸੋਚਿਆ ਤੈਨੂੰ ਨਾਲ ਲੈ ਚੱਲਾਂ।’’ ਉਸ ਨੇ ਕਿਹਾ।
‘‘ਮੈਂ ਹੁਣੇ ਆਈ ਆਂ ਅੱਧਾ ਘੰਟਾ ਪਹਿਲਾਂ। ਬੱਚਿਆਂ ਨੂੰ ਲੈ ਕੇ ਪੁਸਤਕ ਮੇਲੇ ’ਤੇ ਗਈ ਸੀ।’’
‘‘ਮੈਨੂੰ ਤਾਂ ਦੱਸ ਦਿੰਦੀ, ਮੈਂ ਵੀ ਬੱਚਿਆਂ ਨੂੰ ਲੈ ਜਾਂਦੀ ਉਹ ਵੀ ਉੱਥੇ ਮੌਜ ਮਸਤੀ ਕਰ ਆਉਂਦੇ।’’ ਸੁਖਮੀਤ ਨੇ ਉਲਾਂਭਾ ਦਿੰਦਿਆਂ ਕਿਹਾ।
‘‘ਮੌਜ ਮਸਤੀ ਕਰਨ ਨਹੀਂ ਸੀ ਗਏ। ਕੁੱਝ ਕਿਤਾਬਾਂ ਬੱਚਿਆਂ ਲਈ ਲੈਣੀਆਂ ਸਨ ਅਤੇ ਕੁੱਝ ਆਪਣੇ ਲਈ।’’ ਨਵਰੀਤ ਨੇ ਦੱਸਿਆ।
‘‘ਕੀ ਕਰਨਾ ਐ ਹੁਣ ਪੜ੍ਹ ਕੇ, ਬੱਚਿਆਂ ਤੋਂ ਸਿਲੇਬਸ ਦੀਆਂ ਕਿਤਾਬਾਂ ਪੜ੍ਹੀਆਂ ਜਾਣ ਉਹ ਹੀ ਬਹੁਤ ਐ। ਵੈਸੇ ਵੀ ਸਾਰਾ ਕੁੱਝ ਮੋਬਾਈਲ ’ਤੇ ਪਿਆ ਹੁੰਦਾ ਐ। ਜਦੋਂ ਮਰਜ਼ੀ ਖੋਲ੍ਹ ਕੇ ਦੇਖ ਲਵੋ।’’ ਉਸ ਨੇ ਹੱਥ ਵਿੱਚ ਫੜਿਆ ਮੋਬਾਈਲ ਉਲਟਾ ਸਿੱਧਾ ਕਰਦਿਆਂ ਆਖਿਆ।
‘‘ਪਰ ਜੋ ਅਨੰਦ ਕਿਤਾਬ ਪੜ੍ਹਨ ਵਿੱਚ ਐ ਉਹ ਮੋਬਾਈਲ ’ਤੇ ਨਹੀਂ। ਜ਼ਿਆਦਾ ਟਾਈਮ ਮੋਬਾਈਲ ’ਤੇ ਲੱਗੇ ਰਹੋ ਅੱਖਾਂ ਦੁਖਣ ਲੱਗ ਪੈਂਦੀਆਂ ਨੇ।’’ ਰੀਤ ਬੋਲੀ।
‘‘ਪਰ ਹੁਣ ਦੇ ਬੱਚਿਆਂ ਨੂੰ ਮੋਬਾਈਲ ਬਿਨਾਂ ਨਹੀਂ ਸਰਦਾ।’’ ਉਸ ਨੇ ਆਖਿਆ।
‘‘ਬੱਚਿਆਂ ਦੇ ਹੱਥ ਮੋਬਾਈਲ ਦੇਣਾ ਕਰੋਨਾ ਵੇਲੇ ਮਜਬੂਰੀ ਸੀ, ਪਰ ਇਸ ਗੱਲ ਨੇ ਕਈ ਬੱਚਿਆਂ ਦੀਆਂ ਜ਼ਿੰਦਗੀਆਂ ਦਾ ਨਾਸ਼ ਕਰ ਦਿੱਤਾ। ਬੱਚੇ ਅਣਭੋਲ ਹੁੰਦੇ ਨੇ, ਉਨ੍ਹਾਂ ਨੂੰ ਆਪਣੇ ਨਫ਼ੇ ਨੁਕਸਾਨ ਦਾ ਪਤਾ ਨਹੀਂ ਹੁੰਦਾ। ਕਈ ਵਾਰ ਗ਼ਲਤ ਸਾਈਟਾਂ ਖੁੱਲ੍ਹ ਜਾਂਦੀਆਂ ਨੇ ਤੇ ਬੱਚਿਆਂ ਨੂੰ ਇਸ ਦੀ ਆਦਤ ਲੱਗ ਜਾਂਦੀ ਐ। ਇਹ ਸਭ ਤੋਂ ਵੱਧ ਖ਼ਤਰਨਾਕ ਹੁੰਦਾ ਐ।’’ ਨਵਰੀਤ ਨੂੰ ਅੱਜ ਉਨ੍ਹਾਂ ਦੀ ਕੰਮ ਵਾਲੀ ਨੇ ਇਹੋ ਜਿਹੀਆਂ ਬਹੁਤ ਗੱਲਾਂ ਸੁਣਾਈਆਂ ਸਨ ਕਿ ਕਿਵੇਂ ਉਨ੍ਹਾਂ ਦੀ ਬਸਤੀ ਵਿੱਚ ਬਾਰਾਂ ਤੇਰਾਂ ਸਾਲ ਦੀ ਉਮਰ ਦੇ ਬੱਚੇ ਜੁੰਡਲੀਆਂ ਬਣਾ ਕੇ ਇਹੋ ਜਿਹੀਆਂ ਚੀਜ਼ਾਂ ਦੇਖਦੇ ਹਨ ਜਿਹੜੀਆਂ ਬੱਚਿਆਂ ਲਈ ਅਤੇ ਸਮਾਜ ਲਈ ਘਾਤਕ ਹਨ। ਇਹ ਗੱਲਾਂ ਸੁਣ ਕੇ ਉਹ ਕਾਫ਼ੀ ਫ਼ਿਕਰਮੰਦ ਸੀ।
‘‘ਸ਼ਾਇਦ ਤੇਰੀ ਗੱਲ ਵੀ ਸਹੀ ਐ, ਪਰ...ਮੈਂ ਤਾਂ ਕਦੇ ਇਹ ਗੱਲਾਂ ਸੋਚੀਆਂ ਈ ਨਹੀਂ।’’ ਸੁਖਮੀਤ ਨੇ ਸਹਿਜ ਸੁਭਾਅ ਹੀ ਆਖਿਆ।
‘‘ਸਿਰਫ਼ ਸੋਚਣਾ ਹੀ ਨਹੀਂ, ਘੱਟੋ ਘੱਟ ਆਪਣੇ ਬੱਚਿਆਂ ਨੂੰ ਸਹੀ ਰਾਹ ’ਤੇ ਰੱਖਣ ਦੇ ਉਪਰਾਲੇ ਕਰਨੇ ਵੀ ਜ਼ਰੂਰੀ ਨੇ।’’
‘‘ਹਾਂ ਇਹ ਤਾਂ ਹੈ, ਪਰ ਕੀਤਾ ਕੀ ਜਾਵੇ?’’ ਉਸ ਨੇ ਆਖਿਆ।
‘‘ਉਨ੍ਹਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ...ਸਭ ਤੋਂ ਸਹੀ ਤਰੀਕਾ ਉਨ੍ਹਾਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਦੀ ਚੇਟਕ ਲਾਈ ਜਾਵੇ ਤਾਂ ਉਹ ਆਪਣਾ ਭਲਾ ਬੁਰਾ ਸੋਚਣ ਦੇ ਕਾਬਲ ਹੋ ਜਾਣਗੇ। ਆਪਣੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਵਿੱਚ ਉਲਝਣਗੇ ਨਹੀਂ ਸਗੋਂ ਸੌਖੇ ਤਰੀਕੇ ਨਾਲ ਸੁਲਝਾ ਸਕਣਗੇ ਅਤੇ ਆਪਣੇ ਵਰਗੇ ਮਾਪਿਆਂ ਦਾ ਕੰਮ ਵੀ ਸੁਖ਼ਾਲਾ ਹੋ ਜੂ।’’ ਨਵਰੀਤ ਨੇ ਆਪਣਾ ਪੱਖ ਰੱਖਦਿਆਂ ਆਖਿਆ।
‘‘ਉਹ ਕਿਵੇਂ?’’ ਸੁਖਮੀਤ ਨੂੰ ਨਵਰੀਤ ਦੀਆਂ ਗੱਲਾਂ ਬੁਝਾਰਤਾਂ ਵਾਂਗ ਲੱਗ ਰਹੀਆਂ ਸਨ।
‘‘ਮੰਨ ਲਓ ਬੱਚਿਆਂ ਨੇ ਕਿਸੇ ਨੇਕ ਇਨਸਾਨ ਦੀ ਕਹਾਣੀ ਪੜ੍ਹੀ ਐ। ਉਨ੍ਹਾਂ ਦੇ ਮਨ ਵਿੱਚ ਵੀ ਨੇਕ ਬਣਨ ਦੇ ਭਾਵ ਪੈਦਾ ਹੋਣਗੇ। ਇਹ ਕੁਦਰਤੀ ਗੱਲ ਹੈ। ਆਪਣਾ ਵੀ ਜੀਅ ਕਰਦਾ ਹੁੰਦਾ ਸੀ, ਜਦੋਂ ਆਪਾਂ ਪੜ੍ਹਦੇ ਹੁੰਦੇ ਸੀ। ਹਰ ਚੰਗੀ ਲਿਖਤ ਪਾਠਕ ਨੂੰ ਕੋਈ ਨਾ ਕੋਈ ਸੇਧ ਦਿੰਦੀ ਹੈ।’’
‘‘ਪਰ ਮੇਰੇ ਵਾਲੇ ਤਾਂ ਬਹੁਤ ਸ਼ਰਾਰਤੀ ਨੇ ਦੋ ਮਿੰਟ ਵੀ ਟਿਕ ਕੇ ਨਹੀਂ ਬੈਠਦੇ।’’ ਸੁਖਮੀਤ ਨੇ ਆਪਣੀ ਬੇਵਸੀ ਬਿਆਨ ਕੀਤੀ।
‘‘ਜਦੋਂ ਪੜ੍ਹਨ ਦੀ ਆਦਤ ਪੈ ਗਈ। ਉਹ ਵੀ ਬੈਠਣਗੇ। ਕੋਸ਼ਿਸ਼ ਕਰਕੇ ਦੇਖ। ਉਨ੍ਹਾਂ ਦੀ ਰੁਚੀ ਅਨੁਸਾਰ ਵੀ ਕੰਮ ਦੇ ਦਿਆ ਕਰ।’’ ਨਵਰੀਤ ਨੇ ਕਿਹਾ।
‘‘ਚੱਲ ਠੀਕ ਐ, ਤੇਰੀ ਇਹ ਗੱਲ ਵੀ ਮੰਨ ਕੇ ਵੇਖ ਲੈਂਦੀ ਆਂ।’’ ਉਸ ਨੇ ਲੰਬਾ ਸਾਹ ਭਰ ਕੇ ਛੱਡਦਿਆਂ ਆਖਿਆ।
‘‘ਚੱਲ ਫਿਰ ਮੈਨੂੰ... ਆਹ ਕਿਤਾਬਾਂ ਦੇ ਦੇ।’’ ਉਹ ਬੱਚਿਆਂ ਕੋਲ ਪਈਆਂ ਕਿਤਾਬਾਂ ਫਰੋਲ ਕੇ ਦੇਖਣ ਲੱਗੀ।
‘‘ਨਹੀਂ...ਨਹੀਂ...ਇਹ ਤਾਂ ਅੱਜ ਹੀ ਲਿਆਂਦੀਆਂ ਨੇ, ਇਨ੍ਹਾਂ ਪੜ੍ਹਨੀਆਂ ਨੇ ਤੇ ਮੈਂ ਵੀ ਪੜ੍ਹਨੀਆਂ ਨੇ ਅਜੇ। ਮੇਰੇ ਕੋਲ ਹੋਰ ਪਈਆਂ ਨੇ ਉਹ ਲੈ ਜਾ।’’ ਆਖ ਕੇ ਨਵਰੀਤ ਅੰਦਰ ਚਲੀ ਗਈ। ਉਸ ਦੇ ਪਿੱਛੇ ਹੀ ਹੱਥ ਵਿੱਚ ਕਿਤਾਬ ਫੜੀ ਉਸ ਦੀ ਧੀ ਜਸ਼ਨ ਵੀ ਚਲੀ ਗਈ।
‘‘ਮੰਮੀ ਸਾਡੀਆਂ ਕਿਤਾਬਾਂ ਨਾ ਦੇਈਂ, ਇਨ੍ਹਾਂ ਦੇ ਬੱਚੇ ਕਿਤਾਬਾਂ ਸੰਭਾਲ ਕੇ ਨਹੀਂ ਰੱਖਦੇ।’’ ਕੁੜੀ ਨੇ ਢਿੱਲਾ ਜਿਹਾ ਮੂੰਹ ਬਣਾਉਂਦਿਆਂ ਆਖਿਆ।
‘‘ਕੋਈ ਨਾ ਪੁੱਤ, ਸੰਭਾਲ ਲੈਣਗੇ ਮੈਂ ਆਖ ਦਿਊਂ ਉਨ੍ਹਾਂ ਨੂੰ।’’ ਕੁੜੀ ਚੁੱਪ ਕਰਕੇ ਬਾਹਰ ਆ ਗਈ। ਰੀਤ ਨੇ ਦੋ ਤਿੰਨ ਕਿਤਾਬਾਂ ਲਿਆ ਕੇ ਸੁਖਮੀਤ ਨੂੰ ਫੜਾ ਦਿੱਤੀਆਂ। ਉਸ ਨੇ ਖੋਲ੍ਹ ਕੇ ਦੇਖੀਆਂ। ਸਵਾਲ ਕੀਤਾ, ‘‘ਸਾਰੀਆਂ ਪੰਜਾਬੀ ਵਿੱਚ?’’
‘‘ਹਾਂ... ਪੰਜਾਬੀ ਆਪਣੀ ਮਾਂ ਐ...ਮੂੰਹ ਮੱਥਾ ਚੁੰਮ ਕੇ ਸਾਨੂੰ ਆਪਣੇ ਦਿਲ ਵਿੱਚ ਵਸਾ ਲੈਂਦੀ ਐ ਤੇ ਸਾਡੇ ਦਿਲਾਂ ਵਿੱਚ ਵਸ ਜਾਂਦੀ ਹੈ।’’ ਉਸ ਨੇ ਮੁਸਕਰਾਉਂਦਿਆਂ ਆਖਿਆ। ਸੁਖਮੀਤ ਦੇ ਮੱਥੇ ਤਿਊੜੀ ਚੜ੍ਹੀ ਅਤੇ ਮੂੰਹ ਟੇਢਾ ਮੇਢਾ ਜਿਹਾ ਹੋਇਆ।
ਰੀਤ ਦੇ ਬੱਚੇ ਇੱਕ ਦੂਜੇ ਦਾ ਮੂੰਹ ਵੇਖਣ ਲੱਗੇ। ਬਿਨਾਂ ਬੋਲਿਆਂ ਹੀ ਉਨ੍ਹਾਂ ਮਾਂ ਵੱਲੋਂ ਕਿਤਾਬਾਂ ਦਿੱਤੇ ਜਾਣ ਦਾ ਦੁੱਖ ਸਾਂਝਾ ਕਰ ਲਿਆ।
‘‘ਰੀਤ! ਤੂੰ ਬਾਜ਼ਾਰ ਜਾਣਾ ਨ੍ਹੀਂ ਫਿਰ?’’ ਸੁਖਮੀਤ ਨੇ ਕਿਤਾਬਾਂ ਪਰਸ ਵਿੱਚ ਪਾਉਂਦਿਆਂ ਪੁੱਛਿਆ।
‘‘ਮੈਂ ਕੁੱਝ ਲੈਣਾ ਤਾਂ ਹੈ ਨ੍ਹੀਂ ਫਿਰ ਐਵੇਂ ਕਿਉਂ ਜਾਣਾ ਐ?’’
‘‘ਪਰਸੋਂ ਤਾਂ ਤੂੰ ਕਹਿ ਰਹੀ ਸੀ ਤੂੰ ਢਾਈ ਹਜ਼ਾਰ ਸੂਟ ਲੈਣ ਲਈ ਜੋੜ ਕੇ ਰੱਖਿਆ ਹੋਇਆ।’’ ਸੁਖਮੀਤ ਨੇ ਉਸ ਨੂੰ ਚੇਤੇ ਕਰਾਇਆ।
‘‘ਹਾਂ ਰੱਖਿਆ ਸੀ, ਉਦੋਂ ਮੈਨੂੰ ਪੁਸਤਕ ਮੇਲੇ ਦਾ ਨਹੀਂ ਸੀ ਪਤਾ।’’
‘‘ਤੂੰ ਆਪਣੇ ਸੂਟ ਵਾਲੇ ਪੈਸਿਆਂ ਦੀਆਂ ਕਿਤਾਬਾਂ ਲਿਆਂਦੀਆਂ ਨੇ?’’ ਉਸ ਨੇ ਹੈਰਾਨੀ ਪ੍ਰਗਟ ਕਰਦਿਆਂ ਪੁੱਛਿਆ।
‘‘ਹਾਂ, ਮੈਨੂੰ ਸੂਟ ਲੈਣ ਨਾਲੋਂ ਇਹ ਸੌਦਾ ਵਧੀਆ ਲੱਗਿਆ। ਸੂਟ ’ਕੱਲੀ ਦੇ ਕੰਮ ਆਉਣਾ ਸੀ। ਕਿਤਾਬਾਂ ਸਾਰੇ ਪੜ੍ਹਾਂਗੇ। ਵੈਸੇ ਵੀ ਸੂਟ ਹੈਗੇ ਆ ਬਥੇਰੇ।’’ ਰੀਤ ਨੇ ਮੁਸਕਰਾਉਂਦਿਆਂ ਕਿਹਾ।
‘‘ਵਾਹ! ਵਾਹ! ਕੁਰਬਾਨੀ ਦਾ ਪੁਤਲਾ ਰੀਤ।’’ ਉਸ ਨੇ ਤਾੜੀ ਮਾਰਦਿਆਂ ਕਿਹਾ। ਰੀਤ ਮੁਸਕਰਾਈ।
‘‘ਮੈਂ ਚਾਹ ਬਣਾਉਨੀ ਆਂ ਤੂੰ ਇੱਥੇ ਬੱਚਿਆਂ ਕੋਲ ਬੈਠ।’’ ਰੀਤ ਨੇ ਰਸੋਈ ਵੱਲ ਜਾਂਦਿਆਂ ਕਿਹਾ।
‘‘ਨਹੀਂ ਮੈਂ ਕੁੱਝ ਨ੍ਹੀਂ ਲੈਣਾ। ਮੈਂ ਤਾਂ ਇੱਥੇ ਹੀ ਘੰਟਾ ਖ਼ਰਾਬ ਕਰ ਲਿਆ।’’ ਉਸ ਨੇ ਮੋਬਾਈਲ ’ਤੇ ਟਾਈਮ ਦੇਖਦਿਆਂ ਕਿਹਾ ਅਤੇ ਜਾਣ ਲਈ ਖੜ੍ਹੀ ਹੋ ਗਈ।
‘‘ਮੈਨੂੰ ਲੱਗਦਾ ਐ ਇਹ ਘੰਟਾ ਖ਼ਰਾਬ ਨ੍ਹੀਂ ਹੋਇਆ।’’ ਰੀਤ ਨੇ ਮੱਧਮ ਸੁਰ ਵਿੱਚ ਕਿਹਾ। ਉਹ ਚਲੀ ਗਈ ਅਤੇ ਨਵਰੀਤ ਬੱਚਿਆਂ ਕੋਲ ਬੈਠ ਕੇ ਕਿਤਾਬਾਂ ਵੇਖਣ ਲੱਗ ਪਈ।
‘‘ਮੰਮੀ! ਪਹਿਲਾਂ ਅਸੀਂ ਕਿਤਾਬਾਂ ਵਿੱਚੋਂ ਵਿੱਚੋਂ ਪੜ੍ਹ ਲਈਏ? ਜਿੱਥੇ ਫੋਟੋਆਂ ਲੱਗੀਆਂ ਹੋਈਆਂ ਨੇ ਉੱਥੋਂ।’’ ਨਵਰੀਤ ਦੇ ਬੇਟੇ ਅਨੂਪ ਨੇ ਪੁੱਛਿਆ। ਰੀਤ ਤੋਂ ਪਹਿਲਾਂ ਉਸ ਦੀ ਬੇਟੀ ਜਸ਼ਨ ਬੋਲੀ;
‘‘ਨਾ...ਨਾ...ਸ਼ੁਰੂ ਤੋਂ ਪੜ੍ਹਨਾ।’’
‘‘ਕੋਈ ਨਾ ਜਿਵੇਂ ਜੀਅ ਕਰਦਾ ਉਵੇਂ ਪੜ੍ਹ ਲਵੋ, ਪਰ ਪੜ੍ਹਨੀ ਸਾਰੀ ਐ।’’ ਰੀਤ ਨੇ ਬੱਚਿਆਂ ਨੂੰ ਢਿੱਲ ਦੇ ਦਿੱਤੀ।
ਸ਼ਾਮ ਦੇ ਛੇ ਕੁ ਵਜੇ ਰੀਤ ਦਾ ਫੋਨ ਵੱਜਿਆ। ਦੇਖਿਆ ਤਾਂ ਸੁਖਮੀਤ ਦਾ ਸੀ।
‘‘ਹਾਂ ਜੀ, ਸੁਖਮੀਤ!’’
‘‘ਰੀਤ! ਛੇਤੀ ਕਰ... ਫੇਸਬੁੱਕ ਖੋਲ੍ਹ ਕੇ ਵੇਖ।’’ ਸੁਖਮੀਤ ਖ਼ੁਸ਼ੀ ਨਾਲ ਚਹਿਕ ਰਹੀ ਸੀ।
‘‘ਮੈਂ ਰਸੋਈ ’ਚ... ਕੰਮ ਨਿਬੇੜ ਕੇ ਫਿਰ ਦੇਖਦੀ ਆਂ। ਵੈਸੇ ਹੀ ਦੱਸ ਦੇ ਕਿ ਇਹੋ ਜਿਹਾ ਕੀ ਹੋਇਆ? ਐਨੀ ਖ਼ੁਸ਼ੀ ਕਾਹਦੀ?’’ ਇੱਕ ਹੱਥ ਨਾਲ ਸਬਜ਼ੀ ਵਿੱਚ ਕੜਛੀ ਮਾਰਦਿਆਂ ਉਸ ਨੇ ਕਿਹਾ।
‘‘ਦੋ ਮਿੰਟ ਦੇਖ ਲੈ ਭੈਣ ਬਣ ਕੇ। ਐਨੀ ਛੇਤੀ ਕੀ ਕਰਨਾ ਐ ਰਸੋਈ ’ਚ।’’ ਉਸ ਨੇ ਤਰਲਾ ਜਿਹਾ ਕੀਤਾ।
‘‘ਅਸੀਂ ਸ਼ਾਮ ਦੀ ਰੋਟੀ ਛੇਤੀ ਖਾ ਲੈਂਦੇ ਹਾਂ। ਵੈਸੇ ਵੀ ਅੱਜ ਕਿਤਾਬਾਂ ਦੇਖਣੀਆਂ ਪੜ੍ਹਨੀਆਂ ਨੇ, ਛੇਤੀ ਬਿਸਤਰੇ ਵਿੱਚ ਬੈਠ ਕੇ।’’ ਰੀਤ ਨੇ ਸੱਚਾਈ ਦੱਸੀ।
‘‘ਓ ਹੋ! ਤੇਰੇ ਕਰਕੇ ਤਾਂ ਹੋਇਆ ਸਭ...।’’ ਰੀਤ ਨੂੰ ਪਤਾ ਸੀ ਇਹਨੇ ਆਪਣੀ ਜ਼ਿੱਦ ਪੁਗਾ ਕੇ ਹਟਣੀ ਐ, ਇਸ ਲਈ ਉਸ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਬੋਲੀ;
‘‘ਚੱਲ ਠੀਕ ਐ... ਦੇਖਦੀ ਆਂ।’’ ਉਸ ਨੇ ਫੋਨ ਕੱਟਿਆ ਤੇ ਫੇਸਬੁੱਕ ਖੋਲ੍ਹ ਕੇ ਵੇਖਣ ਲੱਗੀ। ਸੁਖਮੀਤ ਨੇ ਆਪਣੇ ਦੋਵੇਂ ਬੱਚਿਆਂ ਨੂੰ ਕੋਲ ਬਿਠਾ ਕੇ ਉਨ੍ਹਾਂ ਦੇ ਹੱਥ ਵਿੱਚ ਕਿਤਾਬਾਂ ਫੜਾ ਕੇ ਫੋਟੋ ਪਾਈ ਹੋਈ ਸੀ ਅਤੇ ਹੇਠਾਂ ਧੜਾਧੜ ਕੁਮੈਂਟ ਆਏ ਹੋਏ ਸਨ। ਜਿਨ੍ਹਾਂ ਵਿੱਚ ਕਈਆਂ ਨੇ ਸਿਆਣੀ ਮਾਂ ਦੀ ਤਾਰੀਫ਼ ਕੀਤੀ ਸੀ। ਕਿਸੇ ਸਿਆਣੇ ਸੂਝਵਾਨ ਦਾ ਕੁਮੈਂਟ ਪੜ੍ਹ ਕੇ ਰੀਤ ਨੇ ਮੱਥੇ ’ਤੇ ਹੱਥ ਮਾਰਿਆ। ਲਿਖਿਆ ਸੀ, ‘‘ਭਾਈ ਬੀਬਾ ਬੇਟੇ ਦੇ ਹੱਥ ਵਿੱਚ ਫੜੀ ਕਿਤਾਬ ਸਿੱਧੀ ਕਰ ਦਿਓ।’’ ਰੀਤ ਨੇ ਧਿਆਨ ਨਾਲ ਦੇਖਿਆ ਸੱਚੀ ਕਿਤਾਬ ਪੁੱਠੀ ਫੜੀ ਹੋਈ ਸੀ। ‘‘ਇਹਦਾ ਵੀ ਸਰਿਆ ਪਿਆ ਐ।’’ ਉਸ ਦੇ ਮੂੰਹੋਂ ਨਿਕਲਿਆ। ਮੋਬਾਈਲ ਪਰੇ ਰੱਖਿਆ ਅਤੇ ਆਪਣੇ ਕੰਮ ਕਰਨ ਲੱਗੀ।
ਅੱਜ ਬੱਚੇ ਚਾਅ ਨਾਲ ਆਪਣੇ ਪਾਪਾ ਨੂੰ ਕਿਤਾਬਾਂ ਦਿਖਾ ਰਹੇ ਸਨ। ਰੀਤ ਦੇ ਪਤੀ ਗੁਰਮੀਤ ਨੇ ਬੱਚਿਆਂ ਦੀ ਨਿੱਕੀਆਂ ਨਿੱਕੀਆਂ ਕਹਾਣੀਆਂ ਵਾਲੀ ਇੱਕ ਕਿਤਾਬ ਤਾਂ ਪੂਰੀ ਪੜ੍ਹ ਕੇ ਇੱਕ ਪਾਸੇ ਰੱਖ ਵੀ ਦਿੱਤੀ ਸੀ। ਉਸ ਨੂੰ ਨਿੱਕੀਆਂ ਕਹਾਣੀਆਂ ਜਾਂ ਨਿੱਕੇ ਲੇਖ ਪੜ੍ਹਨੇ ਹੀ ਪਸੰਦ ਸਨ। ਰਾਤ ਦਾ ਖਾਣਾ ਖਾ ਕੇ ਸਾਰੇ ਜਣੇ ਫਿਰ ਕਿਤਾਬਾਂ ਲੈ ਕੇ ਬੈਠ ਗਏ। ਸੁਖਮੀਤ ਦਾ ਫਿਰ ਫੋਨ ਆਇਆ। ਉਹ ਅਜੇ ਵੀ ਖ਼ੁਸ਼ ਸੀ।
‘‘ਸੁਖਮੀਤ! ਸਾਰੇ ਕੁਮੈਂਟ ਪੜ੍ਹੇ ਐ ਤੂੰ?’’ ਰੀਤ ਨੇ ਪੁੱਛਿਆ।
‘‘ਹਾਂ... ਸਭ ਨੇ ਵਧੀਆ ਦਿੱਤੇ ਐ। ਇੱਕ ਬੁੜ੍ਹੇ ਨੂੰ ਛੱਡ ਕੇ।’’ ਉਸ ਨੇ ਦੱਸਿਆ।
‘‘ਜਿਹਨੂੰ ਤੂੰ ਬੁੜ੍ਹਾ ਆਖ ਰਹੀ ਏਂ ਉਹ ਇੱਕ ਵਿਦਵਾਨ ਲੇਖਕ ਨੇ। ਵਿਦਵਾਨਾਂ ਦਾ ਆਦਰ ਕਰੀਦਾ ਹੁੰਦਾ।’’ ਰੀਤ ਨੇ ਦਿਲ ਦੀ ਗੱਲ ਆਖੀ।
‘‘ਹਾਂ...ਸੌਰੀ। ਪਰ ਮੇਰੇ ਜਵਾਕ ਨ੍ਹੀਂ ਪੜ੍ਹ ਸਕਦੇ ਕਿਤਾਬਾਂ। ਉਹ ਤਾਂ ਟੀਵੀ ਦੇਖਣੋਂ ਨ੍ਹੀਂ ਹਟਦੇ। ਮੈਂ ਦੂਜੇ ਕਮਰੇ ਵਿੱਚ ਵੀ ਬਿਠਾਏ। ਫਿਰ ਵੀ ਨ੍ਹੀਂ ਦਿਲਚਸਪੀ ਲੈਂਦੇ।’’ ਸੁਖਮੀਤ ਦਾ ਜਵਾਬ ਸੀ।
‘‘ਜਦੋਂ ਉਹ ਪੜ੍ਹਨ ਬਿਠਾਏ ਸੀ। ਤੂੰ ਕੀ ਕਰਦੀ ਸੀ?’’ ਰੀਤ ਨੇ ਪੁੱਛਿਆ।
‘‘ਮੇਰਾ ਸੀਰੀਅਲ ਚੱਲ ਰਿਹਾ ਸੀ। ਉਹ ਦੇਖ ਰਹੀ ਸੀ।’’ ਉਸ ਨੇ ਦੱਸਿਆ।
‘‘ਏਦਾਂ ਨ੍ਹੀਂ ਪੜ੍ਹਦੇ ਹੁੰਦੇ ਬੱਚੇ, ਉਨ੍ਹਾਂ ਦੇ ਕੋਲ ਬੈਠਣਾ ਪੈਂਦਾ, ਉਨ੍ਹਾਂ ਨੂੰ ਅੱਧੀਆਂ ਅੱਧੀਆਂ ਕਹਾਣੀਆਂ ਸੁਣਾ ਕੇ ਉਨ੍ਹਾਂ ਅੰਦਰ ਰੁਚੀ ਪੈਦਾ ਕਰਨੀ ਪੈਂਦੀ ਐ। ਇਹ ਗੱਲਾਂ...ਤਾਂ ਹੀ ਹੋ ਸਕਦੀਆਂ ਨੇ ਜੇ ਪਹਿਲਾਂ ਅਸੀਂ ਆਪਣੀਆਂ ਆਦਤਾਂ ਸੁਧਾਰਾਂਗੇ। ਆਪਣੇ ਅੰਦਰ ਵੀ ਭੁੱਖ ਪੈਦਾ ਕਰੀਏ ਚੰਗਾ ਸਾਹਿਤ ਪੜ੍ਹਨ ਦੀ।’’ ਰੀਤ ਦਾ ਪਤੀ ਗੁਰਮੀਤ ਥੱਕਿਆ ਹੋਇਆ ਸੀ। ਉਨ੍ਹਾਂ ਦੀਆਂ ਗੱਲਾਂ ਤੋਂ ਉਸ ਦਾ ਜੀਅ ਖਿਝਿਆ।
‘‘ਚੱਲ ਛੱਡ ਹੁਣ... ਤੂੰ ਲੋਕਾਂ ਦਾ ਠੇਕਾ ਚੁੱਕਿਆ, ਆਪੇ ਪੜ੍ਹਾ ਲੈਣਗੇ...ਆਵਦੇ ਨਿਆਣਿਆਂ ਨੂੰ।’’ ਉਹ ਬੁੜਬੁੜਾਇਆ।
‘‘ਚੱਲ ਠੀਕ ਐ, ਕੱਲ੍ਹ ਨੂੰ ਗੱਲ ਕਰਾਂਗੇ।’’ ਰੀਤ ਨੇ ਆਖ ਕੇ ਫੋਨ ਕੱਟ ਦਿੱਤਾ।
‘‘ਲੈ ਫੇਰ ਕੀ ਐ... ਚੰਗੀ ਗੱਲ ਐ ਜੇ ਆਪਣੀ ਥੋੜ੍ਹੀ ਜਿਹੀ ਕੋਸ਼ਿਸ਼ ਨਾਲ ਕੋਈ ਕਿਤਾਬਾਂ ਨਾਲ ਜੁੜਦਾ ਐ।’’ ਰੀਤ ਨੇ ਆਪਣੇ ਬੇਟੇ ਦੇ ਪੈਰਾਂ ਉੱਪਰ ਕੰਬਲ ਦਿੰਦਿਆਂ ਪਤੀ ਦੀ ਗੱਲ ਦਾ ਜਵਾਬ ਦਿੱਤਾ। ਬੱਚੇ ਕਿਤਾਬਾਂ ਲਈ ਬਹਿਸ ਰਹੇ ਸਨ, ‘‘ਪਹਿਲਾਂ ਮੈਨੂੰ ਦੇ, ਮੈਂ ਪੜ੍ਹਨੀ ਐ...ਮੈਂ ਪੜ੍ਹਨੀ ਐ।’’ ਆਪਣੇ ਬੁੱਲ੍ਹਾਂ ’ਤੇ ਉਂਗਲੀ ਰੱਖ ਕੇ ਰੀਤ ਨੇ ਬੱਚਿਆਂ ਨੂੰ ਚੁੱਪ ਕਰਨ ਦਾ ਇਸ਼ਾਰਾ ਕੀਤਾ।
‘‘ਪਹਿਲਾਂ ਆਵਦਿਆਂ ਨੂੰ ਤਾਂ ਸਿਆਣੇ ਬਣਾ ਲੈ। ਲੋਕਾਂ ਦੇ ਬਾਅਦ ਵਿੱਚ ਪੜ੍ਹਾ ਲਵੀਂ।’’ ਰੀਤ ਦਾ ਪਤੀ ਫਿਰ ਬੁੜਬੁੜਾਇਆ। ਰੀਤ ਪਤੀ ਵੱਲ ਟੇਢਾ ਜਿਹੀ ਝਾਕੀ।
‘‘ਪਾਪਾ ਥੱਕੇ ਹੋਏ ਨੇ ਉਨ੍ਹਾਂ ਨੇ ਸੌਣਾ ਐ ਤੁਸੀਂ ਏਧਰ ਆ ਜੋ। ਲਿਆਓ ਕਿਤਾਬ ਮੈਨੂੰ ਫੜਾਓ, ਮੈਂ ਪੜ੍ਹ ਕੇ ਸੁਣਾਉਨੀ ਆਂ ਕੋਈ ਕਹਾਣੀ।’’ ਬੱਚਿਆਂ ਨੇ ਚੁੱਪ ਕਰਕੇ ਕਿਤਾਬ ਮਾਂ ਨੂੰ ਫੜਾ ਦਿੱਤੀ। ਰੀਤ ਹੌਲੀ ਆਵਾਜ਼ ਵਿੱਚ ਕਹਾਣੀ ਪੜ੍ਹ ਕੇ ਸੁਣਾਉਣ ਲੱਗੀ।
ਰੀਤ ਨੂੰ ਸਵੇਰੇ ਜਲਦੀ ਉੱਠਣ ਦੀ ਆਦਤ ਸੀ। ਸਵੇਰੇ ਹੀ ਨਹਾ ਕੇ ਘਰ ਦੇ ਕੰਮ ਧੰਦਿਆਂ ਵਿੱਚ ਜੁਟ ਗਈ। ਗੁਰਮੀਤ ਆਪਣੀ ਡਿਊਟੀ ’ਤੇ ਚਲਾ ਗਿਆ ਅਤੇ ਬੱਚਿਆਂ ਨੂੰ ਛੁੱਟੀ ਸੀ। ਬੱਚਿਆਂ ਨੂੰ ਖਾਣਾ ਖੁਆ ਕੇ ਉਸ ਨੇ ਸਕੂਲ ਦਾ ਕੰਮ ਕਰਨ ਲਈ ਬਿਠਾ ਦਿੱਤਾ। ਬੱਚੇ ਨਵੀਆਂ ਕਿਤਾਬਾਂ ਦੇਖਣ ਦੀ ਜ਼ਿੱਦ ਕਰ ਰਹੇ ਸਨ, ਪਰ ਰੀਤ ਨੇ ਸਕੂਲ ਦਾ ਕੰਮ ਪਹਿਲਾਂ ਮੁਕਾਉਣ ਦੀ ਸ਼ਰਤ ਰੱਖੀ। ਉਹ ਆਪ ਵੀ ਘਰ ਦੇ ਕੰਮ ਨਿਪਟਾ ਕੇ ਕਿਤਾਬ ਚੁੱਕ ਕੇ ਬੈਠ ਗਈ, ਫਿਰ ਪਤਾ ਨਹੀਂ ਕੀ ਦਿਮਾਗ਼ ਵਿੱਚ ਆਇਆ, ਉੱਠ ਕੇ ਸੁਖਮੀਤ ਨੂੰ ਫੋਨ ਲਾ ਲਿਆ।
‘‘ਹੈਲੋ ਸੁਖਮੀਤ! ਅੱਜ ਫਰੀ ਓ?’’ ਉਸ ਨੇ ਪੁੱਛਿਆ।
‘‘ਹਾਂ ਜੀ... ਦੱਸੋ। ਤਕਰੀਬਨ ਫਰੀ ਹੀ ਹਾਂ।’’ ਸੁਖਮੀਤ ਬੋਲੀ।
‘‘ਆ ਜੋ ਫੇਰ ...’ਕੱਠੇ ਬੈਠਦੇ ਆਂ।’’ ਰੀਤ ਨੇ ਆਖਿਆ।
‘‘ਜੇ ਸੱਚ ਪੁੱਛੇ ਤਾਂ ਨੀਟੂ ਤੋਂ ਫੋਟੋਆਂ ਦੇਖਦਿਆਂ ਕਿਤਾਬ ਫਟ ਗਈ। ਮੈਂ ਉਹਦੇ ਥੱਪੜ ਮਾਰਿਆ। ਉਹ ਰੋਈ ਜਾਂਦੈ ਅਤੇ ਮੈਂ ਕਿਤਾਬ ਜੋੜ ਰਹੀ ਆਂ।’’ ਉਸ ਨੇ ਢਿੱਲੀ ਜਿਹੀ ਆਵਾਜ਼ ਵਿੱਚ ਕਿਹਾ।
‘‘ਮਾਰਨਾ ਕਿਉਂ ਸੀ?’’
‘‘ਹੋਰ ਕੀ ਕਰਾਂ? ਪੂਰੇ ਟੁੱਟ ਪੈਣੇ ਨੇ ਨਿਆਣੇ ਮੇਰੇ। ਸਾਨੂੰ ਨਹੀਂ ਰਾਸ ਆਉਂਦੀਆਂ ਕਿਤਾਬਾਂ ਕਤੂਬਾਂ। ਮੈਂ ਅੱਜ ਵਾਪਸ ਕਰ ਕੇ ਜਾਊਂ।’’ ਗੁੱਸੇ ਵਿੱਚ ਸੁਖਮੀਤ ਦੇ ਮੂੰਹੋਂ ਸ਼ੁੱਧ ਪੰਜਾਬੀ ਹੀ ਨਿਕਲਦੀ ਸੀ।
‘‘ਅੱਛਾ, ਜਦੋਂ ਆਵੇਂਗੀ ਬੱਚਿਆਂ ਨੂੰ ਨਾਲ ਲੈ ਆਵੀਂ।’’ ਰੀਤ ਨੇ ਕਿਹਾ।
‘‘ਇਹ ਨ੍ਹੀਂ ਕਿਤੇ ਲਿਜਾਣ ਜੋਗੇ।’’ ਉਹ ਗੁੱਸੇ ਨਾਲ ਭਰੀ ਹੋਈ ਸੀ।
‘‘ਚੱਲ ਲੈ ਆਵੀਂ...ਇਹ ਘਰ ਕਿਹੜਾ ਬਿਗਾਨਾ ਐ। ਕੋਈ ਗੱਲ ਨਹੀਂ ਜੇ ਸ਼ਰਾਰਤ ਕਰ ਵੀ ਲੈਣਗੇ ਤਾਂ ਕੀ ਐ?’’ ਰੀਤ ਨੇ ਕਿਹਾ।
‘‘ਚੱਲ ਦੇਖਦੀ ਆਂ...।’’ ਉਹ ਬੋਲੀ।
ਉਸ ਨੇ ਕਿਤਾਬ ਜੋੜ ਕੇ ਮੇਜ਼ ’ਤੇ ਰੱਖ ਦਿੱਤੀ। ਚਿੰਕੀ ਤੇ ਨੀਟੂ ਤਿਆਰ ਹੋ ਰਹੇ ਸਨ। ਚਿੰਕੀ ਨੇ ਛੋਟੇ ਭਰਾ ਨੂੰ ਵਡਿਆ ਕੇ ਮਨਾ ਲਿਆ ਸੀ। ਨੀਟੂ ਪੰਜ ਕੁ ਸਾਲਾਂ ਦਾ ਸੀ। ਭੈਣ ਨਾਲੋਂ ਦੋ ਕੁ ਵਰ੍ਹੇ ਛੋਟਾ, ਪਰ ਜਦੋਂ ਜੀਅ ਕਰਦਾ ਆਪਣੀ ਭੈਣ ਨੂੰ ਕੁੱਟ ਦਿੰਦਾ ਸੀ। ਮਾਂ ਨੂੰ ਸ਼ਾਂਤੀ ਨਾਲ ਉਸ ਦੇ ਪਸੰਦੀਦਾ ਸੀਰੀਅਲ ਨਾ ਦੇਖਣ ਦਿੰਦਾ। ਕਈ ਵਾਰ ਮਾਂ ਤੋਂ ਕੁੱਟ ਖਾ ਲੈਂਦਾ। ਉਹ ਖਿਝਦੀ ਕਲਪਦੀ ਰਹਿੰਦੀ। ਜਦੋਂ ਉਹ ਸੀਰੀਅਲ ਦੇਖ ਰਹੀ ਹੁੰਦੀ ਤਾਂ ਕਿਸੇ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਾ ਕਰਦੀ। ਨਾ ਪਤੀ ਦੀ ਅਤੇ ਨਾ ਹੀ ਬੱਚਿਆਂ ਦੀ। ਇਸ ਲਈ ਘਰ ਵਿੱਚ ਰੌਲਾ ਰੱਪਾ ਆਮ ਪਿਆ ਰਹਿੰਦਾ। ਸੁਖਮੀਤ ਦਾ ਪਤੀ ਦਿਲਜੀਤ ਸੁਭਾ ਪੱਖੋਂ ਸ਼ਾਂਤ ਸੀ। ਉਸ ਦਾ ਕਈ ਵਾਰ ਦਿਲ ਕਰਦਾ ਸੀ ਕਿ ਉਹ ਸੁਖਮੀਤ ਨਾਲ ਬਹੁਤ ਸਾਰੀਆਂ ਗੱਲਾਂ ਕਰੇ। ਉਹ ਭਾਵੇਂ ਦਿਲ ਦੀ ਚੰਗੀ ਸੀ, ਪਰ ਉਸ ਨੇ ਆਪਣੇ ਆਲੇ-ਦੁਆਲੇ ਦਿਖਾਵੇ ਦਾ ਜਾਲ ਬੁਣਿਆ ਹੋਇਆ ਸੀ। ਟੀਵੀ ਸੀਰੀਅਲ ਦੇਖਣ ਸਮੇਂ ਵੀ ਉਹ ਕਲਾਕਾਰਾਂ ਦੇ ਕੱਪੜੇ ਗਹਿਣੇ ਦੇਖਦੀ, ਫਿਰ ਉਸੇ ਤਰ੍ਹਾਂ ਦੀਆਂ ਗੱਲਾਂ ਕਰਦੀ। ਆਪ ਨੌਕਰੀ ਨਹੀਂ ਸੀ ਕਰਦੀ, ਬੱਚਿਆਂ ਨੂੰ ਸਕੂਲੋਂ ਮਿਲਿਆ ਘਰ ਦਾ ਕੰਮ ਕਰਨ ਲਈ ਵੀ ਗੁਆਂਢੀਆਂ ਦੀ ਕੁੜੀ ਕੋਲ ਟਿਊਸ਼ਨ ਲਾ ਦਿੱਤੀ।
ਬੱਚੇ ਤਿਆਰ ਹੋ ਗਏ। ਉਸ ਨੇ ਫਟਾਫਟ ਕੰਮ ਨਿਬੇੜਿਆ, ਤਿਆਰ ਹੋ ਕੇ ਪਰਸ ਲਿਆ ਅਤੇ ਸਕੂਟੀ ਦੀ ਚਾਬੀ ਚੁੱਕੀ। ਕਿਤਾਬਾਂ ਸਕੂਟੀ ਦੀ ਟੋਕਰੀ ਵਿੱਚ ਰੱਖੀਆਂ। ‘‘ਚਲੋ।’’ ਉਸ ਨੇ ਬੱਚਿਆਂ ਨੂੰ ਕਿਹਾ। ਉਹ ਬਾਹਰ ਆ ਗਏ। ਸਕੂਟੀ ਚਲਾਉਣ ਵੇਲੇ ਵੀ ਉਸ ਦੀ ਹਾਲਤ ਸਥਿਰ ਨਹੀਂ ਸੀ। ਗਲੀ ਵਿੱਚੋਂ ਬਾਹਰ ਨਿਕਲਦਿਆਂ ਹੀ ਸਕੂਟੀ ਰੇਹੜੀ ਵਿੱਚ ਵੱਜ ਚੱਲੀ ਸੀ, ਪਰ ਸੰਭਲ ਗਈ। ਰਸਤੇ ਵਿੱਚ ਉਸ ਨੇ ਬੱਚਿਆਂ ਨੂੰ ਸਖ਼ਤ ਤਾਕੀਦ ਕੀਤੀ ਕਿ ਸ਼ਰਾਰਤ ਨਹੀਂ ਕਰਨੀ। ਪੰਜ ਸੱਤ ਕੁ ਮਿੰਟ ਵਿੱਚ ਰੀਤ ਦੇ ਘਰ ਪਹੁੰਚ ਗਏ। ਉਹ ਆਪਣੇ ਕੰਮ ਨਿਬੇੜ ਚੁੱਕੀ ਸੀ, ਬੱਚੇ ਤਿਆਰ ਸਨ ਜਿਵੇਂ ਕਿਤੇ ਜਾਣਾ ਹੋਵੇ। ਸੁਖਮੀਤ ਨੇ ਉਨ੍ਹਾਂ ਨੂੰ ਮਿਲਦਿਆਂ ਪੁੱਛਿਆ, ‘‘ਤੁਸੀਂ ਜਾ ਰਹੇ ਓ ਕਿਤੇ? ਫਿਰ ਸਾਨੂੰ ਕਿਉਂ ਬੁਲਾਇਆ?’’
‘‘ਤੁਸੀਂ ਚਾਹ ਦੁੱਧ ਲਓਗੇ ਕੁੱਝ?’’ ਰੀਤ ਨੇ ਪੁੱਛਿਆ।
‘‘ਨਹੀਂ...ਅਸੀਂ ਕੁੱਝ ਨ੍ਹੀਂ ਲੈਣਾ।’’ ਸੁਖਮੀਤ ਬੋਲੀ।
‘‘ਆਪਣੀ ਸਕੂਟੀ ਅੰਦਰ ਕਰ ਦਿਓ। ਆਪਾਂ ਚੱਲਣਾ ਐ।’’ ਰੀਤ ਨੇ ਕਿਹਾ।
‘‘ਚੱਲਣਾ ਕਿੱਥੇ ਐ?’’ ਉਸ ਨੇ ਹੈਰਾਨ ਹੁੰਦਿਆਂ ਪੁੱਛਿਆ।
‘‘ਬਸ... ਆਹ ਨੇੜੇ ਜਿਹੜਾ ਪਾਰਕ ਐ ਉੱਥੇ ਚੱਲਦੇ ਆਂ। ਅੱਜ ਧੁੱਪ ਨਿੱਘੀ ਐ। ਬੱਚੇ ਵੀ ਖੇਡ ਲੈਣਗੇ।’’ ਇਹ ਸੁਣਦਿਆਂ ਹੀ ਬੱਚਿਆਂ ਨੇ ਬਾਹਾਂ ਉਲਾਰ ਕੇ... ‘ਹੇ...ਏ...ਏ...ਏ...।’ ਆਖਦਿਆਂ ਖ਼ੁਸ਼ੀ ਜ਼ਾਹਰ ਕੀਤੀ। ਉਸ ਨੇ ਸਕੂਟੀ ਅੰਦਰ ਕੀਤੀ। ਰੀਤ ਨੇ ਦਰਵਾਜ਼ੇ ਨੂੰ ਜਿੰਦਾ ਲਾਇਆ। ਚਾਬੀ ਸੁਖਮੀਤ ਨੂੰ ਪਰਸ ਵਿੱਚ ਰੱਖਣ ਲਈ ਆਖਿਆ। ਪਾਰਕ ਵਿੱਚ ਪਹੁੰਚ ਕੇ ਬੱਚੇ ਖੇਡਣ ਲੱਗ ਪਏ ਅਤੇ ਸੁਖਮੀਤ ਅਤੇ ਨਵਰੀਤ ਥੋੜ੍ਹਾ ਸਮਾਂ ਬੱਚਿਆਂ ਦੇ ਬਿਲਕੁਲ ਨੇੜੇ ਰਹੀਆਂ, ਫਿਰ ਇੱਕ ਪਾਸੇ ਬੈਂਚ ’ਤੇ ਬੈਠ ਗਈਆਂ।
‘‘ਬੱਚੇ ਕਿੰਨੇ ਪਿਆਰੇ ਲੱਗਦੇ ਨੇ ਹੱਸਦੇ ਖੇਡਦੇ।’’ ਰੀਤ ਬੱਚਿਆਂ ਨੂੰ ਦੇਖ ਕੇ ਖ਼ੁਸ਼ ਹੋ ਰਹੀ ਸੀ।
‘‘ਮੇਰੇ ਆਲੇ ਤਾਂ ਪੂਰੀਆਂ ਝਿੰਗਾਂ ਨੇ। ਜਮਾਂ ਨ੍ਹੀਂ ਕਹਿਣਾ ਮੰਨਦੇ। ਕਦੇ ਕਦੇ ਤਾਂ ਮੇਰਾ ਜੀਅ ਕਰਦਾ ਐ ਇਨ੍ਹਾਂ ਨੂੰ ਕਿਸੇ ਹੋਸਟਲ ਵਿੱਚ ਪਾ ਦੇਈਏ।’’ ਉਸ ਨੇ ਦੁਖੀ ਹੁੰਦਿਆਂ ਕਿਹਾ।
‘‘ਹਾਂ...ਖਹਿੜਾ ਛੁਡਾਉਣ ਲਈ, ਫ਼ਰਜ਼ਾਂ ਤੋਂ ਭੱਜਣ ਲਈ ਖ਼ਿਆਲ ਬੜਾ ਵਧੀਆ ਐ। ਤੈਨੂੰ ਯਾਦ ਐ ਜਦੋਂ ਆਪਾਂ ਸਕੂਲ ਪੜ੍ਹਦੇ ਸੀ ਤਾਂ ਪੜ੍ਹਦੇ ਹੁੰਦੇ ਸੀ ਕਿ ਸ਼ਿਵਾ ਜੀ ਮਰਾਠੇ ਦੀ ਬਹਾਦਰੀ ਦੇ ਪਿੱਛੇ ਉਨ੍ਹਾਂ ਦੀ ਮਾਂ ਜੀਜਾਬਾਈ ਦਾ ਬਹੁਤ ਵੱਡਾ ਰੋਲ ਸੀ।’’ ਰੀਤ ਦਾ ਧਿਆਨ ਬੱਚਿਆਂ ਵੱਲ ਹੀ ਸੀ।
‘‘ਹਾਏ! ਹਾਏ! ਮੈਨੂੰ ਤਾਂ ਸਭ ਬੜਾ ਬੋਰਿੰਗ ਲੱਗਦਾ ਐ ਹੁਣ ਵੀ। ਰੱਟੇ ਲਾ ਲਾ ਮਰ ਜਾਂਦੇ। ਫਿਰ ਵੀ ਨੰਬਰ ਘੱਟ ਈ ਆਉਂਦੇ ਹੁੰਦੇ ਸੀ। ਤੂੰ ਵੀ ਕਿੱਥੋਂ ਛੇੜ ਕੇ ਬਹਿ ਗੀ... ਕੋਈ ਚੱਜ ਦੀ ਗੱਲ ਕਰ ਅੜੀਏ।’’ ਸੁਖਮੀਤ ਨੇ ਮੱਥੇ ਤਿਊੜੀ ਪਾਉਂਦਿਆਂ ਕਿਹਾ।
‘‘ਉਦੋਂ ਗੱਲ ਕੁੱਝ ਹੋਰ ਸੀ ਸਮਝ ਘੱਟ ਸੀ। ਜੇ ਹੁਣ ਪੜ੍ਹ ਕੇ ਦੇਖੀਏ ਤਾਂ ਵੱਖਰੀ ਤਰ੍ਹਾਂ ਮਹਿਸੂਸ ਹੁੰਦਾ ਐ। ਮਾਂ ਕਿੰਨਾ ਕੁੱਝ ਕਰ ਸਕਦੀ ਐ। ਬਾਬਾ ਫ਼ਰੀਦ ਜੀ ਦੀ ਮਾਂ ਨੇ ਕਿਵੇਂ ਬਾਬਾ ਫ਼ਰੀਦ ਜੀ ਨੂੰ ਬੰਦਗੀ ਨਾਲ ਜੋੜਿਆ ਸੀ। ਮਾਤਾ ਗੁਜਰੀ ਜੀ ਨੇ ਆਪਣੇ ਪੋਤਿਆਂ ਅੰਦਰ ਭਗਤੀ ਤੇ ਸ਼ਕਤੀ ਕਿਵੇਂ ਕੁੱਟ ਕੁੱਟ ਕੇ ਭਰੀ ਸੀ। ਇਸੇ ਕਰਕੇ ਛੋਟੇ ਸਾਹਿਬਜ਼ਾਦੇ ਉਮਰੋਂ ਨਿੱਕੇ ਹੋ ਕੇ ਵੀ ‘ਬਾਬੇ’ ਅਖਵਾਏ।’’ ਰੀਤ ਬਿਲਕੁਲ ਸ਼ਾਂਤ ਭਾਵ ਨਾਲ ਗੱਲਾਂ ਕਰ ਰਹੀ ਸੀ।
‘‘ਇਹ ਵੱਡੇ ਲੋਕਾਂ ਦੀਆਂ ਗੱਲਾਂ ਨੇ।’’ ਸੁਖਮੀਤ ਨੇ ਕਿਹਾ।
‘‘ਹਾਂ...ਮੈਂ ਤਾਂ ਇਹ ਸੋਚ ਵੀ ਨਹੀਂ ਸਕਦੀ ਕਿ ਆਪਾਂ ਵੀ ਬੱਚਿਆਂ ਨੂੰ ਓਨੇ ਮਹਾਨ ਬਣਾ ਸਕਦੇ ਹਾਂ, ਪਰ ਆਮ ਨੇਕ ਇਨਸਾਨ ਬਣਨ ਵਿੱਚ ਉਨ੍ਹਾਂ ਦੀ ਮਦਦ ਤਾਂ ਕਰ ਈ ਸਕਦੇ ਹਾਂ।’’ ਰੀਤ ਗੰਭੀਰ ਸੀ।
‘‘ਵੈਸੇ ਅੱਜਕੱਲ੍ਹ ਤੈਨੂੰ ਹੋਇਆ ਕੀ ਐ?’’ ਸੁਖਮੀਤ ਨੇ ਉਸ ਦੇ ਚਿਹਰੇ ਵੱਲ ਦੇਖਦਿਆਂ ਕਿਹਾ।
‘‘ਹੋਇਆ ਤਾਂ ਕੁੱਝ ਨ੍ਹੀਂ... ਖਬਰਾਂ ਪੜ੍ਹ ਸੁਣ ਕੇ ਲੱਗਦਾ ਐ ਬੱਚਿਆਂ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਣਾ ਬਹੁਤ ਜ਼ਰੂਰੀ ਐ। ਇਹ ਵੱਡੇ ਵੀ ਹੋਣਗੇ। ਮਾਪੇ ਹਰ ਕਦਮ ’ਤੇ ਬੱਚਿਆਂ ਦੇ ਨਾਲ ਨਹੀਂ ਰਹਿ ਸਕਦੇ। ਜੇ ਮਾਨਸਿਕ ਪੱਖੋਂ ਤਕੜੇ ਹੋਣਗੇ ਤਾਂ ਕਿਸੇ ਦੇ ਪਿੱਛੇ ਲੱਗ ਕੇ ਗ਼ਲਤ ਰਾਹ ’ਤੇ ਨਹੀਂ ਜਾਣਗੇ।’’ ਉਹ ਬੋਲੀ।
‘‘ਕੀ ਕੀਤਾ ਜਾ ਸਕਦਾ ਐ ਫਿਰ?’’ ਸੁਖਮੀਤ ਨੇ ਪੁੱਛਿਆ।
‘‘ਆਪਣੇ ਸੁਆਦ ਤਿਆਗ ਕੇ ਬੱਚਿਆਂ ਦਾ ਹਰ ਪੱਖੋਂ ਧਿਆਨ ਰੱਖਣਾ ਜ਼ਰੂਰੀ ਹੈ।’’ ਉਸ ਨੇ ਆਖਿਆ।
‘‘ਸੁਆਦ ਤਿਆਗ ਕੇ ਮਤਲਬ?’’ ਸੁਖਮੀਤ ਨੇ ਤਿੱਖੀ ਜਿਹੀ ਨਜ਼ਰ ਨਾਲ ਰੀਤ ਵੱਲ ਦੇਖਦਿਆਂ ਪੁੱਛਿਆ।
‘‘ਜਿਵੇਂ ਤੈਨੂੰ ਸੀਰੀਅਲ ਦੇਖਣ ਦਾ ਚਸਕਾ ਲੱਗਿਆ ਹੋਇਆ। ਇਹਦੇ ਵਿੱਚ ਕਿੰਨਾ ਸਮਾਂ ਬਰਬਾਦ ਹੁੰਦਾ ਐ। ਜੇ ਦੇਖਣਾ ਵੀ ਐ ਤਾਂ ਉਸ ਸਮੇਂ ਦੇਖ ਲਵੋ ਜਦੋਂ ਬੱਚੇ ਸਕੂਲ ਗਏ ਹੋਣ।’’ ਉਹ ਬੋਲੀ।
‘‘ਰੀਤ! ਤੂੰ ਸਕੂਲ ਖੋਲ੍ਹ ਲੈ ਬੁੜ੍ਹੀਆਂ ਨੂੰ ਪੜ੍ਹਾਉਣ ਲਈ।’’ ਬੁੜ੍ਹੀਆਂ ਸ਼ਬਦ ਉਸ ਨੇ ਹਰ ਔਰਤ ਲਈ ਵਰਤਿਆ ਸੀ ਭਾਵੇਂ ਉਹ ਜਵਾਨ ਹੀ ਹੋਵੇ। ਉਹ ਸ਼ਾਇਦ ਗੰਭੀਰ ਨਹੀਂ ਸੀ।
‘‘ਮੈਂ ਸੱਚੀ ਕਹਿ ਰਹੀ ਆਂ। ਹੁਣ ਇਨ੍ਹਾਂ ਦੀਆਂ ਨੀਹਾਂ ਮਜ਼ਬੂਤ ਕਰਨ ਦਾ ਸਮਾਂ ਐ। ਮੈਨੂੰ ਪਤੈ ਕਿ ਆਪਾਂ ਨੂੰ ਐਨਾ ਗਿਆਨ ਨਹੀਂ ਕਿ ਬੱਚਿਆਂ ਵਿੱਚ ਚੰਗੇ ਸੰਸਕਾਰ ਕਿਵੇਂ ਭਰੀਏ, ਪਰ ਜਿਹੜੀਆਂ ਕਿਤਾਬਾਂ ਬੱਚਿਆਂ ਲਈ ਲਿਖੀਆਂ ਗਈਆਂ ਉਹ ਤਾਂ ਇਨ੍ਹਾਂ ਨੂੰ ਪੜ੍ਹਨ ਦੀ ਚੇਟਕ ਲਾ ਸਕਦੇ ਆਂ। ਸੁਖਮੀਤ! ਇੱਕ ਵਾਰ ਗੰਭੀਰ ਹੋ ਕੇ ਸੋਚਣਾ... ’ਕੱਲੇ ਅਧਿਆਪਕ ਅੱਜਕੱਲ੍ਹ ਦੇ ਬੱਚਿਆਂ ਨੂੰ ਨਹੀਂ ਸੰਭਾਲ ਸਕਦੇ। ਆਪਾਂ ਵੀ ਅਵੇਸਲੇ ਨਹੀਂ ਹੋ ਸਕਦੇ। ਜੇ ਆਪਾਂ ਹੁਣ ਲਾਪਰਵਾਹੀ ਵਰਤੀ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਆਪਣੇ ਆਪ ਨੂੰ ਕਦੇ ਵੀ ਮੁਆਫ਼ ਨਹੀਂ ਕਰ ਸਕਾਂਗੇ। ਹੁਣ ਵੇਲਾ ਹੈ ਫਿਰ ਕੁਵੇਲੇ ਦੀਆਂ ਟੱਕਰਾਂ ਮਾਰਨ ਦਾ ਕੋਈ ਫਾਇਦਾ ਨਹੀਂ ਹੋਣਾ।’’ ਰੀਤ ਦੇ ਦਿਮਾਗ਼ ਵਿੱਚ ਸਮਾਜ ਅੰਦਰ ਫੈਲ ਰਹੀਆਂ ਬੁਰਾਈਆਂ ਘੁੰਮ ਰਹੀਆਂ ਸਨ। ਉਸ ਦੀ ਇਹੀ ਕੋਸ਼ਿਸ਼ ਸੀ ਕਿ ਆਪਣੇ ਬੱਚਿਆਂ ਨੂੰ ਕਿਵੇਂ ਬਚਾਇਆ ਜਾਵੇ। ਸੁਖਮੀਤ ਆਪਣੇ ਮੋਬਾਈਲ ’ਤੇ ਲੱਗੀ ਹੋਈ ਸੀ। ਰੀਤ ਚੁੱਪ ਕਰ ਗਈ ਅਤੇ ਉਸ ਨੂੰ ਦੇਖ ਕੇ ਖੜ੍ਹੀ ਹੋ ਗਈ।
‘‘ਚਲੋ ਚੱਲਦੇ ਆਂ ਘਰ... ਜਸ਼ਨ ਦੇ ਪਾਪਾ ਵੀ ਆਉਣ ਵਾਲੇ ਐ।’’ ਇਹ ਸੁਣ ਕੇ ਸੁਖਮੀਤ ਵੀ ਉੱਠ ਖੜ੍ਹੀ ਹੋਈ। ਬੱਚੇ ਥੋੜ੍ਹਾ ਸਮਾਂ ਹੋਰ ਰੁਕਣ ਲਈ ਆਖ ਰਹੇ ਸਨ। ਜਦੋਂ ਰੁਕਣ ਦੀ ਇਜਾਜ਼ਤ ਨਾ ਮਿਲੀ ਤਾਂ ਉਹ ਵੀ ਢਿੱਲੇ ਜਿਹੇ ਮੂੰਹ ਕਰਕੇ ਅੱਗੇ ਅੱਗੇ ਤੁਰ ਪਏ।
‘‘ਰੀਤ ਤੂੰ ਐਨੀ ਟੈਂਸ਼ਨ ਨਾ ਲੈ। ਜੋ ਬਾਕੀ ਦੁਨੀਆ ਦਾ ਬਣੂ ਆਪਣਾ ਬਣ ਜੂ।’’ ਸੁਖਮੀਤ ਨੇ ਕਿਹਾ। ਰੀਤ ਦੇ ਜਵਾਬ ਦੇਣ ਤੋਂ ਪਹਿਲਾਂ ਇੱਕ ਮੋਟਰਸਾਈਕਲ ’ਤੇ ਸਵਾਰ ਤਿੰਨ ਮੁੰਡੇ ਐਨੀ ਤੇਜ਼ੀ ਨਾਲ ਆਏ ਕਿ ਇੱਕ ਵਾਰ ਤਾਂ ਇਸ ਤਰ੍ਹਾਂ ਲੱਗਿਆ ਕਿ ਉਹ ਸਭ ਨੂੰ ਨਾਲ ਹੀ ਲਪੇਟ ਕੇ ਲੈ ਜਾਣਗੇ। ਰੀਤ ਤੇ ਸੁਖਮੀਤ ਨੇ ਬੱਚਿਆਂ ਨੂੰ ਬਾਹਵਾਂ ਫੜ ਕੇ ਪਾਸੇ ਕੀਤਾ। ਬੱਚੇ ਵੀ ਥੋੜ੍ਹਾ ਸਹਿਮ ਗਏ। ਮੋਟਰਸਾਈਕਲ ਸਵਾਰ ਉਨ੍ਹਾਂ ਦੀ ਘਬਰਾਹਟ ਦੇਖ ਕੇ ਹੱਸਦੇ ਰੌਲਾ ਪਾਉਂਦੇ ਨ੍ਹੇਰੀ ਵਾਂਗ ਲੰਘ ਗਏ।
‘‘ਜਿਨ੍ਹਾਂ ਨੂੰ ਚੰਗੇ ਸੰਸਕਾਰ ਨਹੀਂ ਮਿਲਦੇ... ਉਹ ਬੱਚੇ ਏਦਾਂ ਦੇ ਹੀ ਬਣਦੇ ਨੇ।’’ ਰੀਤ ਨੇ ਕਿਹਾ।
‘‘ਇਹ ਉਮਰ ਹੀ ਜੋਸ਼ ਵਾਲੀ ਹੁੰਦੀ ਐ।’’ ਸੁਖਮੀਤ ਵੀ ਸਹਿਮੀ ਹੋਈ ਸੀ, ਫਿਰ ਵੀ ਉਸ ਨੇ ਮੁੰਡਿਆਂ ਦੇ ਪੱਖ ਵਿੱਚ ਦਲੀਲ ਦਿੱਤੀ।
‘‘ਜੇ ਚੰਗੀ ਸਿੱਖਿਆ ਮਿਲੀ ਹੋਵੇ ਜੋਸ਼ ਸਿੱਧੇ ਕੰਮਾਂ ਵਿੱਚ ਵੀ ਵਰਤਿਆ ਜਾ ਸਕਦਾ ਐ।’’ ਰੀਤ ਥੋੜ੍ਹੀ ਤਿੱਖੀ ਸੁਰ ਵਿੱਚ ਬੋਲੀ। ਗੱਲਾਂ ਕਰਦਿਆਂ ਉਹ ਘਰ ਪਹੁੰਚ ਗਏ। ਸੁਖਮੀਤ ਨੇ ਪਰਸ ਵਿੱਚੋਂ ਚਾਬੀ ਕੱਢ ਕੇ ਰੀਤ ਨੂੰ ਫੜਾਈ, ਉਸ ਨੇ ਜਿੰਦਾ ਖੋਲ੍ਹਿਆ। ਸੁਖਮੀਤ ਨੇ ਸਕੂਟੀ ਦੀ ਟੋਕਰੀ ਵਿੱਚੋਂ ਕਿਤਾਬਾਂ ਕੱਢ ਕੇ ਰੀਤ ਨੂੰ ਫੜਾਈਆਂ। ਉਸ ਨੇ ਚੁੱਪ ਕਰਕੇ ਫੜ ਲਈਆਂ।
‘‘ਥੋੜ੍ਹੀ ਥੋੜ੍ਹੀ ਚਾਹ ਬਣਾਵਾਂ?’’ ਰੀਤ ਨੇ ਪੁੱਛਿਆ।
‘‘ਨਹੀਂ ਹੁਣ ਚੱਲਦੇ ਆਂ।’’ ਆਖਦਿਆਂ ਉਹ ਬੱਚਿਆਂ ਨੂੰ ਲੈ ਕੇ ਚਲੀ ਗਈ। ਨਵਰੀਤ ਦੇ ਚਿਹਰੇ ’ਤੇ ਥੋੜ੍ਹੀ ਨਿਰਾਸ਼ਾ ਸੀ। ਉਸ ਨੇ ਕਿਤਾਬਾਂ ਅੰਦਰ ਲਿਜਾ ਕੇ ਰੱਖ ਦਿੱਤੀਆਂ ਅਤੇ ਰਸੋਈ ਵਿੱਚ ਚਲੀ ਗਈ।
ਘਰ ਜਾ ਕੇ ਸੁਖਮੀਤ ਨੇ ਸਾਰੀਆਂ ਗੱਲਾਂ ਆਪਣੇ ਪਤੀ ਦਿਲਜੀਤ ਨੂੰ ਦੱਸੀਆਂ। ਜਦੋਂ ਉਸ ਨੇ ਦੱਸਿਆ ਕਿ ਮੈਂ ਰੀਤ ਨੂੰ ਕਿਹਾ, ‘‘ਜੋ ਦੁਨੀਆ ਦਾ ਬਣੂ ਆਪਣਾ ਬਣ ਜੂ ਟੈਂਸ਼ਨ ਕਿਉਂ ਲੈਣੀ ਐ।’’ ਦਿਲਜੀਤ ਨੇ ਉਸ ਦੇ ਮੂਹਰੇ ਅਖ਼ਬਾਰ ਰੱਖ ਦਿੱਤਾ ਜਿਸ ਦੇ ਪਹਿਲੇ ਸਫ਼ੇ ’ਤੇ ਹੀ ਨਸ਼ੇ ਨਾਲ ਮੌਤਾਂ, ਖ਼ੁਦਕੁਸ਼ੀਆਂ, ਮਾਰ ਧਾੜ ਦੀਆਂ ਦਿਲ ਕੰਬਾਊ ਖ਼ਬਰਾਂ ਸਨ।
‘‘ਦੁਨੀਆ ਵਿੱਚ ਤਾਂ ਆਹ ਸਾਰਾ ਕੁੱਝ ਹੋ ਰਿਹਾ ਐ।’’ ਦਿਲਜੀਤ ਨੇ ਉਸ ਨੂੰ ਖ਼ਬਰਾਂ ਦਿਖਾਉਂਦਿਆਂ ਆਖਿਆ।
‘‘ਕੀ ਆਪਣੇ ਬੱਚਿਆਂ ਨੂੰ ਇਸੇ ਤਰ੍ਹਾਂ ਦੇ ਬਣਾਉਣਾ ਐ...?’’ ਸੁਖਮੀਤ ਨੇ ਦਿਲਜੀਤ ਦੇ ਮੂੰਹ ’ਤੇ ਹੱਥ ਰੱਖ ਕੇ ਉਸ ਨੂੰ ਅੱਗੇ ਬੋਲਣ ਤੋਂ ਰੋਕਿਆ। ਉਸ ਦਾ ਚਿਹਰਾ ਇਕਦਮ ਉਤਰ ਗਿਆ। ਚੁੱਪ ਕਰਕੇ ਆਪਣੇ ਕੰਮਾਂ ਨੂੰ ਜਾ ਲੱਗੀ। ਦਿਲਜੀਤ ਹੋਰ ਵੀ ਬੜਾ ਕੁਝ ਆਖਣਾ ਚਾਹੁੰਦਾ ਸੀ, ਪਰ ਪਤਨੀ ਦਾ ਉਤਰਿਆ ਚਿਹਰਾ ਦੇਖ ਕੇ ਚੁੱਪ ਕਰ ਗਿਆ।
***
‘‘ਹੈਲੋ ਰੀਤ! ਕੀ ਮੈਂ ਬੱਚਿਆਂ ਨੂੰ ਲੈ ਕੇ ਤੇਰੇ ਘਰ ਆ ਸਕਦੀ ਆਂ?’’ ਸੁਖਮੀਤ ਨੇ ਅਗਲੇ ਦਿਨ ਸਵੇਰੇ ਦਸ ਕੁ ਵਜੇ ਹੀ ਫੋਨ ਲਾ ਲਿਆ।
‘‘ਹਾਂ...ਹਾਂ...ਪੁੱਛਣ ਵਾਲੀ ਕੀ ਗੱਲ ਐ? ਪਰ ਸਭ ਠੀਕ ਐ ਨਾ?’’ ਉਸ ਨੇ ਫਿਕਰਮੰਦ ਹੁੰਦਿਆਂ ਪੁੱਛਿਆ।
‘‘ਅਸੀਂ ਆ ਰਹੇ ਆਂ...ਆ ਕੇ ਗੱਲ ਕਰਦੀ ਆਂ।’’ ਆਖ ਕੇ ਉਸ ਨੇ ਫੋਨ ਕੱਟ ਦਿੱਤਾ। ਰੀਤ ਉੱਠ ਕੇ ਅੰਦਰੋਂ ਦੋ ਕੁਰਸੀਆਂ ਚੁੱਕ ਲਿਆਈ। ਦਸੰਬਰ ਮਹੀਨਾ ਹੋਣ ਕਰਕੇ ਉਹ ਧੁੱਪੇ ਹੀ ਵਿਹੜੇ ਵਿੱਚ ਬੈਠਦੇ ਸਨ। ਥੋੜ੍ਹੀ ਦੇਰ ਬਾਅਦ ਸੁਖਮੀਤ ਆਪਣੇ ਦੋਵੇਂ ਬੱਚਿਆਂ ਨੂੰ ਲੈ ਕੇ ਆ ਗਈ।
‘‘ਸੁੱਖ ਤਾਂ ਹੈ?’’ ਨਵਰੀਤ ਨੇ ਪੁੱਛਿਆ।
‘ਹਾਂ... ਪਰ ਮੈਨੂੰ ਚਿੰਤਾ ਹੋ ਰਹੀ ਹੈ।’’ ਉਸ ਨੇ ਦੱਸਿਆ।
‘‘ਕਿਉਂ ਕੀ ਹੋਇਆ?’’ ਰੀਤ ਨੇ ਸਹਿਜੇ ਹੀ ਪੁੱਛਿਆ।
ਰੀਤ ਨੇ ਉਸ ਦੇ ਬੱਚਿਆਂ ਨੂੰ ਆਪਣੇ ਬੱਚਿਆਂ ਕੋਲ ਬਿਠਾ ਦਿੱਤਾ ਅਤੇ ਆਪ ਉਸ ਕੋਲ ਬੈਠ ਗਈ।
‘‘ਕੱਲ੍ਹ ਮੈਂ ਤੇਰੀਆਂ ਕਹੀਆਂ ਗੱਲਾਂ ਦਿਲਜੀਤ ਨੂੰ ਦੱਸੀਆਂ। ਉਨ੍ਹਾਂ ਨੇ ਮੈਨੂੰ ਬਹੁਤ ਸਾਰੀਆਂ ਗੱਲਾਂ ਸੁਣਾਈਆਂ। ਕਹਿੰਦੇ... ਆਉਣ ਵਾਲੇ ਸਮੇਂ ਵਿੱਚ ਉਹੀ ਜਵਾਕ ਬਚ ਸਕਦੇ ਹਨ ਜਿਹੜੇ ਠੀਕ ਗ਼ਲਤ ਦਾ ਫ਼ਰਕ ਸਮਝ ਸਕਦੇ ਹੋਣਗੇ।’’ ਉਹ ਚੁੱਪ ਹੋ ਗਈ।
‘‘ਹਾਂ ਇਹ ਤਾਂ ਹੈ।’’ ਰੀਤ ਨੇ ਹਾਮੀ ਭਰੀ।
‘‘ਉਹ ਕਹਿੰਦੇ ਰੀਤ ਬਿਲਕੁਲ ਸਹੀ ਪਾਸੇ ਲਾ ਰਹੀ ਐ ਬੱਚਿਆਂ ਨੂੰ...ਬਹੁਤੀਆਂ ਗੱਲਾਂ ਕੀ ਆਖਣੀਆਂ, ਮੈਨੂੰ ਇਹ ਦੱਸ ਦੇ ਜਵਾਕਾਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਕਿਵੇਂ ਪਾਵਾਂ?’’ ਸੁਖਮੀਤ ਨੇ ਕਾਹਲੀ ਵਿੱਚ ਮੁੱਦੇ ਦੀ ਗੱਲ ਦੱਸੀ।
‘‘ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਬੱਚੇ ਕਹੀ ਹੋਈ ਗੱਲ ਨਹੀਂ ਮੰਨਦੇ...ਉਹ ਜੋ ਹਰ ਰੋਜ਼ ਦੇਖਦੇ ਨੇ ਉਹੀ ਅਪਣਾ ਲੈਂਦੇ ਨੇ।’’ ਰੀਤ ਨੇ ਕਿਹਾ।
‘‘ਬਸ ਮੈਨੂੰ ਦੱਸ ਦੇ... ਮੈਂ ਕੀ ਕਰਾਂ?’’ ਸੁਖਮੀਤ ਬੋਲੀ।
‘‘ਵੈਸੇ ਮੈਂ ਇੱਕ ਗੱਲ ਪੁੱਛਾਂ ਤੈਨੂੰ?’’ ਰੀਤ ਬੋਲੀ।
‘‘ਹਾਂ...।’’
‘‘ਮੈਂ ਤੈਨੂੰ ਅੱਗੇ ਵੀ ਕਈ ਵਾਰ ਕਿਤਾਬਾਂ ਪੜ੍ਹਨ ਨੂੰ ਕਿਹਾ। ਤੂੰ ਗੱਲ ਨੂੰ ਸੁਣਦੀ ਨਹੀਂ ਸੀ ਤੇ ਮੈਨੂੰ ਵੀ ਮਜ਼ਾਕ ਕਰਦੀ ਸੀ। ਹੁਣ ਇਹੋ ਜਿਹਾ ਕੀ ਹੋਇਆ? ਤੈਨੂੰ ਐਨੀ ਕਾਹਲੀ ਲੱਗੀ ਹੋਈ ਐ।’’ ਸੁਖਮੀਤ ਦੀਆਂ ਅੱਖਾਂ ਭਰੀਆਂ ਹੋਈਆਂ ਸਨ। ਰੀਤ ਨੇ ਉਸ ਦੇ ਸੱਜੇ ਹੱਥ ਨੂੰ ਆਪਣੇ ਦੋਵਾਂ ਹੱਥਾਂ ਵਿੱਚ ਲੈ ਲਿਆ। ਉਸ ਦੇ ਹੱਥ ਨੂੰ ਥਾਪੜਦਿਆਂ ਇਸ਼ਾਰੇ ਨਾਲ ਗੱਲ ਦੱਸਣ ਲਈ ਕਿਹਾ।
‘‘ਜੇ ਸੱਚ ਪੁੱਛੇਂ ਤਾਂ ਮੈਂ ਕਦੇ ਗੰਭੀਰਤਾ ਨਾਲ ਨਹੀਂ ਸੋਚਿਆ ਇਹ ਸਭ। ਕੱਲ੍ਹ ਤੇਰੀਆਂ ਗੱਲਾਂ ਦਾ ਥੋੜ੍ਹਾ ਕੁ ਅਸਰ ਹੋਇਆ। ਫਿਰ ਨੀਟੂ ਦੇ ਪਾਪਾ ਨੇ ਜੋ ਦੱਸਿਆ। ਅੱਜ ਸਵੇਰੇ ਮਾਮਾ ਜੀ ਦੀ ਕੁੜੀ ਦਾ ਫੋਨ ਆਇਆ। ਉਸ ਦਾ ਬੇਟਾ ਬੱਬੂ ਕਿਸੇ ਚੰਦਰੇ ਨੇ ਨਸ਼ੇ ਕਰਨ ਲਾ ਦਿੱਤਾ। ਨਸ਼ੇ ਕਰਨ ਵਾਲਿਆਂ ਦੀ ਉਮਰ ਕਹਿੰਦੇ ਨੇ ਚਾਰ ਪੰਜ ਸਾਲ ਈ ਹੁੰਦੀ ਐ। ਉਨ੍ਹਾਂ ਨੇ ਮਸਾਂ ਸੁੱਖਾਂ ਸੁੱਖ ਕੇ ਪੁੱਤਰ ਲਿਆ ਸੀ।’’ ਉਹ ਰੋ ਪਈ।
‘‘ਆਪਾਂ ਦੂਜਿਆਂ ਨੂੰ ਦੋਸ਼ ਨਾ ਦੇਈਏ... ਇਸ ਦਾ ਮਤਲਬ ਬੱਬੂ ਮਾਨਸਿਕ ਤੌਰ ’ਤੇ ਕਮਜ਼ੋਰ ਹੋਊ, ਇਸ ਲਈ ਕਿਸੇ ਦੀਆਂ ਗੱਲਾਂ ਵਿੱਚ ਆ ਗਿਆ। ਨਹੀਂ ਤਾਂ ਸਭ ਨੂੰ ਪਤਾ ਐ ਨਸ਼ੇ ਦੀ ਦਲਦਲ ਵਿੱਚ ਫਸਿਆਂ ਦਾ ਕੀ ਹਸ਼ਰ ਹੁੰਦਾ ਐ।’’ ਫਿਰ ਕਿੰਨੀ ਦੇਰ ਉਹ ਚੁੱਪ-ਚਾਪ ਬੈਠੀਆਂ ਰਹੀਆਂ। ਚੁੱਪ ਡੂੰਘੀ ਉਤਰਦੀ ਚਿੰਤਾ ਬਣ ਰਹੀ ਸੀ।
ਰੀਤ ਨੇ ਉਸ ਦਾ ਹੱਥ ਫੜਦਿਆਂ ਕਿਹਾ, ‘‘ਚੱਲ ਉੱਠ! ਇਹ ਗੱਲਾਂ ਫਿਰ ਕਰਾਂਗੇ, ਹੁਣ ਬੱਚਿਆਂ ਕੋਲ ਚੱਲਦੇ ਆਂ।’’ ਉਹ ਬੱਚਿਆਂ ਕੋਲ ਹੇਠਾਂ ਵਿਛੀ ਦਰੀ ’ਤੇ ਹੀ ਬੈਠ ਗਈ। ਸੁਖਮੀਤ ਨੂੰ ਕੁਰਸੀ ’ਤੇ ਬੈਠਣ ਲਈ ਕਿਹਾ।
‘‘ਨਹੀਂ...ਮੈਂ ਵੀ ਹੇਠਾਂ ਈ ਬੈਠਦੀ ਆਂ।’’ ਉਸ ਨੇ ਦਰੀ ’ਤੇ ਬੈਠਦਿਆਂ ਕਿਹਾ। ਉਸ ਨੇ ਕੰਧ ਨਾਲ ਢੋਅ ਲਾ ਕੇ ਸੂਰਜ ਵੱਲ ਮੂੰਹ ਕਰਕੇ ਅੱਖਾਂ ਬੰਦ ਕਰ ਲਈਆਂ। ਅੱਜ ਉਸ ਨੂੰ ਇਸ ਤਰ੍ਹਾਂ ਕਰਦਿਆਂ ਰੰਗ ਕਾਲਾ ਹੋਣ ਦਾ ਫ਼ਿਕਰ ਨਹੀਂ ਸੀ।
‘‘ਬੱਚਿਓ! ਅੱਜ ਤੁਹਾਨੂੰ ਸੁਖਮੀਤ ਮਾਸੀ ਕਹਾਣੀ ਪੜ੍ਹ ਕੇ ਸੁਣਾਉਣਗੇ।’’ ਰੀਤ ਨੇ ਆਖਿਆ।
‘‘ਮਾਸੀ?’’ ਰੀਤ ਦੇ ਬੱਚੇ ’ਕੱਠੇ ਈ ਬੋਲੇ।
‘‘ਹਾਂ ਜੀ... ਮੇਰੀ ਭੈਣ ਵਰਗੀ ਸਹੇਲੀ ਮਾਸੀ ਈ ਹੋਈ ਨਾ।’’ ਸੁਖਮੀਤ ਨੇ ਅੱਖਾਂ ਖੋਲ੍ਹੀਆਂ ਤੇ ਰੀਤ ਨੇ ਕਿਤਾਬ ਉਸ ਨੂੰ ਫੜਾਈ।
‘‘ਰੀਤ ਤੂੰ ਸੁਣਾ ਕਹਾਣੀ...ਮੇਰਾ ਮਨ ਨਹੀਂ ਕਰਦਾ।’’ ਉਸ ਨੇ ਅੱਖਾਂ ਫਿਰ ਤੋਂ ਬੰਦ ਕਰ ਲਈਆਂ।
‘‘ਇਹ ਤੇਰਾ ਪਹਿਲਾ ਸਬਕ ਐ।’’ ਰੀਤ ਨੇ ਕਿਹਾ। ਸੁਖਮੀਤ ਪੜ੍ਹਨ ਲੱਗੀ। ਉਸ ਦੇ ਬੱਚੇ ਇੱਕ ਦੂਜੇ ਦੇ ਕੂਹਣੀਆਂ ਮਾਰ ਰਹੇ ਸਨ ਤੇ ਕਦੇ ਕਦੇ ਮੂੰਹ ’ਤੇ ਹੱਥ ਰੱਖ ਕੇ ਹੱਸਦੇ। ਸੁਖਮੀਤ ਨੇ ਪੜ੍ਹਨਾ ਬੰਦ ਕਰ ਦਿੱਤਾ ਅਤੇ ਉਨ੍ਹਾਂ ਵੱਲ ਘੂਰੀ ਵੱਟੀ। ਰੀਤ ਨੇ ਉਸ ਦੇ ਮੋਢੇ ’ਤੇ ਹੱਥ ਰੱਖ ਦਿੱਤਾ। ਇਹ ਸੁਖਮੀਤ ਲਈ ਰੁਕਣ ਦਾ ਇਸ਼ਾਰਾ ਸੀ। ਉਹ ਅੰਦਰੋਂ ਇੱਕ ਕਾਗਜ਼ ਤੇ ਪੈਨਸਿਲ ਲੈ ਆਈ। ਕਾਗਜ਼ ਦੇ ਵਿਚਕਾਰ ਲਾਈਨ ਲਾ ਕੇ ਇੱਕ ਪਾਸੇ ਚੰਗਾ, ਦੂਜੇ ਪਾਸੇ ਬੁਰਾ ਲਿਖ ਦਿੱਤਾ।
‘‘ਹੁਣ ਜਦੋਂ ਵੀ ਕਿਸੇ ਵੀ ਬੱਚੇ ਨੇ ਕੋਈ ਸ਼ਰਾਰਤ ਕੀਤੀ ਤਾਂ ਬੁਰੇ ਦੇ ਹੇਠ ਉਸ ਦਾ ਨਾਂ ਲਿਖਿਆ ਜਾਵੇਗਾ। ਜਿਹੜੇ ਬੱਚੇ ਦਾ ਨਾਂ ਬੁਰੇ ਵਾਲੇ ਪਾਸੇ ਆ ਗਿਆ.... ਸਮਝ ਲੈਣਾ ਕਿ ਉਸ ਦੀਆਂ ਆਦਤਾਂ ਬੁਰੀਆਂ ਨੇ। ਮੈਨੂੰ ਲੱਗਦਾ ਤੁਸੀਂ ਸਾਰੇ ਬਹੁਤ ਚੰਗੇ ਓ, ਕੋਈ ਵੀ ਸ਼ਰਾਰਤ ਨਹੀਂ ਕਰੋਗੇ।’’ ਇਹ ਆਖ ਕੇ ਉਸ ਨੇ ਸੁਖਮੀਤ ਨੂੰ ਅੱਗੇ ਪੜ੍ਹਨ ਲਈ ਆਖਿਆ। ਸੁਖਮੀਤ ਨੇ ਪੜ੍ਹਨਾ ਸ਼ੁਰੂ ਕੀਤਾ। ਬੱਚੇ ਚੁੱਪ ਕਰਕੇ ਸੁਣਨ ਲੱਗੇ। ਜਦੋਂ ਕਹਾਣੀ ਖ਼ਤਮ ਹੋਈ ਤਾਂ ਰੀਤ ਦੀ ਬੇਟੀ ਜਸ਼ਨ ਨੇ ਕਿਹਾ, ‘‘ਮੰਮੀ ਮੈਂ ਇਹ ਕਹਾਣੀ ਮੂੰਹ ਜ਼ੁਬਾਨੀ ਸੁਣਾਵਾਂ?’’ ਬੇਟੇ ਅਨੂਪ ਨੇ ਮਾਣ ਨਾਲ ਕਿਹਾ, ‘‘ਮੈਂ ਵੀ ਸੁਣਾ ਸਕਦਾ ਹਾਂ।’’ ਸੁਖਮੀਤ ਨੇ ਆਪਣੇ ਬੱਚਿਆਂ ਨੂੰ ਪੁੱਛਿਆ, ‘‘ਤੁਸੀਂ ਸੁਣਾ ਸਕਦੇ ਓ?’’ ਬੱਚਿਆਂ ਨੇ ਕੋਈ ਜਵਾਬ ਨਾ ਦਿੱਤਾ।
‘‘ਹਾਂ ਜੀ... ਨੀਟੂ ਤੇ ਚਿੰਕੀ ਵੀ ਸੁਣਾ ਸਕਦੇ ਨੇ। ਪਹਿਲਾਂ ਅਨੂਪ ਤੇ ਜਸ਼ਨ ਸੁਣਾਉਣਗੇ।’’ ਰੀਤ ਬੋਲੀ।
ਇਹ ਸਿਲਸਿਲਾ ਚੱਲਦਾ ਰਿਹਾ। ਅਨੂਪ ਅਤੇ ਜਸ਼ਨ ਨੇ ਥੋੜ੍ਹੇ ਸ਼ਬਦਾਂ ਵਿੱਚ ਕਹਾਣੀ ਸੁਣਾ ਦਿੱਤੀ। ਉਸ ਤੋਂ ਬਾਅਦ ਨੀਟੂ ਤੇ ਚਿੰਕੀ ਨੇ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਰੀਤ ਨੇ ਬੱਚਿਆਂ ਨੂੰ ਕੋਈ ਵੀ ਕਵਿਤਾ ਸੁਣਾਉਣ ਲਈ ਕਿਹਾ। ਸਾਰਿਆਂ ਨੇ ਸੁਣਾ ਦਿੱਤੀਆਂ। ਤਾੜੀਆਂ ਮਾਰੀਆਂ ਗਈਆਂ। ਸੁਖਮੀਤ ਠੀਕ ਮਹਿਸੂਸ ਕਰ ਰਹੀ ਸੀ। ਇਸ ਸਾਰੇ ਕੰਮ ਨੂੰ ਤਕਰੀਬਨ ਦੋ ਘੰਟੇ ਲੱਗ ਗਏ। ਰੀਤ ਥੋੜ੍ਹਾ ਖਾਣ ਪੀਣ ਦਾ ਸਾਮਾਨ ਲੈ ਆਈ।
‘‘ਹੁਣ ਅਸੀਂ ਚੱਲਦੇ ਆਂ...ਬਹੁਤ ਵਧੀਆ ਲੱਗਿਆ। ਇੱਕ ਨਵੀਂ ਆਸ ਬੱਝੀ।’’ ਇਹ ਕਹਿੰਦਿਆਂ ਉਸ ਨੇ ਰੀਤ ਨੂੰ ਘੁੱਟ ਕੇ ਜੱਫੀ ਪਾਈ ਤੇ ਧੰਨਵਾਦ ਕੀਤਾ।
‘‘ਮੈਨੂੰ ਵੀ ਵਧੀਆ ਮਹਿਸੂਸ ਹੋਇਆ। ਛੁੱਟੀ ਵਾਲੇ ਦਿਨ ਆ ਜਾਇਆ ਕਰ ਬੱਚਿਆਂ ਨੂੰ ਲੈ ਕੇ।’’ ਰੀਤ ਨੇ ਕਿਹਾ।
ਰਾਤ ਨੂੰ ਅੱਠ ਕੁ ਵਜੇ ਚਿੰਕੀ ਦਾ ਫੋਨ ਆਇਆ।
‘‘ਆਂਟੀ ਅਸੀਂ ਕਹਾਣੀ ਪੜ੍ਹੀ ਸੀ। ਮੰਮੀ ਨੇ ਮੂੰਹ ਜ਼ੁਬਾਨੀ ਸੁਣਾ ਦਿੱਤੀ ਸਾਰੀ ਕਹਾਣੀ।’’
‘‘ਅੱਛਾ ਜੀ! ਵਾਹ ਜੀ ਵਾਹ!’’ ਰੀਤ ਨੇ ਖ਼ੁਸ਼ ਹੁੰਦਿਆਂ ਕਿਹਾ। ਸੁਖਮੀਤ ਨੇ ਬੱਚਿਆਂ ਤੋਂ ਫੋਨ ਫੜ ਲਿਆ।
‘‘ਅੱਜ ਸਾਡੇ ਬੱਚਿਆਂ ਨੇ ਟੀਵੀ ਲਾਉਣ ਦੀ ਜ਼ਿੱਦ ਨਹੀਂ ਕੀਤੀ।’’ ਉਸ ਨੇ ਹੌਲੀ ਜਿਹੀ ਦੱਸਿਆ।
‘‘ਤੇਰੇ ਸੀਰੀਅਲ?’’ ਰੀਤ ਨੇ ਪੁੱਛਿਆ।
‘‘ਮੇਰਾ ਵੀ ਦਿਲ ਨਹੀਂ ਕੀਤਾ।’’ ਉਸ ਨੇ ਦੱਸਿਆ।
‘‘ਮੇਰੀ ਗੱਲ ਧਿਆਨ ਨਾਲ ਸੁਣ... ਹੁਣ ਦਸੰਬਰ ਦੀਆਂ ਛੁੱਟੀਆਂ ਹੋ ਜਾਣੀਆਂ ਅਗਲੇ ਹਫ਼ਤੇ। ਤੂੰ ਦੋ ਕੁ ਦਿਨ ਬੱਚਿਆਂ ਨੂੰ ਲੈ ਕੇ ਆ ਜਾਣਾ। ਆਪਣੇ ਪੰਜਾਬ ਦੀ ਧਰਤੀ ਤੇ ਆਸਮਾਨ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਅਤੇ ਪਿਆਰੇ ਸਿੱਖਾਂ ਦੀ ਕੁਰਬਾਨੀ ਦੀਆਂ ਗੂੰਜਾਂ ਪੈਂਦੀਆਂ ਨੇ। ਇਹ ਸਮਾਂ ਇਹੋ ਜਿਹਾ ਹੁੰਦਾ ਕਿ ਹਰ ਬੰਦੇ ਦਾ ਸਿਰ ਝੁਕਦਾ, ਅੱਖਾਂ ਛਲਕਦੀਆਂ ਨੇ। ਬੱਚਿਆਂ ਨੂੰ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਚਾਰ ਸਾਹਿਬਜ਼ਾਦਿਆਂ ਦੇ ਹੌਸਲੇ ਤੇ ਕੁਰਬਾਨੀ ਬਾਰੇ ਦੱਸ ਕੇ ਉਨ੍ਹਾਂ ਅੰਦਰ ਹੋਰ ਜਾਣਨ ਦੀ ਇੱਛਾ ਜਗਾਈ ਜਾ ਸਕਦੀ ਹੈ। ਇਨ੍ਹਾਂ ਦਿਨਾਂ ਵਿੱਚ ਬੱਚਿਆਂ ਦੀ ਜਾਣਨ ਦੀ ਇੱਛਾ ਵੀ ਵਧਦੀ ਹੈ ਅਤੇ ਉਨ੍ਹਾਂ ਦੀ ਇਹ ਰੁਚੀ ਹੋਰ ਵੀ ਪ੍ਰਬਲ ਕੀਤੀ ਜਾ ਸਕਦੀ ਹੈ। ਬੱਚੇ ਆਪਣੇ ਮਾਣਮੱਤੇ ਇਤਿਹਾਸ ਬਾਰੇ ਜਾਣਨਗੇ। ਇਹੀ ਗੱਲਾਂ ਇਨ੍ਹਾਂ ਅੰਦਰ ਤਾਕਤ ਭਰਨਗੀਆਂ।’’
‘‘ਰੀਤ! ਤੂੰ ਕਿਹੜੀ ਦੁਨੀਆ ਤੋਂ ਆਈ ਹੋਈ ਏਂ?’’ ਸੁਖਮੀਤ ਨੇ ਨਿਰਮਲ ਜਿਹੇ ਭਾਵ ਨਾਲ ਪੁੱਛਿਆ।
‘‘ਦੁਨੀਆ ਤਾਂ ਇੱਕੋ ਹੈ ਜੀ। ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਹੋ ਜਾਂਦੀ ਹੈ। ਕੋਈ ਨਾ... ਫ਼ਿਕਰ ਨਾ ਕਰ.... ਮੈਨੂੰ ਲੱਗਦੈ ਤੂੰ ਵੀ ਛੇਤੀ ਹੀ ਮੇਰੇ ਵਾਲੀ ਦੁਨੀਆ ਵਿੱਚ ਪਹੁੰਚ ਜਾਵੇਂਗੀ।’’
‘‘ਰੱਬ ਕਰੇ ਏਦਾਂ ਈ ਹੋਵੇ। ਤੂੰ ਆਪਣੀ ਗੱਲ ਪੂਰੀ ਕਰ। ਮੈਂ ਤਾਂ ਐਵੇਂ ਈ ਵਿੱਚੋਂ ਟੋਕ ਦਿੱਤਾ।’’ ਉਹ ਬੋਲੀ।
‘‘ਬਸ ਇਹੋ ਆਖਣਾ ਸੀ ਕੋਈ ਵੀ ਦਿਨ ਤਿਓਹਾਰ ਹੋਵੇ। ਕੋਈ ਪ੍ਰਕਾਸ਼ ਪੁਰਬ, ਕੋਈ ਸ਼ਹੀਦੀ ਦਿਹਾੜਾ, ਕਿਸੇ ਮਹਾਨ ਇਨਸਾਨ ਦਾ ਕੋਈ ਦਿਹਾੜਾ ਇਹ ਕੁਦਰਤੀ ਗੱਲ ਹੈ ਕਿ ਉਸ ਸਮੇਂ ਉਸ ਸ਼ਖ਼ਸੀਅਤ ਬਾਰੇ ਜਾਣਨ ਦੀ ਇੱਛਾ ਪ੍ਰਬਲ ਹੁੰਦੀ ਹੈ। ਧਰਤੀ, ਆਸਮਾਨ, ਹਵਾਵਾਂ, ਪਾਣੀ, ਪਸ਼ੂ ਪੰਛੀ ਸਭ ਸ਼ਰਧਾ ਨਾਲ ਓਤ ਪ੍ਰੋਤ ਉਨ੍ਹਾਂ ਰੂਹਾਂ ਦਾ ਗੁਣਗਾਨ ਕਰਦੇ ਪ੍ਰਤੀਤ ਹੁੰਦੇ ਨੇ। ਇਸ ਸਮੇਂ ਬੱਚਿਆਂ ਦੀ ਰੁਚੀ ਵਧਾਈ ਜਾ ਸਕਦੀ ਹੈ।’’ ਰੀਤ ਨੇ ਘੜੀ ਵੱਲ ਨਿਗ੍ਹਾ ਮਾਰਦਿਆਂ ਕਿਹਾ, ‘‘ਚੱਲ ਠੀਕ ਐ.... ਮਿਲਦੇ ਆਂ ਕਦੇ...ਛੇਤੀ ਹੀ।’’
***
ਸੁਖਮੀਤ ਛੁੱਟੀ ਵਾਲੇ ਦਿਨ ਬੱਚਿਆਂ ਨੂੰ ਲੈ ਕੇ ਆ ਜਾਂਦੀ। ਬੱਚੇ ਵੀ ਖ਼ੁਸ਼ ਹੁੰਦੇ ਅਤੇ ਉਹ ਆਪ ਵੀ ਸਕੂਨ ਮਹਿਸੂਸ ਕਰਦੀ। ਇਸ ਤੋਂ ਬਾਅਦ ਕਈ ਦਿਨ ਨਾ ਸੁਖਮੀਤ ਆਈ ਨਾ ਹੀ ਬੱਚੇ। ਰੀਤ ਨੇ ਫੋਨ ਕਰਕੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦੇ ਘਰ ਉਸ ਦੀ ਨਣਦ ਕੁਲਜੀਤ ਅਤੇ ਉਸ ਦੇ ਬੱਚੇ ਆਏ ਹੋਏ ਹਨ, ਇਸ ਲਈ ਨਹੀਂ ਆ ਸਕੇ। ਇੱਕ ਦਿਨ ਰੀਤ ਨੇ ਜਾਣ ਦਾ ਮਨ ਬਣਾਇਆ। ਉਸ ਦਾ ਪਤੀ ਘਰ ਸੀ ਉਹ ਬੱਚਿਆਂ ਨੂੰ ਘਰ ਹੀ ਪਤੀ ਕੋਲ ਛੱਡ ਗਈ ਅਤੇ ਖ਼ੁਦ ਸੁਖਮੀਤ ਨੂੰ ਮਿਲਣ ਚਲੀ ਗਈ। ਸੁਖਮੀਤ ਉਸ ਨੂੰ ਦੇਖ ਕੇ ਬੜੀ ਖ਼ੁਸ਼ ਹੋਈ। ਉਸ ਦੇ ਘਰ ਬੜੀ ਰੌਣਕ ਲੱਗੀ ਹੋਈ ਸੀ।
‘‘ਭੈਣ ਜੀ, ਤੁਸੀਂ ਤਾਂ ਸਾਡੇ ਘਰ ਦਾ ਮਾਹੌਲ ਹੀ ਬਦਲ ਦਿੱਤਾ। ਮੇਰੇ ਕੋਲ ਸ਼ਬਦ ਨਹੀਂ ਤੁਹਾਡਾ ਧੰਨਵਾਦ ਕਰਨ ਲਈ।’’ ਦਿਲਜੀਤ ਨੇ ਹੱਥ ਜੋੜਦਿਆਂ ਆਖਿਆ। ਨਵਰੀਤ ਹੈਰਾਨ ਹੋ ਰਹੀ ਸੀ ਅਤੇ ਖ਼ੁਸ਼ ਵੀ ਸੀ। ਸੁਖਮੀਤ ਉਸ ਦਾ ਹੱਥ ਫੜ ਕੇ ਅੰਦਰ ਲੈ ਗਈ। ਨਵੀਆਂ ਕਿਤਾਬਾਂ ਦਿਖਾਈਆਂ ਜੋ ਉਸ ਨੇ ਦਿਲਜੀਤ ਤੋਂ ਮੰਗਵਾਈਆਂ ਸਨ।
ਕੁਲਜੀਤ ਦੀ ਬੇਟੀ ਕਿਤਾਬ ਪੜ੍ਹ ਰਹੀ ਸੀ। ਬੇਟਾ ਖਿਡਾਉਣਿਆਂ ਨਾਲ ਖੇਡ ਰਿਹਾ ਸੀ। ਚਿੰਕੀ ਚਿੱਤਰਕਾਰੀ ਕਰ ਰਹੀ ਸੀ। ਨਵਰੀਤ ਬੜੀ ਹੈਰਾਨ ਹੋ ਰਹੀ ਸੀ। ਜਿਸ ਕਮਰੇ ਨੂੰ ਸੁਖਮੀਤ ਨੇ ਰੰਗ ਬਿਰੰਗੇ ਖਿਡਾਉਣੇ ਅਤੇ ਫੁੱਲਦਾਨਾਂ ਨਾਲ ਸਜਾਇਆ ਹੋਇਆ ਸੀ। ਉਸ ਵਿੱਚੋਂ ਨਕਲੀ ਫੁੱਲ ਬੂਟੇ ਗਾਇਬ ਸਨ। ਬੱਚਿਆਂ ਦਾ ਸਾਮਾਨ ਕਿਤਾਬਾਂ, ਕਾਪੀਆਂ, ਰੰਗ, ਪੈੱਨ, ਪੈਨਸਿਲਾਂ ਪਈਆਂ ਸਨ। ਸੁਖਮੀਤ ਤਾਂ ਇਸ ਕਮਰੇ ਵਿੱਚ ਛੇਤੀ ਕੀਤਿਆਂ ਕਿਸੇ ਨੂੰ ਵੜਨ ਨਹੀਂ ਸੀ ਦਿੰਦੀ। ਹਮੇਸ਼ਾ ਸਜਾ ਕੇ ਰੱਖਦੀ ਸੀ, ਪਰ ਅੱਜ ਬੱਚੇ ਵੀ ਉਸੇ ਕਮਰੇ ਵਿੱਚ ਬੈਠੇ ਸਨ। ਰੀਤ ਨੂੰ ਹੈਰਾਨ ਹੁੰਦਿਆਂ ਦੇਖ ਕੇ ਸੁਖਮੀਤ ਮੁਸਕਰਾਉਂਦਿਆਂ ਬੋਲੀ, ‘‘ਮੈਨੂੰ ਲੱਗਦਾ ਐ ਨਕਲੀ ਫੁੱਲ ਰੱਖਣ ਨਾਲੋਂ ਚੰਗੀਆਂ ਕਿਤਾਬਾਂ ਰੱਖਣੀਆਂ ਉੱਤਮ ਨੇ, ਇਹ ਜ਼ਿੰਦਗੀ ਵਿੱਚ ਅਸਲੀ ਮਹਿਕਾਂ ਖਿਲਾਰਦੀਆਂ ਨੇ... ਇਹ ਵਧੀਆ ਸੌਦਾ ਐ।’’ ਸੁਖਮੀਤ ਨੇ ਸ਼ਰਾਰਤ ਨਾਲ ਰੀਤ ਵੱਲ ਦੇਖਿਆ। ਦੋਵੇਂ ਹੱਸ ਪਈਆਂ।

Advertisement

ਸੰਪਰਕ: 98767-14004

Advertisement
Advertisement