For the best experience, open
https://m.punjabitribuneonline.com
on your mobile browser.
Advertisement

ਸਬਜ਼ੀਆਂ ਲਈ ਬੀਜ ਉਤਪਾਦਨ

11:36 AM Aug 24, 2024 IST
ਸਬਜ਼ੀਆਂ ਲਈ ਬੀਜ ਉਤਪਾਦਨ
Advertisement

ਅੰਜੂ ਬਾਲਾ/ਅਮਰਜੀਤ ਸਿੰਘ*
ਪੰਜਾਬ ਵਿੱਚ ਖੇਤੀ ਵੰਨ ਸਵੰਨਤਾ ਲਈ ਸਬਜ਼ੀਆਂ ਦੀ ਕਾਸ਼ਤ ਅਹਿਮ ਵਿਕਲਪ ਹੈ। ਸਾਨੂੰ ਨਾ ਕੇਵਲ ਵਧਦੀ ਆਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਹੀ ਸਬਜ਼ੀਆਂ ਦੀ ਕਾਸ਼ਤ ਹੇਠ ਰਕਬਾ ਵਧਾਉਣ ਦੀ ਲੋੜ ਹੈ ਬਲਕਿ ਦਿਨੋਂ-ਦਿਨ ਵਧ-ਫੁਲ ਰਹੀ ਪ੍ਰਾਸੈਸਿੰਗ ਸਨਅਤ, ਬੀਜ ਉਤਪਾਦਨ ਅਤੇ ਨਿਰਯਾਤ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਜ਼ਰੂਰੀ ਹੈ। ਇਨ੍ਹਾਂ ਮੰਤਵਾਂ ਨੂੰ ਪੂਰਾ ਕਰਨ ਲਈ ਅਤੇ ਗੁਣਵੱਤਾ ਭਰਪੂਰ ਸਬਜ਼ੀਆਂ ਦੇ ਉਤਪਾਦਨ ਲਈ ਸੁਧਰੇ ਅਤੇ ਉੱਤਮ ਬੀਜਾਂ ਦੀ ਮੰਗ ਹਮੇਸ਼ਾ ਹੀ ਰਹਿੰਦੀ ਹੈ। ਸਬਜ਼ੀਆਂ ਦੇ ਉੱਤਮ, ਸੁਧਰੇ ਅਤੇ ਬਿਮਾਰੀ ਰਹਿਤ ਬੀਜ ਤਿਆਰ ਕਰਨ ਲਈ ਸਬਜ਼ੀ ਫ਼ਸਲਾਂ ਨੂੰ ਰੋਗ ਮੁਕਤ ਰੱਖਣਾ ਜ਼ਰੂਰੀ ਹੈ। ਇਸ ਲਈ ਬੀਜ ਦਾ ਵਧੇਰੇ ਝਾੜ ਲੈਣ ਲਈ ਬਿਮਾਰੀਆਂ ਦੀ ਰੋਕਥਾਮ ਜ਼ਰੂਰੀ ਹੈ।
ਮਿਰਚ-
ਫਲ ਗਲਣਾ ਅਤੇ ਟਹਿਣੀਆਂ ਦਾ ਸੁੱਕਣਾ: ਇਹ ਮਿਰਚਾਂ ਦਾ ਬਹੁਤ ਭਿਆਨਕ ਰੋਗ ਹੈ ਅਤੇ ਜੁਲਾਈ-ਅਗਸਤ ਦੇ ਮਹੀਨੇ ਬਰਸਾਤਾਂ ਦੌਰਾਨ ਹਮਲਾ ਕਰਦਾ ਹੈ। ਫਲ ਦੇ ਗਲਣ ਨਾਲ ਬੀਜ ਉਤਪਾਦਨ ’ਤੇ ਬਹੁਤ ਮਾੜਾ ਅਸਰ ਹੁੰਦਾ ਹੈ ਤੇ ਢੋਆ-ਢੁਆਈ ਦੌਰਾਨ ਵੀ। ਪੂਰੀ ਤਰਾਂ ਪੱਕ ਕੇ ਤਿਆਰ ਲਾਲ ਰੰਗ ਦੀ ਮਿਰਚ ਤੇ ਕਾਲੇ ਕਿਨਾਰਿਆਂ ਵਾਲੇ ਗੋਲ ਜਾਂ ਅੰਡਾਕਾਰ ਅੰਦਰ ਧਸੇ ਹੋਏ ਧੱਬੇ ਦਿਖਾਈ ਦਿੰਦੇ ਹਨ। ਇਨ੍ਹਾਂ ਧੱਬਿਆਂ ਦੇ ਦੁਆਲੇ ਬਾਰੀਕ ਕਾਲੇ ਰੰਗ ਦੇ ਉੱਲੀ ਦੇ ਕਣ ਗੋਲ ਧਾਰਿਆਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ। ਬਿਮਾਰੀ ਵਾਲੇ ਫਲ ਜਲਦੀ ਡਿੱਗ ਜਾਂਦੇ ਹਨ। ਮਿਰਚਾਂ ਪੱਕਣ ਸਮੇਂ ਬੂਟਿਆਂ ਦੀਆਂ ਕਰੂੰਬਲਾਂ ਉੱਪਰੋਂ ਹੇਠਾਂ ਵੱਲ ਨੂੰ ਸੁੱਕਣਾ ਸ਼ੁਰੂ ਹੋ ਜਾਂਦੀਆਂ ਹਨ। ਪੌਦਾ ਉੱਪਰੋਂ ਪੂਰਾ ਮਰ ਵੀ ਸਕਦਾ ਹੈ। ਪੌਦੇ ਦੀ ਬਿਮਾਰ ਸ਼ਾਖਾ ਉੱਪਰ ਵੀ ਕਾਲੇ ਧੱਬੇ ਪੈ ਜਾਂਦੇ ਹਨ।
ਰੋਕਥਾਮ/ਪ੍ਰਬੰਧ:
• ਬਿਮਾਰੀ ਰਹਿਤ ਬੀਜ ਦੀ ਵਰਤੋਂ ਕਰੋ ਅਤੇ ਬਿਜਾਈ ਤੋਂ ਪਹਿਲੋਂ ਥੀਰਮ 2 ਗ੍ਰਾਮ ਪ੍ਰਤੀ ਕਿਲੋ ਬੀਜ ਦੀ ਮਾਤਰਾ ਅਨੁਸਾਰ ਬੀਜ ਸੋਧ ਕਰ ਲਓ।
• ਫ਼ਸਲ ’ਤੇ ਜੁਲਾਈ ਦੇ ਪਹਿਲੇ ਹਫ਼ਤੇ ਇੰਡੋਫਿਲ ਐਮ-45 ਜਾਂ ਬਲਾਈਟੌਕਸ 750 ਗ੍ਰਾਮ 250 ਲਿਟਰ ਪਾਣੀ ’ਚ ਘੋਲ ਕੇ ਛਿੜਕਾਅ ਵੀ ਕੀਤਾ ਜਾ ਸਕਦਾ ਹੈ ਜੋ 10-10 ਦਿਨ ਦੇ ਵਕਫ਼ੇ ’ਤੇ ਤਿੰਨ ਵਾਰ ਦੁਹਰਾਇਆ ਜਾ ਸਕਦਾ ਹੈ।
ਸਲ੍ਹਾਬ ਨਾਲ ਗਲਣਾ: ਇਹ ਬਿਮਾਰੀ ਜੁਲਾਈ ਅਤੇ ਅਗਸਤ ਦੌਰਾਨ ਜ਼ਿਆਦਾ ਭਿਆਨਕ ਰੂਪ ਵਿੱਚ ਆਉਂਦੀ ਹੈ। ਇਸ ਬਿਮਾਰੀ ਦੇ ਉੱਲੀ ਦੇ ਕਣ ਕੋਮਲ ਸ਼ਾਖਾਵਾਂ, ਫੁੱਲਾਂ ਉੱਤੇ ਅਤੇ ਹਰੀਆਂ ਮਿਰਚਾਂ ’ਤੇ ਹਮਲਾ ਕਰਦੇ ਹਨ। ਬੂਟੇ ਦਾ ਪ੍ਰਭਾਵਿਤ ਹਿੱਸਾ ਗਲ ਜਾਂਦਾ ਹੈ। ਉੱਲੀ ਦਾ ਵਾਧਾ ਕਾਲੇ ਬਿੰਦੂਆਂ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਬਿਮਾਰੀ ਉੱਪਰੋਂ ਹੇਠਾਂ ਵੱਲ ਨੂੰ ਫੈਲਦੀ ਹੈ। ਪ੍ਰਭਾਵਿਤ ਪੌਦਾ ਪਿਲਪਿਲਾ ਹੋ ਜਾਂਦਾ ਹੈ। ਹਰੀਆਂ ਮਿਰਚਾਂ ਪੋਲੀਆਂ ਪੈ ਜਾਂਦੀਆਂ ਹਨ ਅਤੇ ਉਨ੍ਹਾਂ ਉੱਪਰ ਮਣਕਿਆਂ ਵਰਗੇ ਕਾਲੇ ਦਾਗ ਨਜ਼ਰ ਆਉਂਦੇ ਹਨ। ਭਾਰੀ ਮੀਂਹ ਤੋਂ ਬਾਅਦ ਪੈਦਾ ਹੋਣ ਵਾਲਾ ਗਰਮ ਅਤੇ ਸਿੱਲ੍ਹਾ ਵਾਤਾਵਰਨ ਇਸ ਬਿਮਾਰੀ ਦੇ ਵਾਧੇ ਲਈ ਅਨੁਕੂਲ ਹੁੰਦਾ ਹੈ।
ਰੋਕਥਾਮ/ਪ੍ਰਬੰਧ: ਫਲ ਗਲਣ ਅਤੇ ਟਹਿਣੀਆਂ ਦੇ ਸੁੱਕਣ ਦੇ ਰੋਗ ਅਨੁਸਾਰ ਹੀ ਇਸ ਰੋਗ ਦੀ ਰੋਕਥਾਮ ਕੀਤੀ ਜਾਵੇ।
ਠੂਠੀ ਰੋਗ: ਇਹ ਮਿਰਚਾਂ ਦੀ ਬਹੁਤ ਆਮ ਬਿਮਾਰੀ ਹੈ। ਇਸ ਬਿਮਾਰੀ ਦੇ ਮੁੱਖ ਲਛੱਣ ਪੱਤਿਆਂ ਦਾ ਹੇਠਾਂ ਵੱਲ ਨੂੰ ਮੁੜ ਜਾਣਾ ਅਤੇ ਛੋਟੇ ਪੈ ਜਾਣਾ ਹੁੰਦਾ ਹੈ। ਪ੍ਰਭਾਵਿਤ ਬੂਟੇ ਬੌਨੇ ਰਹਿ ਜਾਂਦੇ ਹਨ ਅਤੇ ਝਾੜੀਆਂ ਵਰਗੇ ਬਣ ਜਾਂਦੇ ਹਨ। ਫਲ ਜਾਂ ਤਾਂ ਪੈਂਦਾ ਹੀ ਨਹੀਂ, ਜੇ ਪੈ ਵੀ ਜਾਵੇ ਤਾਂ ਬਹੁਤ ਛੋਟਾ ਅਤੇ ਬੇਢਬਾ ਹੋ ਜਾਂਦਾ ਹੈ। ਇਹ ਰੋਗ ਚਿੱਟੀ ਮੱਖੀ ਰਾਹੀਂ ਫੈਲਦਾ ਹੈ।
ਰੋਕਥਾਮ/ਪ੍ਰਬੰਧ: ਰੋਗੀ ਪੌਦੇ ਦਿਖਾਈ ਦਿੰਦੇ ਸਾਰ ਹੀ ਖੇਤ ਵਿੱਚੋਂ ਬਾਹਰ ਕੱਢ ਕੇ ਸਾੜ ਦਿਓ ਜਾਂ ਡੂੰਘੇ ਦੱਬ ਦਿਓ। ਚਿੱਟੀ ਮੱਖੀ ਦੀ ਰੋਕਥਾਮ ਲਈ 400 ਮਿਲੀਲਿਟਰ ਮੈਲਾਥੀਆਨ (50 ਤਾਕਤ), 100-125 ਲਿਟਰ ਪਾਣੀ ਵਿੱਚ ਘੋਲ ਕੇ 15-20 ਦਿਨਾਂ ਦੇ ਵਕਫ਼ੇ ਨਾਲ ਛਿੜਕਾਅ ਕਰੋ।
ਚਿਤਕਵਰਾ ਰੋਗ: ਪੱਤਿਆਂ ਉੱਪਰ ਗੂੜੇ ਹਰੇ ਅਤੇ ਹਲਕੇ ਹਰੇ ਰੰਗ ਦੇ ਚਟਾਕ ਨਜ਼ਰ ਆਉਂਦੇ ਹਨ। ਪੱਤੇ ਛੋਟੇ ਅਤੇ ਬੇਢੰਗੇ ਹੋ ਕੇ ਪੀਲੇ ਪੈ ਜਾਂਦੇ ਹਨ।
ਰੋਕਥਾਮ: ਰੋਗੀ ਬੂਟਿਆਂ ਨੂੰ ਪੁੱਟ ਕੇ ਨਸ਼ਟ ਕਰੋ। ਬੀਜ ਰੋਗ ਰਹਿਤ ਪੌਦਿਆਂ ਤੋਂ ਹੀ ਲਓ। ਇਹ ਰੋਗ ਤੇਲੇ ਨਾਲ ਫੈਲਦਾ ਹੈ, ਇਸ ਲਈ ਤੇਲੇ ਦੀ ਰੋਕਥਾਮ ਲਈ 400 ਮਿਲੀਲਿਟਰ ਦੇ 15-20 ਦਿਨ ’ਤੇ ਮੈਲਾਥਿਓਨ ਦਵਾਈ 100-125 ਲਿਟਰ ਪਾਣੀ ਵਿਚ ਘੋੋਲ ਕੇ 15-20 ਦਿਨਾਂ ਦੇ ਵਕਫ਼ੇ ਨਾਲ ਛਿੜਕਾਅ ਕਰੋ।
ਭਿੰਡੀ-
ਪੀਲੀਆ: ਇਹ ਇੱਕ ਵਿਸ਼ਾਣੂ ਰੋਗ ਹੈ ਅਤੇ ਬਰਸਾਤਾਂ ਦੇ ਮੌਸਮ ਵਿੱਚ ਗੰਭੀਰ ਰੂਪ ਵਿੱਚ ਫੈਲਦਾ ਹੈ। ਜੇ ਇਸ ਰੋਗ ਦਾ ਹਮਲਾ ਅਗੇਤਾ ਹੀ ਹੋ ਜਾਵੇ ਤਾਂ ਭਾਰੀ ਨੁਕਸਾਨ ਹੁੰਦਾ ਹੈ। ਸਾਰੀਆਂ ਨਾੜਾਂ ਅਤੇ ਸ਼ਾਖਾਵਾਂ ਪੀਲੀਆਂ ਪੈ ਜਾਂਦੀਆਂ ਹਨ। ਗੰਭੀਰ ਰੋਗ ਵਿੱਚ ਪੂਰੇ ਪੱਤੇ ਹੀ ਪੀਲੇ ਪੈ ਜਾਂਦੇ ਹਨ। ਪ੍ਰਭਾਵਿਤ ਪੌਦੇ ਉੱਪਰ ਫਲ ਘੱਟ, ਪੀਲੇ, ਬੇਢਬੇ ਅਤੇ ਸਖ਼ਤ ਲਗਦੇ ਹਨ। ਇਹ ਰੋਗ ਚਿੱਟੀ ਮੱਖੀ ਰਾਹੀਂ ਫੈਲਦਾ ਹੈ।
ਰੋਕਥਾਮ/ਪ੍ਰਬੰਧ:
• ਇਸ ਬਿਮਾਰੀ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਜਿਵੇਂ ਕਿ ਪੰਜਾਬ-7, ਪੰਜਾਬ-8, ਪਦਮਨੀ ਤੇ ਪੀਓਐੱਲ 6 ਬੀਜੋ।
• ਚਿੱਟੀ ਮੱਖੀ ਦੀ ਰੋਕਥਾਮ ਲਈ 560 ਮਿਲੀਲਿਟਰ ਮੈਲਾਥੀਆਨ (50 ਤਾਕਤ), 100-125 ਲਿਟਰ ਪਾਣੀ ਵਿੱਚ ਘੋਲ ਕੇ 15-20 ਦਿਨਾਂ ਦੇ ਵਕਫ਼ੇ ਨਾਲ ਛਿੜਕਾਅ ਕਰੋ।
• ਖੇਤ ਦੇ ਆਲੇ-ਦੁਆਲਿਓਂ ਨਦੀਨਾਂ ਦਾ ਸਫ਼ਾਇਆ ਕਰੋ।
ਪੱਤਿਆ ਦੇ ਧੱਬਿਆਂ ਦਾ ਰੋਗ: ਬੀਜ ਉਤਪਾਦਨ ਲਈ ਰੱਖੀ ਗਈ ਫ਼ਸਲ ਉੱਪਰ ਵਾਤਾਵਰਨ ਵਿੱਚ ਬਰਸਾਤਾਂ ਕਰ ਕੇ ਸਿਲ੍ਹ ਦੇ ਕਾਰਨ ਇਹ ਰੋਗ ਗੰਭੀਰ ਰੂਪ ਵਿੱਚ ਲਗਦਾ ਹੈ। ਪੱਤਿਆਂ ਦੀਆਂ ਨਾੜਾਂ ਦੇ ਨਾਲ ਭੂਰੇ ਅਤੇ ਕਾਲੇ ਰੰਗ ਦੇ ਧੱਬੇ ਪੈ ਜਾਂਦੇ ਹਨ। ਪੱਤਿਆਂ ਦੇ ਹੇਠਲੇ ਪਾਸੇ ਕਾਲੇ ਰੰਗ ਦੀ ਉੱਲੀ ਜੰਮ੍ਹ ਜਾਂਦੀ ਹੈ। ਪੁਰਾਣੇ ਧੱਬੇ ਆਪਸ ਮਿਲ ਜਾਂਦੇ ਹਨ ਅਤੇ ਪੱਤਾ ਮੁਰਝਾ ਕੇ ਜਲਦੀ ਡਿਗ ਜਾਂਦਾ ਹੈ।
ਰੋਕਥਾਮ/ਪ੍ਰਬੰਧ:
• ਖੇਤ ਵਾਹ ਕੇ ਰਹਿੰਦ-ਖੂੰਹਦ ਨੂੰ ਨਸ਼ਟ ਕਰ ਦਿਓ।
• ਬਿਮਾਰੀ ਦੇ ਲੱਛਣ ਨਜ਼ਰ ਆਉਂਦੇ ਹੀ 200 ਗ੍ਰਾਮ ਬਵਿਸਟਨ ਪ੍ਰਤੀ ਏਕੜ ਦੀ ਦਰ ’ਤੇ 200 ਲਿਟਰ ਪਾਣੀ ਵਿੱਚ ਘੋਲ ਕੇ 14 ਦਿਨ ਦੇ ਵਕਫ਼ੇ ’ਤੇ ਤਿੰਨ ਵਾਰ ਛਿੜਕਾਅ ਕਰ ਕੇ ਵੀ ਇਸ ਰੋਗ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
ਬੈਂਗਣ-
ਝੁਲਸ ਰੋਗ: ਇਹ ਬੈਂਗਣ ਦੀ ਅਕਸਰ ਹੀ ਦੇਖੀ ਜਾਣ ਵਾਲੀ ਬਿਮਾਰੀ ਹੈ ਜੋ ਜੇ ਫਲਾਂ ਉੱਪਰ ਹਮਲਾ ਕਰੇ ਤਾਂ ਭਾਰੀ ਨੁਕਸਾਨ ਹੁੰਦਾ ਹੈ। ਪੱਤਿਆਂ ਉੱਪਰ ਪਹਿਲਾਂ ਛੋਟੇ ਛੋਟੇ ਗੋਲਾਕਾਰ ਭੂਰੇ ਧੱਬੇ ਨਜ਼ਰ ਆਉਂਦੇ ਹਨ ਜੋ ਕਿ ਬਾਅਦ ਵਿੱਚ ਹਲਕੇ ਰੰਗ ਦੇ ਕੇਂਦਰ ਵਾਲੇ ਗੂੜ੍ਹੇ ਭੁਰੇ ਧੱਬਿਆਂ ਵਿਚ ਤਬਦੀਲ ਹੋ ਜਾਂਦੇ ਹਨ।
ਰੋਕਥਾਮ/ਪ੍ਰਬੰਧ:
• ਬੀਜ ਹਮੇਸ਼ਾਂ ਤੰਦਰੁਸਤ ਪੌਦਿਆਂ ਤੋਂ ਹੀ ਲਓ।
• ਇਸ ਬਿਮਾਰੀ ਦੀ ਉੱਲੀ ਦੇ ਕਣ ਪੌਦਿਆਂ ਦੀ ਰਹਿੰਦ-ਖੂੰਹਦ ਉੱਪਰ ਵੀ ਜਿਊਂਦੇ ਰਹਿੰਦੇ ਹਨ, ਇਸ ਲਈ ਰਹਿੰਦ-ਖੂੰਹਦ ਖੇਤ ਵਿੱਚੋਂ ਕੱਢ ਕੇ ਨਸ਼ਟ ਕਰ ਦੇਣੀ ਚਾਹੀਦੀ ਹੈ।
• ਬਿਜਾਈ ਤੋਂ ਪਹਿਲਾਂ 3 ਗ੍ਰਾਮ ਥੀਰਮ ਜਾਂ ਕਪਤਾਨ ਨਾਲ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਬੀਜ ਸੋਧ ਕਰ ਲੈਣੀ ਚਾਹੀਦੀ ਹੈ।
• ਜਿਵੇਂ ਹੀ ਇਸ ਬਿਮਾਰੀ ਦੇ ਲੱਛਣ ਖੇਤ ਵਿੱਚ ਨਜ਼ਰ ਆਉਣ, ਫਸਲ ਉੱਪਰ ਜ਼ਿਨਬ ਜਾਈਨੇਵ ਜਾਂ ਜ਼ਿਰਮ 200 ਗ੍ਰਾਮ ਪ੍ਰਤੀ ਏਕੜ ਦੀ ਦਰ ਤੇ 100 ਲਿਟਰ ਪਾਣੀ ਵਿੱਚ ਘੋਲ ਕੇ ਹਫਤੇ-ਹਫਤੇ ਦੇ ਵਕਫੇ ਤੇ ਛਿੜਕਾਅ ਕਰੋ।
*ਬੀਜ ਵਿਭਾਗ, ਪੌਦਾ ਰੋਗ ਵਿਭਾਗ, ਪੀਏਯੂ।

Advertisement

Advertisement
Advertisement
Author Image

sanam grng

View all posts

Advertisement